ਮਕੈਨਿਕ ਦੇ ਕਹਿਣ ''ਤੇ ਸਾਰੀ ਰਾਤ ਚੱਲਦਾ ਰੱਖਿਆ ਮੋਟਰਸਾਈਕਲ ! ਸਵੇਰੇ ਉੱਜੜ ਗਿਆ ਸਾਰਾ ਪਰਿਵਾਰ
Monday, Mar 16, 2026 - 02:33 PM (IST)
ਅਮਰਾਵਤੀ- ਆਂਧਰਾ ਪ੍ਰਦੇਸ਼ ਦੇ ਅੰਨਾਮਈਆ ਜ਼ਿਲ੍ਹੇ ਦੇ ਪੁੰਗਨੂਰ ਕਸਬੇ ਤੋਂ ਇਕ ਬਹੁਤ ਹੀ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਘਰ ਅੰਦਰ ਸਾਰੀ ਰਾਤ ਮੋਟਰਸਾਈਕਲ ਦਾ ਇੰਜਣ ਚੱਲਦਾ ਰਹਿਣ ਕਾਰਨ ਨਿਕਲੇ ਧੂੰਏਂ ਨਾਲ ਦਮ ਘੁੱਟਣ ਕਾਰਨ ਇਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ 70 ਸਾਲਾ ਬਜ਼ੁਰਗ ਰਾਮਚੰਦਰਈਆ, ਉਸ ਦਾ 15 ਸਾਲਾ ਪੋਤਾ ਕਾਰਤਿਕ ਅਤੇ 8 ਸਾਲ ਦੀਆਂ ਦੋ ਜੁੜਵਾਂ ਪੋਤੀਆਂ ਚਰਿਤਾ ਅਤੇ ਚੰਦਨਾ ਸ਼ਾਮਲ ਹਨ।
ਜਾਣਕਾਰੀ ਅਨੁਸਾਰ, ਹੇਅਰ ਸੈਲੂਨ ਚਲਾਉਣ ਵਾਲੇ ਮੁਰਲੀ ਨਾਮਕ ਵਿਅਕਤੀ ਨੇ ਸ਼ਨੀਵਾਰ ਨੂੰ ਆਪਣਾ ਮੋਟਰਸਾਈਕਲ ਮਕੈਨਿਕ ਤੋਂ ਠੀਕ ਕਰਵਾਇਆ ਸੀ। ਮਕੈਨਿਕ ਨੇ ਬਾਈਕ ਦਾ ਬੋਰ ਪਿਸਟਨ ਬਦਲਿਆ ਸੀ ਅਤੇ ਮੁਰਲੀ ਨੂੰ ਸਲਾਹ ਦਿੱਤੀ ਸੀ ਕਿ ਉਹ ਨਵਾਂ ਪਿਸਟਨ ਸੈੱਟ ਕਰਨ ਲਈ ਸਾਰੀ ਰਾਤ ਬਾਈਕ ਦਾ ਇੰਜਣ ਚਾਲੂ ਰੱਖੇ। ਮੁਰਲੀ ਨੇ ਮਕੈਨਿਕ ਦੀ ਗੱਲ ਮੰਨਦਿਆਂ ਘਰ ਦੇ ਅੰਦਰ ਹੀ ਬਾਈਕ ਸਟਾਰਟ ਕਰ ਦਿੱਤੀ ਅਤੇ ਘਰ ਦੀਆਂ ਸਾਰੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਕਰ ਦਿੱਤੇ।
ਮੁਰਲੀ ਅਤੇ ਉਸ ਦੀ ਪਤਨੀ ਰੇਵਤੀ ਘਰ ਦੀ ਛੱਤ 'ਤੇ ਸੌਣ ਲਈ ਚਲੇ ਗਏ, ਜਦਕਿ ਉਸ ਦਾ ਪਿਤਾ ਅਤੇ ਤਿੰਨੇ ਬੱਚੇ ਕਮਰੇ ਦੇ ਅੰਦਰ ਸੌਂ ਰਹੇ ਸਨ। ਖਿੜਕੀਆਂ ਬੰਦ ਹੋਣ ਕਾਰਨ ਬਾਈਕ ਦਾ ਧੂੰਆਂ ਪੂਰੇ ਘਰ 'ਚ ਫੈਲ ਗਿਆ। ਪੁਲਸ ਦੀ ਸ਼ੁਰੂਆਤੀ ਜਾਂਚ ਮੁਤਾਬਕ, ਧੂੰਏਂ 'ਚ ਮੌਜੂਦ ਕਾਰਬਨ ਮੋਨੋਆਕਸਾਈਡ ਕਾਰਨ ਚਾਰਾਂ ਦਾ ਦਮ ਘੁੱਟ ਗਿਆ ਅਤੇ ਉਨ੍ਹਾਂ ਦੀ ਨੀਂਦ 'ਚ ਹੀ ਮੌਤ ਹੋ ਗਈ। ਐਤਵਾਰ ਸਵੇਰੇ ਜਦੋਂ ਪਰਿਵਾਰ ਨੂੰ ਇਸ ਦਾ ਪਤਾ ਲੱਗਾ ਤਾਂ ਹੜਕੰਪ ਮਚ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦਰਦਨਾਕ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
