ਕਰਨਾਟਕ ''ਚ ਵਿਧਾਨ ਸਭਾ ਦੇ ਨਵੇਂ ਚੁਣੇ ਮੈਂਬਰਾਂ ਨੇ ਨਵੇਂ ਅੰਦਾਜ ''ਚ ਚੁੱਕੀ ਸਹੁੰ

Wednesday, May 24, 2023 - 05:12 PM (IST)

ਬੈਂਗਲੁਰੂ- ਸੰਸਦ ਜਾਂ ਵਿਧਾਨ ਸਭਾ ਦੇ ਚੁਣੇ ਜਾਣ ਵਾਲੇ ਨੇਤਾ ਆਮ ਤੌਰ 'ਤੇ ਭਗਵਾਨ ਜਾਂ ਸੰਵਿਧਾਨ ਨੂੰ ਸਾਕਸ਼ੀ ਮੰਨ ਕੇ ਸਹੁੰ ਚੁੱਕਦੇ ਹਨ ਪਰ ਕਰਨਾਟਕ ਵਿਧਾਨ ਸਭਾ 'ਚ ਇਸ ਦੇ ਉਲਟ ਨਵੇਂ ਚੁਣੇ ਵਿਧਾਇਕਾਂ ਨੇ ਦੂਜੇ ਰੋਚਕ ਤਰੀਕਿਆਂ ਨਾਲ ਸਹੁੰ ਚੁੱਕੀ। ਦਾਵਣਗੇਰੇ ਜ਼ਿਲ੍ਹੇ ਦੇ ਚੰਨਾਗਿਰੀ ਸੀਟ ਦੇ ਵਿਧਾਇਕ ਸ਼ਿਵਗੰਗਾ ਬਸਵਰਾਜ ਨੇ ਭਗਵਾਨ ਅਤੇ ਆਪਣੇ ਰਾਜਨੀਤਕ ਗੁਰੂ ਡੀ.ਕੇ. ਸ਼ਿਵ ਕੁਮਾਰ ਦੇ ਨਾਮ 'ਤੇ ਸਹੁੰ ਚੁੱਕੀ। ਸ਼ਿਵ ਕੁਮਾਰ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਹਨ। ਕੁਨਿਗਲ ਵਿਧਾਇਕ ਐੱਚ.ਡੀ. ਰੰਗਨਾਥ ਨੇ ਕਿਸਾਨ ਅਤੇ ਸ਼ਿਵ ਕੁਮਾਰ ਦੇ ਨਾਮ 'ਤੇ ਸਹੁੰ ਚੁੱਕੀ। ਡੀ.ਕੇ. ਸ਼ਿਵ ਕੁਮਾਰ ਨੇ ਖ਼ੁਦ ਆਪਣੇ ਧਾਰਮਿਕ ਗੁਰੂ ਗੰਗਾਧਰ ਅੱਜਾ ਦੇ ਨਾਮ 'ਤੇ ਸਹੁੰ ਚੁੱਕੀ, ਜਿਨ੍ਹਾਂ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਨੂੰ ਭਗਵਾਨ ਮੰਨਦੇ ਹਨ। ਵਿਜੇਪੁਰਾ ਤੋਂ ਭਾਜਪਾ ਦੇ ਵਿਧਾਇਕ ਬਾਸਨਗੌੜਾ ਪਾਟਿਲ (ਯਤਨਾਲ) ਨੇ 'ਹਿੰਦੁਤੱਵ ਅਤੇ ਗਊਮਾਤਾ (ਗਾਂ) ਦੇ ਨਾਮ 'ਤੇ ਸਹੁੰ ਚੁੱਕੀ। ਕਈ ਹੋਰ ਲੋਕਾਂ ਨੇ ਵੀ ਨਵੇਂ ਤਰੀਕੇ ਅਜਮਾਏ। 

ਕਾਂਗਰਸ ਦੀ ਕੇ.ਜੀ.ਐੱਫ. ਵਿਧਾਇਕਾ ਰੂਪਾ ਸ਼ਸ਼ੀਧਰ ਨੇ ਬੁੱਧ, ਬਸਵਾ, ਅੰਬੇਡਕਰ ਅਤੇ ਭਗਵਾਨ ਦੇ ਨਾਮ 'ਤੇ ਸਹੁੰ ਚੁੱਕੀ, ਜਦੋਂ ਕਿ ਮੁਲਬਗਿਲੁ ਤੋਂ ਜੇ.ਡੀ.ਐੱਸ. ਵਿਧਾਇਕ ਸਮਰਿਧੀ ਮੰਜੂਨਾਥ ਨੇ ਪਾਰਟੀ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਦੇ ਨਾਮ 'ਤੇ ਸਹੁੰ ਚੁੱਕੀ। ਦੱਖਣ ਕਨੰੜ ਖੇਤਰ ਤੋਂ ਭਾਜਪਾ ਵਿਧਾਇਕ ਭਾਗੀਰਥੀ ਮੁਰੂਲੀਆ ਨੇ ਆਪਣੇ ਕੁਲ ਦੇਵੀ-ਦੇਵਤਿਆਂ ਦੇ ਨਾਮ 'ਤੇ ਸਹੁੰ ਚੁੱਕੀ। ਦੱਸਣਯੋਗ ਹੈ ਕਿ ਇਸ ਮਹੀਨੇ 224 ਸੀਟਾਂ ਵਾਲੀ ਵਿਧਾਨ ਸਭਾ ਦੀਆਂ ਚੋਣਾਂ 'ਚ ਕਾਂਗਰਸ ਨੂੰ 135 ਸੀਟਾਂ 'ਤੇ ਜਿੱਤ ਮਿਲੀ ਹੈ। ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਸੋਮਵਾਰ ਨੂੰ ਵਿਧਾਇਕਾਂ ਨੂੰ ਸਹੁੰ ਚੁਕਾਈ ਗਈ।


DIsha

Content Editor

Related News