ਪ੍ਰਦੂਸ਼ਣ ਘੱਟ ਕਰਨ ਲਈ ਬੱਸਾਂ 'ਚ ਲੱਗੇਗਾ ਖਾਸ ਫਿਲਟਰ, ਇੰਝ ਕਰੇਗਾ ਕੰਮ
Sunday, Aug 12, 2018 - 03:20 PM (IST)
ਨਵੀਂ ਦਿੱਲੀ (ਏਜੰਸੀ)— ਪ੍ਰਦੂਸ਼ਣ ਤੋਂ ਨਜਿੱਠਣ ਲਈ ਇਕ ਨਵਾਂ ਡਿਵਾਈਸ ਬਣਾਇਆ ਗਿਆ ਹੈ। ਹਵਾ ਵਿਚ ਉੱਡ ਰਹੀ ਧੂੜ ਨੂੰ ਸੋਖਣ ਲਈ ਦਿੱਲੀ ਅਤੇ ਰਾਜਸਥਾਨ ਵਿਚ ਚੱਲਣ ਵਾਲੀਆਂ ਬੱਸਾਂ ਦੀਆਂ ਛੱਤਾਂ 'ਤੇ ਫਿਲਟਰ ਲੱਗਣਗੇ ਅਤੇ ਇਸ ਦਾ ਨਾਮ ਹੋਵੇਗਾ ਪਰਿਆ-ਯੰਤਰ। ਬੱਸ ਦੀ ਉਲਟੀ ਦਿਸ਼ਾ ਤੋਂ ਤੇਜ਼ ਹਵਾ ਨਾਲ ਆ ਰਹੇ ਧੂੜ ਕਣਾਂ ਨੂੰ ਫਿਲਟਰ ਇਕੱਠਾ ਕਰਦਾ ਜਾਵੇਗਾ, ਹਰ ਮਹੀਨੇ ਸਾਫ ਕਰ ਕੇ ਇਸ ਵਿਚ ਇਕੱਠੀ ਹੋਈ ਧੂੜ ਹਟਾਈ ਜਾਵੇਗੀ। ਅਕਤੂਬਰ ਮਹੀਨੇ ਤੋਂ ਦਿੱਲੀ ਵਿਚ 30 ਡੀ.ਟੀ.ਸੀ. ਬੱਸਾਂ ਅਤੇ ਰਾਜਸਥਾਨ ਆਵਾਜਾਈ ਦੀਆਂ 35 ਬੱਸਾਂ ਵਿਚ ਪਾਇਲਟ ਪ੍ਰਾਜੈਕਟ ਦੇ ਰੂਪ ਵਿਚ ਇਹ ਸ਼ੁਰੂ ਹੋਵੇਗਾ। ਪਾਇਲਟ ਪ੍ਰਾਜੈਕਟ ਇਕ ਮਹੀਨੇ ਤੱਕ ਚੱਲੇਗਾ। ਵਾਤਾਵਰਣ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਜੇ ਇਹ ਪਾਇਲਟ ਪ੍ਰਾਜੈਕਟ ਸਫਲ ਰਿਹਾ ਤਾਂ ਬੱਸ ਅਤੇ ਹੋਰ ਗੱਡੀਆਂ ਦੀਆਂ ਛੱਤਾਂ 'ਤੇ ਫਿਲਟਰ ਨੂੰ ਲਾਜ਼ਮੀ ਰੂਪ ਵਿਚ ਲਗਵਾਉਣ ਸਬੰਧੀ ਨਿਯਮ ਬਣਾਇਆ ਜਾਵੇਗਾ।
ਫਰੀਦਾਬਾਦ ਦੀ ਮਨੁੱਖੀ ਰਚਨਾ ਯੂਨੀਵਰਸਿਟੀ ਦੇ ਇੰਜੀਨੀਅਰ ਅਮਿਤ ਕੁਮਾਰ ਨੇ ਪਰਿਆ-ਯੰਤਰ ਵਿਕਸਿਤ ਕੀਤਾ ਹੈ। ਕੇਂਦਰੀ, ਜੰਗਲਾਤ ਅਤੇ ਵਾਤਾਵਰਣ ਮੰਤਰਾਲੇ ਨੇ ਦਿੱਲੀ ਵਿਚ ਅਤੇ ਰਾਜਸਥਾਨ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰਾਜਸਥਾਨ ਵਿਚ ਪਰਿਆ-ਯੰਤਰ ਦੇ ਪਰੀਖਣ ਦੀ ਇਜਾਜ਼ਤ ਦਿੱਤੀ ਹੈ। ਅਮਿਤ ਨੇ ਦੱਸਿਆ ਕਿ ਪਰਿਆ-ਯੰਤਰ ਬਹੁਤ ਮਜ਼ਬੂਤ ਹੈ। ਇਹ ਹਨੇਰੀ-ਤੂਫਾਨ ਅਤੇ ਮੀਂਹ ਵਿਚ ਵੀ ਖਰਾਬ ਨਹੀਂ ਹੋਵੇਗਾ। ਇਕ ਮਹੀਨੇ ਬਾਅਦ ਧੂੜ ਦੀ ਮਾਤਰਾ ਜਾਂਚਣ ਦੇ ਬਾਅਦ ਆਈ.ਆਈ.ਟੀ.-ਦਿੱਲੀ, ਸੀ.ਆਰ.ਆਰ.ਆਈ., ਐੱਨ.ਟੀ.ਪੀ.ਸੀ. ਅਤੇ ਮਨੁੱਖੀ ਰਚਨਾ ਯੂਨੀਵਰਸਿਟੀ ਸਾਂਝੇ ਤੌਰ 'ਤੇ ਆਪਣੀ ਰਿਪੋਰਟ ਤਿਆਰ ਕਰਨਗੀਆਂ। ਉਕਤ ਉਪਾਅ ਦੇ ਇਲਾਵਾ ਇਹ ਤਿੰਨ ਹੋਰ ਉਪਾਅ ਵੀ ਕੀਤੇ ਜਾ ਰਹੇ ਹਨ—
1. ਚੌਰਾਹੇ 'ਤੇ ਲੱਗੇਗਾ ਹਵਾ ਯੰਤਰ
ਦਿੱਲੀ ਵਿਚ ਹਵਾ ਪ੍ਰਦੂਸ਼ਣ ਘੱਟ ਕਰਨ ਦੀ ਦਿਸ਼ਾ ਵਿਚ ਸੀ.ਐੱਸ.ਆਈ.ਆਰ. ਦੀ ਸੰਸਥਾ ਨੀਰੀ (ਨੈਸ਼ਨਲ ਇਨਵਾਇਰਮੈਂਟਲ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ, ਨਾਗਪੁਰ) ਦੇ ਦੋ ਹੋਰ ਪ੍ਰਸਤਾਵਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿਚੋਂ ਇਕ ਹੈ 'ਹਵਾ ਪ੍ਰਾਜੈਕਟ'। ਇਹ ਇਕ ਤਰ੍ਹਾਂ ਦੀ ਮਸ਼ੀਨ ਹੈ ਜਿਸ ਨੂੰ ਬਿੱਜੀ ਅਤੇ ਪ੍ਰਦੂਸ਼ਿਤ ਚੌਰਾਹਿਆਂ 'ਤੇ ਲਗਾਇਆ ਜਾਵੇਗਾ, ਇਹ ਧੂੜ ਕਣਾਂ ਨੂੰ ਸੋਖ ਲਵੇਗੀ।
2. ਉਸਾਰੀ ਅਧੀਨ ਸਾਈਟਾਂ 'ਤੇ ਹੋਵੇਗੀ ਕੈਮੀਕਲ ਸਪ੍ਰੇ ਦੀ ਸ਼ੁਰੂਆਤ
ਦੂਜਾ ਪ੍ਰਸਤਾਵ ਉਸਾਰੀ ਅਧੀਨ ਸਾਈਟਾਂ 'ਤੇ ਕੈਮੀਕਲ ਸਪ੍ਰੇ ਕਰਨ ਦਾ ਹੈ। ਇਸ ਤਰ੍ਹਾਂ ਦਾ ਸਪ੍ਰੇ ਮਾਈਨਿੰਗ ਸਾਈਟਾਂ 'ਤੇ ਪਹਿਲਾਂ ਹੀ ਵਰਤਿਆ ਜਾਂਦਾ ਰਿਹਾ ਹੈ। ਇਹ ਸਪ੍ਰੇ ਕੈਮੀਕਲ ਮੈਗਨੀਸ਼ੀਅਮ ਕਲੋਰਾਈਡ ਹੈ। ਜਲਦੀ ਹੀ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐੱਨ.ਕੈਪ) ਨੂੰ ਵੀ ਅਖੀਰੀ ਰੂਪ ਦੇ ਕੇ ਸਾਰੇ ਰਾਜਾਂ ਨੂੰ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਪ੍ਰਦੂਸ਼ਣ ਦੀ ਰੋਕਥਾਮ ਲਈ ਸਾਰੇ ਰਾਜਾਂ ਦੇ ਟੀਚੇ ਵੀ ਵੱਖ-ਵੱਖ ਤੈਅ ਕੀਤੇ ਜਾ ਰਹੇ ਹਨ।
3. ਅੰਤਮ ਸਸਕਾਰ ਘਰਾਂ ਅਤੇ ਢਾਬਿਆਂ 'ਤੇ ਪ੍ਰਦੂਸ਼ਣ ਰੋਕਣ ਦੇ ਉਪਾਅ
ਨੀਰੀ ਨੇ ਦਿੱਲੀ ਦੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੂੰ ਅੰਤਮ ਸਸਕਾਰ ਘਰਾਂ ਵਿਚ ਪੈਦਾ ਹੋਏ ਧੂੰਏਂ ਨੂੰ ਰੋਕਣ ਲਈ ਸਕਰਬਰ ਅਤੇ ਢਾਬਿਆਂ ਵਿਚ ਵਰਤੋਂ ਲਈ ਖਾਸ ਤਰ੍ਹਾਂ ਦਾ ਤੰਦੂਰ ਦਾ ਡਿਜ਼ਾਈਨ ਸੌਂਪਿਆ ਹੈ। ਇਸ ਉਪਾਅ ਨਾਲ 40 ਫੀਸਦੀ ਪ੍ਰਦੂਸ਼ਣ ਘੱਟ ਹੋਵੇਗਾ।