ਨੇਪਾਲ-ਭਾਰਤ ਦੋਸਤੀ ਸੰਗੀਤ ਪ੍ਰੋਗਰਾਮ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਕਾਠਮੰਡੂ 'ਚ ਹੋਇਆ ਆਯੋਜਿਤ

Monday, Nov 22, 2021 - 04:13 PM (IST)

ਨਵੀਂ ਦਿੱਲੀ : ਨੇਪਾਲ ਵਿੱਚ ਭਾਰਤੀ ਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਸਰਕਾਰ ਦੀ ਪਹਿਲਕਦਮੀ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਹਿੱਸੇ ਵਜੋਂ ਐਤਵਾਰ ਨੂੰ ਇੱਥੇ ਨੇਪਾਲ-ਭਾਰਤ ਅੰਤਰਰਾਸ਼ਟਰੀ ਦੋਸਤੀ ਸੰਗੀਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

ਸੰਗੀਤ ਸਮਾਰੋਹ ਦਾ ਆਯੋਜਨ ਸਵਾਮੀ ਵਿਵੇਕਾਨੰਦ ਕਲਚਰਲ ਸੈਂਟਰ, ਅੰਬੈਸੀ ਆਫ ਇੰਡੀਆ, ਕਾਠਮੰਡੂ ਦੁਆਰਾ ਡੀਏਵੀ ਸੁਸ਼ੀਲ ਕੇਡੀਆ ਵਿਸ਼ਵ ਭਾਰਤੀ ਸਕੂਲ, ਕਾਠਮੰਡੂ ਅਤੇ ਕਲਚਰ ਇੰਡੀਆ ਦੇ ਸਹਿਯੋਗ ਨਾਲ ਕੀਤਾ ਗਿਆ ਸੀ।

ਸਮਾਗਮ ਦਾ ਉਦਘਾਟਨ ਸੀਨੀਅਰ ਰਾਜਨੇਤਾ ਅਤੇ ਨੇਪਾਲ ਦੀ ਡੈਮੋਕ੍ਰੇਟਿਕ ਸੋਸ਼ਲਿਸਟ ਪਾਰਟੀ ਦੇ ਪ੍ਰਧਾਨ ਮਹੰਤ ਠਾਕੁਰ  ਨੇ ਕੀਤਾ ਅਤੇ ਇਸ ਵਿਚ ਡੀਏਵੀ ਸੁਸ਼ੀਲ ਕੇਡੀਆ ਵਿਸ਼ਵ ਭਾਰਤੀ ਸਕੂਲ ਦੇ ਪ੍ਰਧਾਨ ਅਨਿਲ ਕੇਡੀਆ ਅਤੇ ਪਹਿਲੇ ਸਕੱਤਰ (ਪ੍ਰੈੱਸ, ਸੂਚਨਾ ਅਤੇ ਸੱਭਿਆਚਾਰ) ਨਵੀਨ ਕੁਮਾਰ ਨੇ ਸ਼ਿਰਕਤ ਕੀਤੀ।

ਮੁੱਖ ਮਹਿਮਾਨ ਦੇ ਤੌਰ 'ਤੇ ਆਪਣੀ ਟਿੱਪਣੀ ਵਿੱਚ ਠਾਕੁਰ ਨੇ ਭਾਰਤ ਅਤੇ ਨੇਪਾਲ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਅਤੇ ਦੋ ਦੋਸਤਾਨਾ ਗੁਆਂਢੀਆਂ ਵਿਚਕਾਰ ਸਦੀਆਂ ਪੁਰਾਣੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਅਤੇ ਸੰਭਾਲਣ ਵਿੱਚ ਨੌਜਵਾਨ ਕਲਾਕਾਰਾਂ ਅਤੇ ਵਿਦਿਆਰਥੀਆਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ।

ਇਸ ਮੌਕੇ ਬੋਲਦਿਆਂ ਫਸਟ ਸੈਕਟਰੀ (ਪ੍ਰੈੱਸ, ਸੂਚਨਾ ਅਤੇ ਸੱਭਿਆਚਾਰ) ਨਵੀਨ ਕੁਮਾਰ ਨੇ ਭਾਰਤ ਅਤੇ ਨੇਪਾਲ ਦੇ ਕਲਾਕਾਰਾਂ ਦਾ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਆਪਣੀ ਕਲਾ ਰਾਹੀਂ ਜੋੜਨ ਵਿੱਚ ਯੋਗਦਾਨ ਲਈ ਧੰਨਵਾਦ ਕੀਤਾ।

ਭਾਰਤ ਦੇ ਨਾਮਵਰ ਕਲਾਕਾਰਾਂ - ਗਾਇਕਾ ਡਾ. ਰੰਜਨਾ ਝਾਅ, ਡਾਂਸਰ ਯਾਮਿਨੀ ਸ਼ਰਮਾ ਅਤੇ ਰਿਜੁਲਾ ਮਿਸ਼ਰਾ - ਅਤੇ ਨੇਪਾਲ ਦੇ ਸਵਜਨ ਰਘੂਬੰਸ਼ੀ ਗਰੁੱਪ ਨੇ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਭਾਰਤ ਅਤੇ ਨੇਪਾਲ ਵਿੱਚ ਸੀਬੀਐਸਈ ਸਕੂਲਾਂ ਦੇ ਨੌਜਵਾਨ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਅਤੇ  ਬਿਆਨ ਪੜ੍ਹੇ।

ਬਿਆਨ ਵਿੱਚ ਕਿਹਾ ਗਿਆ ਹੈ, "ਇਹ ਸਮਾਗਮ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦਾ ਹਿੱਸਾ ਸੀ, ਜੋ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਜਸ਼ਨ ਨੂੰ ਮਨਾਉਣ ਲਈ ਭਾਰਤ ਸਰਕਾਰ ਦੀ ਇੱਕ ਪਹਿਲਕਦਮੀ ਸੀ।"

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News