ਸਰਕਾਰੀ ਧਨ ਨਾਲ ਬਾਬਰੀ ਮਸਜਿਦ ਬਣਵਾਉਣਾ ਚਾਹੁੰਦੇ ਸਨ ਨਹਿਰੂ: ਰਾਜਨਾਥ

Tuesday, Dec 02, 2025 - 09:42 PM (IST)

ਸਰਕਾਰੀ ਧਨ ਨਾਲ ਬਾਬਰੀ ਮਸਜਿਦ ਬਣਵਾਉਣਾ ਚਾਹੁੰਦੇ ਸਨ ਨਹਿਰੂ: ਰਾਜਨਾਥ

ਵਡੋਦਰਾ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜਨਤਕ ਧਨ ਨਾਲ ‘ਬਾਬਰੀ ਮਸਜਿਦ’ ਬਣਵਾਉਣਾ ਚਾਹੁੰਦੇ ਸਨ ਪਰ ਸਰਦਾਰ ਵੱਲਭ ਭਾਈ ਪਟੇਲ ਨੇ ਉਨ੍ਹਾਂ ਦੀ ਯੋਜਨਾ ਸਫਲ ਨਹੀਂ ਹੋਣ ਦਿੱਤੀ।

ਰਾਜਨਾਥ ਨੇ ਇਹ ਵੀ ਦਾਅਵਾ ਕੀਤਾ ਕਿ ਨਹਿਰੂ ਨੇ ਸੁਝਾਅ ਦਿੱਤਾ ਸੀ ਕਿ ਪਟੇਲ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਯਾਦਗਾਰ ਦੇ ਨਿਰਮਾਣ ਲਈ ਆਮ ਲੋਕਾਂ ਵੱਲੋਂ ਇਕੱਠੇ ਕੀਤੇ ਗਏ ਧਨ ਦੀ ਵਰਤੋਂ ਖੂਹਾਂ ਤੇ ਸੜਕਾਂ ਦੇ ਨਿਰਮਾਣ ਵਾਸਤੇ ਕੀਤੀ ਜਾਣੀ ਚਾਹੀਦੀ ਹੈ।

ਸਰਦਾਰ ਪਟੇਲ ਦੀ 150ਵੀਂ ਜਯੰਤੀ ਦੇ ਸਿਲਸਿਲੇ ’ਚ ਆਯੋਜਿਤ ‘ਏਕਤਾ ਮਾਰਚ’ ਤਹਿਤ ਵਡੋਦਰਾ ਦੇ ਨੇੜੇ ਸਾਧਲੀ ਪਿੰਡ ’ਚ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਰਾਜਨਾਥ ਸਿੰਘ ਨੇ ਪਟੇਲ ਨੂੰ ਇਕ ਸੱਚਾ ਉਦਾਰਵਾਦੀ ਤੇ ਧਰਮ ਨਿਰਪੱਖ ਵਿਅਕਤੀ ਦੱਸਿਆ, ਜੋ ਕਦੇ ਵੀ ਤੁਸ਼ਟੀਕਰਨ ’ਚ ਵਿਸ਼ਵਾਸ ਨਹੀਂ ਕਰਦੇ ਸਨ।

ਕਸ਼ਮੀਰ ਮੁੱਦੇ ਦਾ ਵਰਣਨ ਕਰਦੇ ਹੋਏ ਰਾਜਨਾਥ ਨੇ ਕਿਹਾ ਕਿ ਜੇ ਕਸ਼ਮੀਰ ਦੇ ਰਲੇਵੇਂ ਵੇਲੇ ਪਟੇਲ ਵੱਲੋਂ ਦਿੱਤੇ ਗਏ ਸੁਝਾਅ ਮੰਨੇ ਜਾਂਦੇ ਤਾਂ ਭਾਰਤ ਨੂੰ ਲੰਮੇ ਸਮੇਂ ਤਕ ਕਸ਼ਮੀਰ ਸਮੱਸਿਆ ਨਾਲ ਜੂਝਣਾ ਨਾ ਪੈਂਦਾ। ਉਨ੍ਹਾਂ ਕਿਹਾ ਕਿ ਪਟੇਲ ਹਮੇਸ਼ਾ ਸਮੱਸਿਆਵਾਂ ਦਾ ਹੱਲ ਗੱਲਬਾਤ ਰਾਹੀਂ ਕਰਨ ’ਚ ਵਿਸ਼ਵਾਸ ਕਰਦੇ ਸਨ। ਹਾਲਾਂਕਿ ਜਦੋਂ ਸਾਰੇ ਰਸਤੇ ਬੰਦ ਹੋ ਗਏ ਤਾਂ ਉਹ ਸਖਤ ਰਵੱਈਆ ਅਪਨਾਉਣ ’ਚ ਵੀ ਨਹੀਂ ਝਿਜਕੇ। ਜਦੋਂ ਹੈਦਰਾਬਾਦ ਦੇ ਰਲੇਵੇਂ ਦੀ ਲੋੜ ਪਈ ਤਾਂ ਪਟੇਲ ਨੇ ਉਹੀ ਰਵੱਈਆ ਅਪਣਾਇਆ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਵੀ ‘ਆਪ੍ਰੇਸ਼ਨ ਸਿੰਧੂਰ’ ਰਾਹੀਂ ਇਸ ਪ੍ਰੰਪਰਾ ਨੂੰ ਕਾਇਮ ਰੱਖਿਆ ਹੈ। ‘ਆਪ੍ਰੇਸ਼ਨ ਸਿੰਧੂਰ’ ਰਾਹੀਂ ਭਾਰਤ ਨੇ ਦੁਨੀਆ ਨੂੰ ਵਿਖਾਇਆ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਬਣਦਾ ਜਵਾਬ ਦੇਣ ’ਚ ਸਮਰੱਥ ਹੈ, ਜੋ ਸ਼ਾਂਤੀ ਤੇ ਸਦਭਾਵਨਾ ਦੀ ਭਾਸ਼ਾ ਨਹੀਂ ਸਮਝਦੇ।

ਭਾਰਤ ਸਭ ਤੋਂ ਵੱਡੀ ਸ਼ਕਤੀ ਬਣਨ ਦੀ ਦਿਸ਼ਾ ’ਚ ਅੱਗੇ ਵਧ ਰਿਹੈ
ਰਾਜਨਾਥ ਨੇ ਕਿਹਾ ਕਿ ਆਰਟੀਕਲ 370 ਦੀਆਂ ਜ਼ਿਆਦਾਤਰ ਵਿਵਸਥਾਵਾਂ ਨੂੰ ਹਟਾਉਣਾ ਕੋਈ ਛੋਟੀ ਪ੍ਰਾਪਤੀ ਨਹੀਂ ਸੀ ਅਤੇ ਉਹ ਪ੍ਰਧਾਨ ਮੰਤਰੀ ਮੋਦੀ ਸਨ ਜਿਨ੍ਹਾਂ ਨੇ (ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰ ਕੇ) ਕਸ਼ਮੀਰ ਨੂੰ ਭਾਰਤ ਨਾਲ ਜੋੜ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਤੇਜ਼ੀ ਨਾਲ ਦੁਨੀਆ ਦੀ ਸਭ ਤੋਂ ਵੱਡੀ ਆਰਥਿਕ ਤੇ ਰਣਨੀਤਿਕ ਸ਼ਕਤੀ ਬਣਨ ਦੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ।

ਸਰਦਾਰ ਪਟੇਲ ਦੀ 150ਵੀਂ ਜਯੰਤੀ ਦੇ ਮੌਕੇ ’ਤੇ ਉਨ੍ਹਾਂ ਦੇ ਜਨਮ ਸਥਾਨ ਕਰਮਸਦ (ਆਣੰਦ ਜ਼ਿਲੇ) ਤੋਂ ਨਰਮਦਾ ਜ਼ਿਲੇ ’ਚ ਸਟੈਚੂ ਆਫ ਯੂਨਿਟੀ ਤਕ ਗੁਜਰਾਤ ਸਰਕਾਰ ਵੱਲੋਂ ਆਯੋਜਿਤ ‘ਏਕਤਾ ਪਦਯਾਤਰਾ’ 26 ਨਵੰਬਰ ਨੂੰ ਰਵਾਨਾ ਕੀਤੀ ਗਈ ਸੀ, ਜਿਸ ਦੀ ਸਮਾਪਤੀ 6 ਦਸੰਬਰ ਨੂੰ ਹੋਣੀ ਹੈ।


author

Inder Prajapati

Content Editor

Related News