ਡਾਕਟਰਾਂ ਦੀ ਲਾਪ੍ਰਵਾਹੀ; ਡਿਲਿਵਰੀ ਦੌਰਾਨ ਮਹਿਲਾ ਦੇ ਸਰੀਰ ’ਚ ਛੱਡੀ ਪੱਟੀ, 8 ਦਿਨਾਂ ਬਾਅਦ ਕੱਢੀ
Wednesday, Feb 09, 2022 - 03:49 PM (IST)
ਫਰੀਦਾਬਾਦ (ਅਨਿਲ ਰਾਠੀ)— ਫਰੀਦਾਬਾਦ ਦੇ ਸਿਵਲ ਹਸਪਤਾਲ ’ਚ ਡਾਕਟਰਾਂ ਦੀ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਚੱਲਦੇ ਡਾਕਟਰਾਂ ਨੇ ਡਿਲਿਵਰੀ ਦੌਰਾਨ ਮਹਿਲਾ ਦੇ ਸਰੀਰ ’ਚ ਪੱਟੀ ਛੱਡ ਦਿੱਤੀ ਅਤੇ ਉਸ ਨੂੰ ਕੱਢਣਾ ਹੀ ਭੁੱਲ ਗਏ। ਡਾਕਟਰਾਂ ਦੀ ਇਸ ਲਾਪ੍ਰਵਾਹੀ ਕਾਰਨ ਮਹਿਲਾ ਨੂੰ ਢਿੱਡ ’ਚ ਤਕਲੀਫ਼ ਹੁੰਦੀ ਰਹੀ ਅਤੇ ਕਰੀਬ 8 ਦਿਨਾਂ ਬਾਅਦ ਪੱਟੀ ਨੂੰ ਬਾਹਰ ਕੱਢਿਆ ਗਿਆ। ਆਖ਼ਰਕਾਰ ਪਰਿਵਾਰ ਵਾਲੇ ਮਹਿਲਾ ਨੂੰ ਹਸਪਤਾਲ ਲੈ ਕੇ ਪਹੁੰਚੇ। ਆਪਣੀ ਭੁੱਲ ਨੂੰ ਦੇਖ ਕੇ ਡਾਕਟਰਾਂ ਨੇ ਉਹ ਪੱਟੀ ਕੱਢ ਦਿੱਤੀ। ਹਾਲਾਂਕਿ ਹੁਣ ਪੀੜਤ ਮਹਿਲਾ ਅਤੇ ਪਰਿਵਾਰ ਇਸ ਨੂੰ ਡਾਕਟਰਾਂ ਦੀ ਲਾਪ੍ਰਵਾਹੀ ਦੱਸ ਰਹੇ ਹਨ। ਜਿਸ ਕਾਰਨ ਮਹਿਲਾ ਦੀ ਜਾਨ ਵੀ ਜਾ ਸਕਦੀ ਸੀ। ਸਿਵਲ ਹਸਪਤਾਲ ਦੀ ਪੀ. ਐੱਮ. ਓ. ਡਾਕਟਰ ਕਵਿਤਾ ਯਾਦਵ ਨੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਆਖੀ ਹੈ।
ਦੱਸਿਆ ਜਾ ਰਿਹਾ ਹੈ ਕਿ ਬੀਤੀ 30 ਜਨਵਰੀ ਨੂੰ ਮਹਿਲਾ ਦੀ ਛੋਟੇ ਆਪਰੇਸ਼ਨ ਨਾਲ ਸਰਕਾਰੀ ਹਸਪਤਾਲ ’ਚ ਡਿਲਿਵਰੀ ਹੋਈ ਸੀ। ਘਰ ਜਾਣ ਮਗਰੋਂ ਮਹਿਲਾ ਨੂੰ ਟਾਇਲਟ ਜਾਣ ਵਿਚ ਪਰੇਸ਼ਾਨੀ ਆ ਰਹੀ ਸੀ। ਇਸ ਕਾਰਨ ਪਰਿਵਾਰ ਵਾਲੇ ਮਹਿਲਾ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਸਰੀਰ ’ਚ ਛੱਡੀ ਪੱਟੀ ਨੂੰ ਕੱਢ ਦਿੱਤਾ। ਡਾਕਟਰਾਂ ਨੇ ਪਰਿਵਾਰ ਨੂੰ ਦਵਾਈਆਂ ਲਿਖ ਕੇ ਦੇ ਦਿੱਤੀਆਂ ਪਰ ਇਹ ਮਾਮਲਾ ਮੀਡੀਆ ਦੇ ਸਾਹਮਣੇ ਆ ਗਿਆ।
ਪੀ. ਐੱਮ. ਓ. ਡਾਕਟਰ ਸਰਿਤਾ ਯਾਦਵ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਜੇ ਉਨ੍ਹਾਂ ਦੇ ਧਿਆਨ ’ਚ ਇਹ ਮਾਮਲਾ ਆਇਆ ਹੈ। ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਪੀੜਤ ਮਹਿਲਾ ਨੂੰ ਦਵਾਈਆਂ ਉਪਲੱਬਧ ਕਰਵਾ ਦਿੱਤੀਆਂ ਜਾਣਗੀਆਂ।