18ਵੀਂ ਲੋਕ ਸਭਾ 'ਚ NDA ‘ਘੱਟ ਗਿਣਤੀ ਮੁਕਤ’, ਜਿਸ 'ਚ ਕੋਈ ਮੁਸਲਮਾਨ, ਈਸਾਈ ਜਾਂ ਸਿੱਖ ਸੰਸਦ ਮੈਂਬਰ ਨਹੀਂ

Monday, Jun 10, 2024 - 09:59 AM (IST)

ਨਵੀਂ ਦਿੱਲੀ- ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਮਹੂਰੀ ਗੱਠਜੋੜ (NDA) ਨੇ ਤੀਜੀ ਵਾਰ ਸਰਕਾਰ ਬਣਾ ਲਈ ਹੈ ਪਰ 293 ਲੋਕ ਸਭਾ ਸੰਸਦ ਮੈਂਬਰਾਂ ਦੇ NDA ’ਚ ਈਸਾਈ, ਮੁਸਲਿਮ ਜਾਂ ਸਿੱਖ ਭਾਈਚਾਰੇ ਦਾ ਇਕ ਵੀ ਸੰਸਦ ਮੈਂਬਰ ਨਹੀਂ ਹੈ। ਹਾਲਾਂਕਿ ਇਸ ’ਚ ਸਾਬਕਾ ਕੇਂਦਰੀ ਮੰਤਰੀ ਕਿਰਨ ਰਿਜਿਜੂ ਇਕ ਬੋਧੀ ਸੰਸਦ ਮੈਂਬਰ ਹਨ, ਜਿਨ੍ਹਾਂ ਨੇ ਅਰੁਣਾਚਲ ਪੱਛਮੀ ਦੀ ਆਪਣੀ ਸੰਸਦੀ ਸੀਟ ਨੂੰ ਬਰਕਰਾਰ ਰੱਖਣ ਲਈ ਕਾਂਗਰਸ ਦੇ ਨਬਾਮ ਤੁਕੀ ਨੂੰ ਹਰਾਇਆ। ਇਕ ਮੀਡੀਆ ਰਿਪੋਰਟ ਦੇ ਵਿਸ਼ਲੇਸ਼ਣ ਅਨੁਸਾਰ ਐੱਨ. ਡੀ. ਏ. ਦੇ 33.2 ਫੀਸਦੀ ਸੰਸਦ ਮੈਂਬਰ ਉੱਚ ਜਾਤੀਆਂ ਤੋਂ, 15.7 ਫੀਸਦੀ ਮੱਧਵਰਤੀ ਜਾਤੀਆਂ ਤੋਂ ਅਤੇ 26.2 ਫੀਸਦੀ ਹੋਰ ਪੱਛੜੀਆਂ ਜਾਤੀਆਂ ਤੋਂ ਹਨ ਪਰ ਇਨ੍ਹਾਂ ’ਚੋਂ ਕੋਈ ਵੀ ਮੁਸਲਿਮ, ਈਸਾਈ ਜਾਂ ਸਿੱਖ ਭਾਈਚਾਰੇ ਤੋਂ ਨਹੀਂ ਹੈ।

ਇਸ ਤੋਂ ਇਲਾਵਾ, ਰਾਜਨੀਤਿਕ ਵਿਗਿਆਨੀ ਗਿਲਜ਼ ਵਰਨੀਅਰਜ਼ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਇੰਡੀਆ ਬਲਾਕ ਦੇ 235 ਸੰਸਦ ਮੈਂਬਰਾਂ ’ਚੋਂ ਮੁਸਲਮਾਨ 7.9 ਫੀਸਦੀ, ਸਿੱਖ 5 ਫੀਸਦੀ ਅਤੇ ਈਸਾਈ 3.5 ਫੀਸਦੀ ਹਨ। ਵਿਸ਼ਲੇਸ਼ਣ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਹੇਠਲੇ ਸਦਨ ਵਿਚ ਇੰਡੀਆ ਬਲਾਕ ਦੇ ਸੰਸਦ ਮੈਂਬਰਾਂ ’ਚ ਉੱਚ ਜਾਤੀਆਂ, ਮੱਧਵਰਤੀ ਜਾਤੀਆਂ ਅਤੇ ਓ. ਬੀ. ਸੀ. ਕ੍ਰਮਵਾਰ 12.4 ਫੀਸਦੀ, 11.9 ਫੀਸਦੀ ਅਤੇ 30.7 ਫੀਸਦੀ ਹਨ।


ਨਵੀਂ ਲੋਕ ਸਭਾ ’ਚ 24 ਮੁਸਲਿਮ ਸੰਸਦ ਮੈਂਬਰ, ਇਕ ਨੇ ਜੇਲ੍ਹ ’ਚੋਂ ਜਿੱਤੀ ਚੋਣ

ਲੋਕ ਸਭਾ ਚੋਣਾਂ 2024 ’ਚ ਦੇਸ਼ ਦੀ ਸੰਸਦ ਵਿਚ 24 ਮੁਸਲਿਮ ਨਵੇਂ ਚੁਣੇ ਗਏ ਸੰਸਦ ਮੈਂਬਰ ਜਿੱਤ ਕੇ ਆਏ ਹਨ। 24 ’ਚੋਂ 21 ਵਿਰੋਧੀ ਪਾਰਟੀਆਂ ਦੇ ਹਨ। ਕਾਂਗਰਸ ਦੇ 9 ਮੁਸਲਿਮ ਸੰਸਦ ਮੈਂਬਰ ਹਨ। ਇਸ ਤੋਂ ਬਾਅਦ ਟੀ. ਐੱਮ. ਸੀ. ਦੇ 5, ਸਮਾਜਵਾਦੀ ਪਾਰਟੀ ਦੇ 4, ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ 2 ਅਤੇ ਨੈਸ਼ਨਲ ਕਾਨਫਰੰਸ ਦਾ ਇਕ ਸੰਸਦ ਮੈਂਬਰ ਹੈ। ਏ. ਆਈ. ਐੱਮ. ਆਈ. ਐੱਮ. ’ਚ ਇਕ ਮੁਸਲਿਮ ਸੰਸਦ ਮੈਂਬਰ ਅਸਦੁਦੀਨ ਓਵੈਸੀ ਲੰਬੇ ਸਮੇਂ ਤੋਂ ਲੋਕ ਸਭਾ ਸੰਸਦ ’ਚ ਮੌਜੂਦ ਹਨ। ਇਸ ਤੋਂ ਇਲਾਵਾ ਦੋ ਮੁਸਲਿਮ ਸੰਸਦ ਮੈਂਬਰ ਵੀ ਹਨ, ਜੋ ਆਜ਼ਾਦ ਤੌਰ ’ਤੇ ਜਿੱਤੇ ਹਨ। ਇਸ ਤੋਂ ਇਲਾਵਾ ਬਾਰਾਮੁੱਲਾ ਤੋਂ ਇੰਜੀਨੀਅਰ ਰਾਸ਼ਿਦ ਅਤੇ ਲੱਦਾਖ ਤੋਂ ਮੁਹੰਮਦ ਹਨੀਫਾ, ਸੱਤਾਧਾਰੀ ਐੱਨ. ਡੀ. ਏ. ਕੋਲ ਇਕ ਵੀ ਮੁਸਲਿਮ ਸੰਸਦ ਮੈਂਬਰ ਨਹੀਂ ਹੈ। ਹੁਣ ਲੋਕ ਸਭਾ ਦੀ ਕੁੱਲ ਗਿਣਤੀ ਵਿਚ ਮੁਸਲਮਾਨਾਂ ਦੀ ਹਿੱਸੇਦਾਰੀ ਸਿਰਫ਼ 4.42 ਫੀਸਦੀ ਹੈ। ਇਹ ਹੁਣ ਤੱਕ ਦੀ ਦੂਜੀ ਸਭ ਤੋਂ ਘੱਟ ਹਿੱਸੇਦਾਰੀ ਹੈ।

1980 ’ਚ ਰਿਕਾਰਡ 49 ਮੁਸਲਿਮ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਅਤੇ 1984 ’ਚ 45 ਮੁਸਲਿਮ ਸੰਸਦ ਮੈਂਬਰ (ਸੰਸਦ ਦਾ 8.3 ਫੀਸਦੀ) ਚੁਣੇ ਜਾਣ ਤੋਂ ਬਾਅਦ ਲੋਕ ਸਭਾ ’ਚ ਮੁਸਲਮਾਨਾਂ ਦੀ ਗਿਣਤੀ 40 ਤੋਂ ਵੱਧ ਨਹੀਂ ਗਈ। ਪਿਛਲੀਆਂ ਤਿੰਨ ਲੋਕ ਸਭਾ ਚੋਣਾਂ ’ਚ ਮੁਸਲਿਮ ਸੰਸਦ ਮੈਂਬਰਾਂ ਦਾ ਅਨੁਪਾਤ 5 ਫੀਸਦੀ ਤੋਂ ਹੇਠਾਂ ਚਲਾ ਗਿਆ ਹੈ, ਜਦਕਿ 2011 ਦੀ ਮਰਦਮਸ਼ੁਮਾਰੀ ਅਨੁਸਾਰ ਕੁੱਲ ਆਬਾਦੀ ਵਿਚ ਮੁਸਲਮਾਨਾਂ ਦਾ ਹਿੱਸਾ 14 ਫੀਸਦੀ ਹੈ। 2019 ਅਤੇ 2014 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਸ ਸਾਲ ਘੱਟ ਮੁਸਲਮਾਨ ਚੋਣ ਮੈਦਾਨ ’ਚ ਸਨ।

11 ਮੁੱਖ ਪਾਰਟੀਆਂ ਨੇ ਕੁੱਲ 82 ਮੁਸਲਿਮ ਉਮੀਦਵਾਰ ਖੜ੍ਹੇ ਕੀਤੇ ਸਨ, ਜਿਨ੍ਹਾਂ ’ਚੋਂ 16 ਨੇ ਜਿੱਤ ਹਾਸਲ ਕੀਤੀ ਹੈ। 2019 ’ਚ ਇਨ੍ਹਾਂ ਪਾਰਟੀਆਂ ਨੇ 115 ਉਮੀਦਵਾਰ ਖੜ੍ਹੇ ਕੀਤੇ ਸਨ, ਜਿਨ੍ਹਾਂ ’ਚੋਂ 16 ਜਿੱਤੇ ਸਨ। 2019 ਅਤੇ 2024 ’ਚ ਭਾਜਪਾ ਨੇ ਇਨ੍ਹਾਂ 65 ਚੋਣ ਹਲਕਿਆਂ ’ਚ ਕ੍ਰਮਵਾਰ 25 ਅਤੇ 20 ਸੀਟਾਂ ਜਿੱਤੀਆਂ ਸਨ। ਕਾਂਗਰਸ ਨੇ 2019 ’ਚ 12 ਅਤੇ 2024 ’ਚ 13 ਸੀਟਾਂ ਜਿੱਤੀਆਂ, ਇਸ ਤੋਂ ਬਾਅਦ ਟੀ. ਐੱਮ. ਸੀ. ਨੇ 10 ਅਤੇ 12 ਅਤੇ ਸਪਾ ਨੇ 3 ਅਤੇ 8 ਸੀਟਾਂ ਜਿੱਤੀਆਂ। 2019 ’ਚ ਇਨ੍ਹਾਂ 65 ਹਲਕਿਆਂ ’ਚੋਂ ਸਿਰਫ਼ 19 ਨੇ ਹੀ ਮੁਸਲਿਮ ਸੰਸਦ ਮੈਂਬਰ ਚੁਣੇ ਸਨ। ਇਸ ਸਾਲ ਇਹ ਅੰਕੜਾ 22 ਹੈ।

ਦੋ ਮੁਸਲਿਮ ਸੰਸਦ ਮੈਂਬਰ ਅਜਿਹੇ ਚੋਣ ਹਲਕਿਆਂ ਤੋਂ ਚੁਣੇ ਜਾਣਗੇ, ਜਿੱਥੇ ਮੁਸਲਮਾਨਾਂ ਦੀ ਆਬਾਦੀ ਇਕ ਚੌਥਾਈ ਤੋਂ ਵੀ ਘੱਟ ਹੈ। ਉਹ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਤੋਂ ਸਪਾ ਦੇ ਅਫਜ਼ਲ ਅੰਸਾਰੀ (10.17 ਫੀਸਦੀ ਮੁਸਲਿਮ ਆਬਾਦੀ) ਅਤੇ ਤਾਮਿਲਨਾਡੂ ਦੇ ਰਾਮਨਾਥਪੁਰਮ ਤੋਂ ਆਈ. ਯੂ. ਐੱਮ. ਐੱਲ. ਦੇ ਨਵਸਕਾਨੀ ਦੇ (11.84 ਫੀਸਦੀ ਮੁਸਲਿਮ ਆਬਾਦੀ) ਹਨ, 2019 ’ਚ ਇਕ ਚੌਥਾਈ ਤੋਂ ਵੀ ਘੱਟ ਮੁਸਲਿਮ ਆਬਾਦੀ ਵਾਲੇ ਚੋਣ ਹਲਕਿਆਂ ਤੋਂ 7 ਮੁਸਲਿਮ ਸੰਸਦ ਮੈਂਬਰ ਚੁਣੇ ਗਏ ਸਨ। 


Tanu

Content Editor

Related News