NCB ਨੇ ਅੰਤਰ-ਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼, 4.5 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ
Monday, May 01, 2023 - 03:17 PM (IST)
ਮੁੰਬਈ (ਭਾਸ਼ਾ)- ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਦੀ ਮੁੰਬਈ ਇਕਾਈ ਨੇ ਨਸ਼ੀਲੇ ਪਦਾਰਥ ਦੇ ਇਕ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਅਤੇ ਮਹਾਰਾਸ਼ਟਰ 'ਚ ਠਾਣੇ ਜ਼ਿਲ੍ਹੇ ਤੋਂ 4.5 ਕਰੋੜ ਰੁਪਏ ਦੀ ਮੇਫੇਡ੍ਰੋਨ ਜ਼ਬਤ ਕੀਤੀ। ਐੱਨ.ਸੀ.ਬੀ. ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਐਤਵਾਰ ਨੂੰ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾਣ ਤੋਂ ਬਾਅਦ ਗਿਰੋਹ ਦੇ ਸਰਗਨਾ ਅਤੇ 2 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐੱਨ.ਸੀ.ਬੀ. ਨੇ 36 ਲੱਖ ਰੁਪਏ ਨਕਦ ਅਤੇ 7.8 ਲੱਖ ਰੁਪਏ ਦਾ ਸੋਨਾ ਵੀ ਜ਼ਬਤ ਕੀਤਾ। ਐੱਨ.ਸੀ.ਬੀ. ਨੂੰ ਸੂਚਨਾ ਮਿਲੀ ਸੀ ਕਿ ਇਹ ਗਿਰੋਹ ਠਾਣੇ ਇਲਾਕੇ ਤੋਂ ਕੰਮ ਕਰ ਰਿਹਾ ਹੈ ਅਤੇ ਹੋਰ ਰਾਜਾਂ ਤੋਂ ਖਰੀਦੀ ਗਈ ਮੇਫੇਡ੍ਰੋਨ ਦੀ ਮੁੰਬਈ, ਠਾਣੇ ਅਤੇ ਗੁਆਂਢੀ ਇਲਾਕਿਆਂ 'ਚ ਸਪਲਾਈ ਕੀਤੀ ਜਾ ਰਹੀ ਹੈ। ਇਸ ਸੂਚਨਾ ਦੇ ਆਧਾਰ 'ਤੇ ਖੁਫ਼ੀਆ ਤੰਤਰ ਨੂੰ ਸਰਗਰਮ ਕੀਤਾ ਗਿਆ।
ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਐੱਨ.ਸੀ.ਬੀ. ਅਧਿਕਾਰੀਆਂ ਨੇ ਠਾਣੇ ਦੇ ਭਿਵੰਡੀ ਇਲਾਕੇ 'ਚ ਇਕ ਯੋਜਨਾ ਬਣਾਈ ਅਤੇ ਪੀ.ਐੱਸ. ਵੀਰ ਅਤੇ ਰੋਹਨ ਕੇ. ਨਾਮੀ ਵਿਅਕਤੀ ਨੂੰ ਨਸ਼ੀਲੇ ਪਦਾਰਥ ਖਰੀਦਦੇ ਹੋਏ ਰੰਗੇ ਹੱਥੀਂ ਫੜ ਲਿਆ। ਐੱਨ.ਸੀ.ਬੀ. ਨੂੰ ਉਨ੍ਹਾਂ ਕੋਲੋਂ 2 ਕਿਲੋਗ੍ਰਾਮ ਮੇਫੇਡ੍ਰੋਨ ਮਿਲੀ। ਪੁੱਛ-ਗਿੱਛ ਉਨ੍ਹਾਂ ਨੇ ਆਪਣੇ ਸਪਲਾਈਕਰਤਾ ਆਈ.ਜੀ.ਐੱਨ. ਅੰਸਾਰੀ ਦਾ ਨਾਮ ਦੱਸਿਆ। ਐੱਨ.ਸੀ.ਬੀ. ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਇਕ ਦਲ ਨੇ ਅੰਸਾਰੀ ਨੂੰ ਭਿਵੰਡੀ 'ਚ ਉਸ ਦੇ ਘਰ ਤੋਂ ਫੜ ਲਿਆ ਅਤੇ ਉੱਥੋਂ 36 ਲੱਖ ਰੁਪਏ ਨਕਦ ਅਤੇ 7.8 ਲੱਖ ਰੁਪਏ ਮੁੱਲ ਦਾ ਸੋਨਾ ਜ਼ਬਤ ਕੀਤਾ। ਅੰਸਾਰੀ ਨੇ ਦੱਸਿਆ ਕਿ ਨਕਦੀ ਅਤੇ ਹੋਰ ਕੀਮਤੀ ਸਾਮਾਨ ਨਸ਼ੀਲੇ ਪਦਾਰਥ ਦੀ ਵਿਕਰੀ ਤੋਂ ਮਿਲੇ ਹਨ। ਪੁੱਛ-ਗਿੱਛ ਦੌਰਾਨ ਐੱਨ.ਸੀ.ਬੀ. ਨੂੰ ਪਤਾ ਲੱਗਾ ਕਿ ਅੰਸਾਰੀ ਪਿਛਲੇ 5-6 ਸਾਲਾਂ ਤੋਂ ਨਸ਼ੀਲੇ ਪਦਾਰਥ ਦੇ ਕਾਰੋਬਾਰ 'ਚ ਸ਼ਾਮਲ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।