ਨਵੇਂ ਭਾਰਤ ਦੀ ਨੀਂਹ ਰੱਖੇਗੀ ਨਵੀਂ ਸਿੱਖਿਆ ਨੀਤੀ : ਨਰਿੰਦਰ ਮੋਦੀ

08/07/2020 12:05:36 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼ ਦੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ 'ਤੇ ਆਪਣੀ ਗੱਲ ਰੱਖੀ। ਸਿੱਖਿਆ ਮੰਤਰਾਲੇ ਵਲੋਂ ਆਯੋਜਿਤ ਇਕ ਕਾਨਫਰੰਸ 'ਚ ਪੀ.ਐੱਮ. ਮੋਦੀ ਨੇ ਸ਼ੁਰੂਆਤੀ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤਿੰਨ-ਚਾਰ ਸਾਲ ਦੇ ਵਿਚਾਰ ਤੋਂ ਬਾਅਦ ਨਵੀਂ ਸਿੱਖਿਆ ਨੀਤੀ ਨੂੰ ਮਨਜ਼ੂਰੀ ਮਿਲੀ ਹੈ। ਅੱਜ ਇਸ ਨੀਤੀ ਦਾ ਕੋਈ ਵਿਰੋਧ ਨਹੀਂ ਕਰ ਰਿਹਾ ਹੈ, ਕਿਉਂਕਿ ਇਸ 'ਚ ਕੁਝ ਵੀ ਇਕ ਪਾਸੜ ਨਹੀਂ ਹੈ। ਹੁਣ ਲੋਕ ਸੋਚ ਰਹੇ ਹਨ ਕਿ ਇੰਨੇ ਵੱਡੇ ਰਿਫਾਰਮ ਨੂੰ ਜ਼ਮੀਨ 'ਤੇ ਕਿਵੇਂ ਉਤਾਰਿਆ ਜਾਵੇਗਾ। ਪੀ.ਐੱਮ. ਨੇ ਕਿਹਾ ਕਿ ਇਹ ਸਿਰਫ਼ ਕੋਈ ਸਰਕੁਲਰ ਨਹੀਂ ਸਗੋਂ ਇਕ ਮਹਾਯੱਗ ਹੈ, ਜੋ ਨਵੇਂ ਦੇਸ਼ ਦੀ ਨੀਂਹ ਰੱਖੇਗਾ ਅਤੇ ਇਕ ਸਦੀ ਤਿਆਰ ਕਰੇਗਾ। ਸੰਬੋਧਨ 'ਚ ਪੀ.ਐੱਮ. ਮੋਦੀ ਨੇ ਕਿਹਾ ਕਿ ਹੁਣ ਇਸ ਨੂੰ ਜ਼ਮੀਨ 'ਤੇ ਉਤਾਰਨ ਲਈ ਜੋ ਵੀ ਕਰਨਾ ਹੋਵੇਗਾ, ਉਹ ਜਲਦ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਇਸ ਨੂੰ ਲਾਗੂ ਕਰਨ 'ਚ ਜੋ ਵੀ ਮਦਦ ਚਾਹੀਦੀ ਹੈ, ਮੈਂ ਤੁਹਾਡੇ ਨਾਲ ਹਾਂ। ਸਿੱਖਿਆ ਨੀਤੀ 'ਚ ਦੇਸ਼ ਦੇ ਟੀਚਿਆਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਤਾਂ ਕਿ ਭਵਿੱਖ ਲਈ ਪੀੜ੍ਹੀ ਨੂੰ ਤਿਆਰ ਕੀਤਾ ਜਾ ਸਕੇ। ਇਹ ਨੀਤੀ ਨਵੇਂ ਭਾਰਤ ਦੀ ਨੀਂਹ ਰੱਖੇਗੀ। ਪੀ.ਐੱਮ. ਨੇ ਕਿਹਾ ਕਿ ਭਾਰਤ ਨੂੰ ਤਾਕਤਵਰ ਬਣਾਉਣ ਲਈ ਨਾਗਰਿਕਾਂ ਨੂੰ ਮਜ਼ਬੂਤ ਬਣਾਉਣ ਲਈ ਚੰਗੀ ਸਿੱਖਿਆ ਜ਼ਰੂਰੀ ਹੈ।

ਵਿਦਿਆਰਥੀ ਨੂੰ ਗਲੋਬਲ ਸਿਟੀਜ਼ਨ ਬਣਾਉਣਾ ਹੈ
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਨਰਸਰੀ ਦਾ ਬੱਚਾ ਵੀ ਨਵੀਂ ਤਕਨੀਕ ਬਾਰੇ ਪੜ੍ਹੇਗਾ ਤਾਂ ਉਸ ਨੂੰ ਭਵਿੱਖ ਦੀ ਤਿਆਰੀ ਕਰਨ 'ਚ ਆਸਾਨੀ ਮਿਲੇਗੀ। ਕਈ ਦਹਾਕਿਆਂ ਤੋਂ ਸਿੱਖਿਆ ਨੀਤੀ 'ਚ ਤਬਦੀਲੀ ਨਹੀਂ ਹੋਈ ਸੀ, ਇਸ ਲਈ ਸਮਾਜ 'ਚ ਭੇਡ ਚਾਲ ਨੂੰ ਉਤਸ਼ਾਹ ਮਿਲ ਰਿਹਾ ਸੀ। ਕਦੇ ਡਾਕਟਰ-ਇੰਜੀਨੀਅਰ-ਵਕੀਲ ਬਣਾਉਣ ਦੀ ਹੋੜ ਲੱਗੀ ਹੋਈ ਸੀ। ਹੁਣ ਨੌਜਵਾਨ ਕ੍ਰਿਏਟਿਵ ਵਿਚਾਰਾਂ ਨੂੰ ਅੱਗੇ ਵਧਾ ਸਕੇਗਾ, ਹੁਣ ਸਿਰਫ਼ ਪੜ੍ਹਾਈ ਨਹੀਂ ਸਗੋਂ ਵਰਕਿੰਗ ਕਲਚਰ ਨੂੰ ਡੈਵਲੈਪ ਕੀਤਾ ਗਿਆ ਹੈ। ਸੰਬੋਧਨ 'ਚ ਉਨ੍ਹਾਂ ਨੇ ਕਿਹਾ ਕਿ ਸਾਡੇ ਸਾਹਮਣੇ ਸਵਾਲ ਸੀ ਕਿ ਕੀ ਸਾਡੀ ਨੀਤੀ ਨੌਜਵਾਨਾਂ ਨੂੰ ਆਪਣੇ ਸੁਫ਼ਨੇ ਪੂਰੇ ਕਰਨ ਦਾ ਮੌਕਾ ਦਿੰਦੀ ਹੈ। ਕੀ ਸਾਡੀ ਸਿੱਖਿਆ ਵਿਵਸਥਾ ਨੌਜਵਾਨ ਨੂੰ ਸਮਰੱਥ ਬਣਾਉਂਦੀ ਹੈ। ਨਵੀਂ ਸਿੱਖਿਆ ਨੀਤੀ ਨੂੰ ਬਣਾਉਂਦੇ ਸਮੇਂ ਇਨ੍ਹਾਂ ਸਵਾਲਾਂ 'ਤੇ ਗੰਭੀਰਤਾ ਨਾਲ ਕੰਮ ਕੀਤਾ ਗਿਆ ਹੈ। ਦੁਨੀਆ 'ਚ ਅੱਜ ਇਕ ਨਵੀਂ ਵਿਵਸਥਾ ਖੜ੍ਹੀ ਹੋ ਰਹੀ ਹੈ, ਅਜਿਹੇ 'ਚ ਉਸ ਦੇ ਹਿਸਾਬ ਨਾਲ ਐਜ਼ੂਕੇਸ਼ਨ ਸਿਸਟਮ 'ਚ ਤਬਦੀਲੀ ਜ਼ਰੂਰੀ ਹੈ। ਹੁਣ 10+2 ਫਾਰਮੂਲਾ ਵੀ ਖਤਮ ਕਰ ਦਿੱਤਾ ਗਿਆ ਹੈ, ਸਾਨੂੰ ਵਿਦਿਆਰਥੀ ਨੂੰ ਗਲੋਬਲ ਸਿਟੀਜ਼ਨ ਬਣਾਉਣਾ ਹੈ ਪਰ ਉਹ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ।

ਅਸੀਂ How To Think 'ਤੇ ਜ਼ੋਰ ਦੇਵਾਂਗਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੱਚਿਆਂ ਦੇ ਘਰ ਦੀ ਬੋਲੀ ਅਤੇ ਸਕੂਲ 'ਚ ਸਿੱਖਣ ਦੀ ਭਾਸ਼ਾ ਇਕ ਹੀ ਹੋਣੀ ਚਾਹੀਦੀ ਹੈ ਤਾਂ ਕਿ ਬੱਚਿਆਂ ਨੂੰ ਸਿੱਖਣ 'ਚ ਆਸਾਨੀ ਹੋਵੇਗੀ। ਹਾਲੇ 5ਵੀਂ ਜਮਾਤ ਤੱਕ ਬੱਚਿਆਂ ਨੂੰ ਇਹ ਸਹੂਲਤ ਮਿਲੇਗੀ। ਹੁਣ ਅਸੀਂ How To Think 'ਤੇ ਜ਼ੋਰ ਦੇਵਾਂਗਾ। ਅੱਜ ਬੱਚਿਆਂ ਨੂੰ ਇਹ ਮੌਕਾ ਮਿਲਣਾ ਚਾਹੀਦਾ ਹੈ ਕਿ ਬੱਚਾ ਆਪਣੇ ਕੋਰਸ ਨੂੰ ਫੋਕਸ ਕਰੇ, ਜੇਕਰ ਮਨ ਨਾ ਲੱਗੇ ਤਾਂ ਕੋਰਸ ਵਿਚ ਛੱਡ ਵੀ ਸਕੇ। ਹੁਣ ਵਿਦਿਆਰਥੀ ਕਦੇ ਵੀ ਕੋਰਸ ਤੋਂ ਨਿਕਲ ਸਕਣਗੇ ਅਤੇ ਜੁੜ ਸਕਣਗੇ।

ਵਿਦਿਆਰਥੀਆਂ ਦੇ ਨਾਲ-ਨਾਲ ਨਵੇਂ ਟੀਚਰ ਤਿਆਰ ਕਰਨ 'ਤੇ ਜ਼ੋਰ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਕੋਈ ਵਿਅਕਤੀ ਪੂਰੇ ਜੀਵਨ 'ਚ ਇਕ ਹੀ ਪ੍ਰੋਫੈਸ਼ਨ 'ਤੇ ਨਹੀਂ ਰਹਿੰਦਾ ਹੈ, ਅਜਿਹੇ 'ਚ ਉਸ ਨੂੰ ਲਗਾਤਾਰ ਕੁਝ ਸਿੱਖਣ ਦੀ ਛੋਟ ਦੇਣੀ ਚਾਹੀਦੀ ਹੈ। ਭਾਰਤ ਅੱਜ ਟੈਲੇਂਟ-ਤਕਨਾਲੋਜੀ ਦਾ ਹੱਲ ਪੂਰੀ ਦੁਨੀਆ ਨੂੰ ਦੇ ਸਕਦਾ ਹੈ, ਤਕਨਾਲੋਜੀ ਕਾਰਨ ਗਰੀਬ ਵਿਅਕਤੀ ਨੂੰ ਪੜ੍ਹਨ ਦਾ ਮੌਕਾ ਮਿਲ ਸਕਦਾ ਹੈ। ਜਦੋਂ ਕਿਸੇ ਸੰਸਥਾ ਨੂੰ ਮਜ਼ਬੂਤ ਕਰਨ ਦੀ ਗੱਲ ਹੁੰਦੀ ਹੈ ਤਾਂ ਆਟੋਨਾਮੀ 'ਤੇ ਚਰਚਾ ਹੁੰਦੀ ਹੈ। ਇਕ ਵਰਗ ਕਹਿੰਦਾ ਹੈ ਕਿ ਸਭ ਕੁਝ ਸਰਕਾਰੀ ਸੰਸਥਾਵਾਂ ਨੂੰ ਮਿਲਣਾ ਚਾਹੀਦਾ, ਦੂਜਾ ਕਹਿੰਦਾ ਹੈ ਕਿ ਸਭ ਕੁਝ ਆਟੋਨਾਮੀ ਦੇ ਅਧੀਨ ਮਿਲਣਾ ਚਾਹੀਦਾ ਪਰ ਚੰਗੀ ਕੁਆਲਿਟੀ ਦੀ ਸਿੱਖਿਆ ਦਾ ਰਸਤਾ ਇਸ ਦਰਮਿਆਨ ਨਿਕਲਦਾ ਹੈ, ਜੋ ਸੰਸਥਾ ਚੰਗਾ ਕੰਮ ਕਰੇਗੀ, ਉਸ ਨੂੰ ਵੱਧ ਰਿਵਾਰਡ ਮਿਲਣਾ ਚਾਹੀਦਾ। ਸਿੱਖਿਆ ਨੀਤੀ ਰਾਹੀਂ ਦੇਸ਼ ਨੂੰ ਚੰਗੇ ਵਿਦਿਆਰਥੀ, ਨਾਗਰਿਕ ਦੇਣ ਦਾ ਮਾਧਿਅਮ ਬਣਨਾ ਚਾਹੀਦਾ। ਪ੍ਰਧਾਨ ਮੰਤਰੀ ਬੋਲੇ ਕਿ ਵਿਦਿਆਰਥੀਆਂ ਦੇ ਨਾਲ-ਨਾਲ ਨਵੇਂ ਟੀਚਰ ਤਿਆਰ ਕਰਨ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।

34 ਸਾਲ ਬਾਅਦ ਨਵੀਂ ਸਿੱਖਿਆ ਨੀਤੀ ਆਈ ਹੈ
ਪ੍ਰੋਗਰਾਮ ਦਾ ਨਾਂ Conclave on Transformational Reforms in Higher Education under National Education Policy ਹੈ, ਇਸ ਦੌਰਾਨ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਵੀ ਮੌਜੂਦ ਰਹੇ। ਨਾਲ ਹੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦਾ ਡਰਾਫ਼ਟ ਤਿਆਰ ਕਰਨ ਵਾਲੀ ਕਮੇਟੀ ਦੇ ਸਾਰੇ ਮੈਂਬਰ ਵੀ ਪ੍ਰੋਗਰਾਮ 'ਚ ਮੌਜੂਦ ਰਹੇ। ਦੇਸ਼ 'ਚ 34 ਸਾਲ ਬਾਅਦ ਨਵੀਂ ਸਿੱਖਿਆ ਨੀਤੀ ਆਈ ਹੈ, ਇਸ 'ਤੇ ਪੀ.ਐੱਮ. ਮੋਦੀ ਨਰਿੰਦਰ ਮੋਦੀ ਦਾ ਇਹ ਪਹਿਲਾ ਜਨਤਕ ਭਾਸ਼ਣ ਹੈ, ਜਿਸ 'ਚ ਨਵੀਂ ਸਿੱਖਿਆ ਨੀਤੀ, ਭਵਿੱਖ ਦੀ ਸਿੱਖਿਆ, ਰਿਸਰਚ ਵਰਗੇ ਮਸਲਿਆਂ 'ਤੇ ਚਰਚਾ ਕੀਤੀ ਗਈ।

ਇਹ ਹੈ ਨਵੀਂ ਸਿੱਖਿਆ ਨੀਤੀ 'ਚ ਖਾਸ
1- ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦਾ ਨਾਂ ਹੁਣ ਸਿੱਖਿਆ ਮੰਤਰਾਲੇ
2- 5ਵੀਂ ਜਮਾਤ ਤੱਕ ਦੇ ਬੱਚਿਆਂ ਦੀ ਪੜ੍ਹਾਈ ਸਥਾਨਕ ਭਾਸ਼ਾ 'ਚ
3- ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਸਕਿਲ ਦੇਣ 'ਤੇ ਜ਼ੋਰਕ
4- ਵਿਦੇਸ਼ੀ ਯੂਨੀਵਰਸਿਟੀਆਂ ਨਾਲ ਮਿਲ ਕੇ ਨਵੇਂ ਕੈਂਪਸ 'ਤੇ ਜ਼ੋਰ
5- ਐੱਮਫਿਲ ਬੰਦ, 10+2 ਦਾ ਫਾਰਮੂਲਾ ਵੀ ਬੰਦ

ਨਵੀਂ ਨੀਤੀ 'ਚ 5+3+3+4 ਦਾ ਢਾਂਚਾ ਲਾਗੂ
ਪੁਰਾਣੀ ਨੀਤੀ ਦੇ 10+2 (10ਵੀਂ ਜਮਾਤ ਤੱਕ, ਫਿਰ 12ਵੀਂ ਜਮਾਤ ਤੱਕ) ਦੇ ਢਾਂਚੇ 'ਚ ਤਬਦੀਲੀ ਕਰਦੇ ਹੋਏ ਨਵੀਂ ਨੀਤੀ 'ਚ 5+3+3+4 ਦਾ ਢਾਂਚਾ ਲਾਗੂ ਕੀਤਾ ਗਿਆ ਹੈ। ਇਸ ਲਈ ਉਮਰ ਸੀਮਾ 3-8 ਸਾਲ, 8-11 ਸਾਲ, 11-14 ਸਾਲ ਅਤੇ 14-18 ਸਾਲ ਤੈਅ ਕੀਤੀ ਗਈ ਹੈ। ਐੱਮ.ਫਿਲ ਖਤਮ ਕਰ ਦਿੱਤਾ ਗਿਆ ਹੈ ਅਤੇ ਨਿੱਜੀ ਅਤੇ ਸਰਕਾਰੀ ਉੱਚ ਸਿੱਖਿਆ ਸੰਸਥਾਵਾਂ ਲਈ ਸਾਮਾਨ ਨਿਯਮ ਬਣਾਏ ਗਏ ਹਨ।


DIsha

Content Editor

Related News