ਬਜਟ ਸੈਸ਼ਨ ਤੋਂ ਪਹਿਲਾਂ PM ਮੋਦੀ ਨੇ ਕਿਹਾ- ਹਰ ਮੁੱਦੇ 'ਤੇ ਚਰਚਾ ਲਈ ਤਿਆਰ ਹਾਂ

01/30/2020 5:58:39 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਹਰ ਮੁੱਦੇ 'ਤੇ ਚਰਚਾ ਕਰਨ ਅਤੇ ਵਿਰੋਧੀ ਧਿਰ ਦੀ ਰਾਏ ਸੁਣਨ ਲਈ ਤਿਆਰ ਹੈ। ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਬਜਟ ਸੈਸ਼ਨ ਤੋਂ ਇਕ ਦਿਨ ਪਹਿਲਾਂ ਸੱਦੀ ਗਈ ਸਰਬ ਪਾਰਟੀ ਬੈਠਕ 'ਚ ਮੋਦੀ ਨੇ ਕਿਹਾ ਕਿ ਅਰਥ ਵਿਵਸਥਾ ਸਮੇਤ ਸਭ ਮੁੱਦਿਆ 'ਤੇ ਚਰਚਾ ਹੋਣੀ ਚਾਹੀਦੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਨੇ ਬੈਠਕ ਦੌਰਾਨ ਦੱਸਿਆ ਕਿ ਭਾਰਤ ਕਿਸ ਤਰ੍ਹਾਂ ਕੌਮਾਂਤਰੀ ਸੰਦਰਭ 'ਚ ਅਰਥ ਵਿਵਸਥਾ ਦਾ ਲਾਭ ਉਠਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਵੱਖ-ਵੱਖ ਮੁੱਦਿਆ 'ਤੇ ਸਵੈ ਪੜਚੋਲ ਕਰਨੀ ਚਾਹੀਦੀ ਹੈ ਕਿਉਂਕਿ ਸੀ.ਏ.ਏ. ਨੂੰ ਲੋਕ ਰਾਜੀ ਢੰਗ ਨਾਲ ਸੰਸਦ 'ਚ ਪਾਸ ਕੀਤਾ ਗਿਆ ਹੈ। 

ਵਿਰੋਧੀ ਪਾਰਟੀਆਂ ਨੇ ਚੁੱਕੇ ਵੱਖ-ਵੱਖ ਮੁੱਦੇ—
ਸਰਬ ਪਾਰਟੀ ਬੈਠਕ 'ਚ ਵਿਰੋਧੀ ਪਾਰਟੀਆਂ ਨੇ ਸੋਧੇ ਹੋਏ ਨਾਗਰਿਕਤਾ ਕਾਨੂੰਨ (ਸੀ.ਏ.ਏ.), ਐੱਨ.ਪੀ.ਆਰ., ਐੱਨ.ਆਰ.ਸੀ., ਅਰਥ ਵਿਵਸਥਾ ਦੀ ਹਾਲਤ, ਕਸ਼ਮੀਰ ਦੀ ਮੌਜੂਦਾ ਸਥਿਤੀ, ਮਹਿੰਗਾਈ, ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਹੋਰ ਵੱਖ-ਵੱਖ ਮੁੱਦੇ ਚੁੱਕੇ ਅਤੇ ਚਰਚਾ ਦੀ ਮੰਗ ਕੀਤੀ।

ਇਹ ਪਾਰਟੀਆਂ ਹੋਈਆਂ ਸ਼ਾਮਲ—
ਬੈਠਕ 'ਚ ਕਾਂਗਰਸ, ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਡੀ.ਐੱਮ.ਕੇ. ਅਤੇ ਖੱਬੇ ਪੱਖੀ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਸ਼ਾਮਲ ਸਨ।

ਸਰਕਾਰ ਵਿਖਾ ਰਹੀ ਹੈ ਹੰਕਾਰ- ਆਜ਼ਾਦ
ਬੈਠਕ ਪਿੱਛੋਂ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੀ.ਏ.ਏ. ਵਿਰੁੱਧ ਵਿਖਾਵਿਆਂ 'ਤੇ ਸਰਕਾਰ ਨੇ ਜੋ ਰੁਖ਼ ਅਪਣਾਇਆ ਹੋਇਆ ਹੈ, ਉਸ ਦਾ ਹੰਕਾਰ ਸਪਸ਼ਟ ਰੂਪ 'ਚ ਨਜ਼ਰ ਆਉਂਦਾ ਹੈ। ਸਰਕਾਰ ਨੇ ਵਿਖਾਵਾਕਾਰੀਆਂ ਨਾਲ ਸੰਪਰਕ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਪਿਛਲੇ ਸਵਾ ਮਹੀਨੇ ਤੋਂ ਦੇਸ਼ ਦੀ ਅੱਧੀ ਆਬਾਦੀ ਸੜਕਾਂ 'ਤੇ ਹੈ। ਔਰਤਾਂ, ਬੱਚੇ ਅਤੇ ਬਜ਼ੁਰਗ ਠੰਡ 'ਚ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰ ਨੂੰ ਉਨ੍ਹਾਂ ਦੀ ਕੋਈ ਪਰਵਾਹ ਨਹੀਂ। ਉਨ੍ਹਾਂ ਮੰਗ ਕੀਤੀ ਕਿ ਜੰਮੂ-ਕਸ਼ਮੀਰ ਦੇ ਸਾਬਕਾ ਮੁਖ ਮੰਤਰੀ ਫਾਰੂਕ ਅਬਦੁੱਲਾ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਸੂਬੇ 'ਚ ਇਸ ਸਮੇਂ 3 ਸਾਬਕਾ ਮੁਖ ਮੰਤਰੀ ਬੰਦ ਹਨ। ਅਸੀਂ ਇਨ੍ਹਾਂ ਮੁੱਦਿਆਂ 'ਤੇ ਚਰਚਾ ਕਰਨਾ ਚਾਹੁੰਦੇ ਹਾਂ।

ਅਰਥ ਵਿਵਸਥਾ ਦਾ ਬੈਠ ਗਿਆ ਹੈ ਭੱਠਾ—
ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਦੇਸ਼ ਦੀ ਅਰਥ ਵਿਵਸਥਾ ਦਾ ਭੱਠਾ ਬੈਠ ਗਿਆ ਹੈ। ਦੇਸ਼ 'ਚ ਬੇਰੋਜ਼ਗਾਰੀ ਵੱਡੀ ਪੱਧਰ 'ਤੇ ਵੱਧ ਗਈ ਹੈ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਉਕਤ ਮੁੱਦਿਆਂ 'ਤੇ ਗੰਭੀਰਤਾ ਨਾਲ ਚਰਚਾ ਕਰੇ ਅਤੇ ਕੋਈ ਹੱਲ ਲੱਭੇ। ਡੀ.ਐੱਮ.ਕੇ. ਅਤੇ ਖੱਬੇ ਪੱਖੀ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਬੈਠਕ 'ਚ ਸੀ.ਏ.ਏ. ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਇਆ।  



 

 


Tanu

Content Editor

Related News