ਨਾਰਦਾ ਕੇਸ: ਮਮਤਾ ਬੈਨਰਜੀ ਸਰਕਾਰ ਦੇ ਮੰਤਰੀਆਂ ਨੂੰ CBI ਨੇ ਕੀਤਾ ਗਿ੍ਰਫ਼ਤਾਰ
Monday, May 17, 2021 - 12:53 PM (IST)
ਕੋਲਕਾਤਾ— ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੀ ਸਰਕਾਰ ਬਣਦੇ ਹੀ ਨਾਰਦਾ ਸਟਿੰਗ ਟੇਪ ਕੇਸ ਦੀ ਜਾਂਚ ਫਿਰ ਤੋਂ ਸ਼ੁਰੂ ਹੋ ਗਈ ਹੈ। ਇਸ ਕੇਸ ਦੀ ਸੀ. ਬੀ. ਆਈ. ਨੇ ਕਾਰਵਾਈ ਕੀਤੀ ਹੈ। ਇਸ ਘਪਲੇ ਦੇ ਦੋਸ਼ੀ ਕੈਬਨਿਟ ਮੰਤਰੀ ਫਿਰਹਾਦ ਹਕੀਮ, ਕੈਬਨਿਟ ਮੰਤਰੀ ਸੁਬਰਤ ਮੁਖਰਜੀ, ਟੀ. ਐੱਮ. ਸੀ. ਵਿਧਾਇਕ ਮਦਨ ਮਿਤਰਾ ਅਤੇ ਸਾਬਕਾ ਮੰਤਰੀ ਸੋਵਨ ਚੈਟਰਜੀ ਦੇ ਘਰ ’ਤੇ ਸੀ. ਬੀ. ਆਈ. ਨੇ ਛਾਪੇਮਾਰੀ ਕੀਤੀ। ਜਿਸ ਤੋਂ ਬਾਅਦ ਸੀ. ਬੀ. ਆਈ. ਇਨ੍ਹਾਂ ਚਾਰੋਂ ਨੂੰ ਦਫ਼ਤਰ ਲੈ ਕੇ ਆਈ।
ਸੀ. ਬੀ. ਆਈ. ਨੇ ਪੁੱਛ-ਗਿੱਛ ਮਗਰੋਂ ਚਾਰੋਂ ਆਗੂਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਇਸ ਦਰਮਿਆਨ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਸੀ. ਬੀ. ਆਈ. ਦਫ਼ਤਰ ਪਹੁੰਚ ਗਈ ਹੈ। ਉਨ੍ਹਾਂ ਨੇ ਟੀ. ਐੱਮ. ਸੀ. ਨੇਤਾਵਾਂ ਦੀ ਗਿ੍ਰਫ਼ਤਾਰੀ ਦਾ ਵਿਰੋਧ ਕੀਤਾ। ਸੂਤਰਾਂ ਮੁਤਾਬਕ ਮਮਤਾ ਨੇ ਸੀ. ਬੀ. ਆਈ. ਅਧਿਕਾਰੀਆਂ ਨੂੰ ਕਿਹਾ ਕਿ ਤੁਸੀਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਗਿ੍ਰਫ਼ਤਾਰ ਕਰ ਰਹੇ ਹੋ ਤਾਂ ਮੈਨੂੰ ਵੀ ਗਿ੍ਰਫ਼ਤਾਰ ਕਰਨਾ ਪਵੇਗਾ। ਸੂਬਾ ਸਰਕਾਰ ਜਾਂ ਕੋਰਟ ਦੇ ਨੋਟਿਸ ਦੇ ਬਿਨਾਂ ਇਨ੍ਹਾਂ ਚਾਰੋਂ ਆਗੂਆਂ ਨੂੰ ਗਿ੍ਰਫ਼ਤਾਰ ਨਹੀਂ ਕਰ ਸਕਦੇ ਹੋ।
ਕੀ ਹੈ ਨਾਰਦਾ ਸਟਿੰਗ ਟੇਪ ਕੇਸ—
ਨਾਰਦ ਟੀ. ਵੀ. ਨਿਊਜ਼ ਚੈਨਲ ਦੇ ਮੈਥਿਊ ਸੈਮੁਅਲ ਨੇ 2014 ’ਚ ਸਟਿੰਗ ਆਪਰੇਸ਼ਨ ਕੀਤਾ ਸੀ, ਜਿਸ ਵਿਚ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੇ ਮੰਤਰੀ, ਸੰਸਦ ਮੈਂਬਰ ਅਤੇ ਵਿਧਾਇਕ ਲਾਭ ਦੇ ਬਦਲੇ ਵਿਚ ਕੰਪਨੀ ਦੇ ਨੁਮਾਇੰਦਿਆਂ ਤੋਂ ਧਨ ਲੈਂਦੇ ਨਜ਼ਰ ਆਏ। ਇਹ ਟੇਪ ਪੱਛਮੀ ਬੰਗਾਲ ਵਿਚ 2016 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਤਕ ਹੋਈ ਸੀ। ਕੱਲਕਤਾ ਹਾਈ ਕੋਰਟ ਨੇ ਸਟਿੰਗ ਆਪਰੇਸ਼ਨ ਦੇ ਸਬੰਧ ਵਿਚ ਮਾਰਚ 2017 ਵਿਚ ਸੀ. ਬੀ. ਆਈ. ਜਾਂਚ ਦਾ ਹੁਕਮ ਦਿੱਤਾ ਸੀ।