ਨਾਬਾਲਿਗਾ ਨਾਲ ਬਲਾਤਕਾਰ 'ਤੇ ਬਣਾਵਾਂਗੇ ਸਖ਼ਤ ਕਾਨੂੰਨ, ਹੋਵੇਗੀ ਮੌਤ ਦੀ ਸਜ਼ਾ : ਮਹਿਬੂਬਾ
Friday, Apr 13, 2018 - 01:40 PM (IST)
ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਠੂਆ ਸਮੂਹਿਕ ਬਲਾਤਕਾਰ 'ਤੇ ਸਖਤ ਕਾਨੂੰਨ ਬਣਾਉਣ ਦੀ ਵਚਨਬੱਧਤਾ ਕੀਤੀ ਹੈ। ਵੀਰਵਾਰ ਰਾਤ ਮਹਿਬੂਬਾ ਨੇ ਟਵੀਟ ਕਰ ਕੇ ਦੱਸਿਆ ਕਿ ਉਹ ਅਜਿਹਾ ਸਖ਼ਤ ਕਾਨੂੰਨ ਬਣਾ ਦੇਣਗੇ ਤਾਂ ਜੋ ਫਿਰ ਕੋਈ ਵੀ ਅਜਿਹੀ ਹਰਕਤ ਨਾ ਕਰ ਸਕੇ।
ਮਹਿਬੂਬਾ ਨੇ ਟਵੀਟ ਕਰ ਕੇ ਕਿਹਾ ਕਿ ਮੈਂ ਪੂਰੇ ਦੇਸ਼ ਨੂੰ ਭਰੋਸਾ ਦਵਾਉਣਾ ਚਾਹੁੰਦੀ ਹਾਂ ਕਿ ਮੈਂ ਨਾ ਸਿਰਫ ਆਸਿਫਾ ਨੂੰ ਨਿਆਂ ਦਿਲਾਵਾਂਗੀ ਬਲਕਿ ਇਹ ਵੀ ਤੈਅ ਕਰਾਂਗੀ ਕਿ ਇਸ ਮਾਮਲੇ 'ਚ ਦੋਸ਼ੀ ਲੋਕਾਂ ਨੂੰ ਅਜਿਹੀ ਸਜ਼ਾ ਹੋਵੇ ਜੋ ਇਕ ਸਬਕ ਬਣੇ।
ਉਨ੍ਹਾਂ ਕਿਹਾ ਕਿ ਅਸੀਂ ਹੋਰ ਬੱਚੀਆਂ ਨਾਲ ਅਜਿਹਾ ਨਹੀਂ ਹੋਣ ਦੇ ਸਕਦੇ। ਅਸੀਂ ਨਵਾਂ ਕਾਨੂੰਨ ਬਣਾਵਾਂਗੇ। ਜਿਸ ਦੌਰਾਨ ਨਾਬਾਲਿਗ ਬੱਚੀਆਂ ਨਾਲ ਬਲਾਤਕਾਰ ਮਾਮਲੇ 'ਚ ਘੱਟ ਤੋਂ ਘੱਟ ਮੌਤ ਦੀ ਸਜ਼ਾ ਹੋਵੇ ਤਾਂ ਜੋ ਫਿਰ ਕਿਸੇ ਵੀ ਹੋਰ ਬੱਚੀ ਨਾਲ ਅਸਿਫਾ ਜਿਹੀ ਹੈਵਾਨੀਅਤ ਨਾ ਹੋਵੇ।
ਮਹਿਬੂਬਾ ਮੁਫਤੀ ਨੇ ਵੀਰਵਾਰ ਸਵੇਰੇ ਵੀ ਟਵੀਟ ਕਰ ਕੇ ਕਿਹਾ ਸੀ ਕਿ ਇਸ ਮਾਮਲੇ 'ਚ ਕਾਨੂੰਨ ਆਪਣਾ ਕੰਮ ਕਰੇਗਾ। ਜਾਂਚ 'ਚ ਪੂਰੀ ਪ੍ਰਕਿਰਿਆ ਦਾ ਪਾਲਣ ਕੀਤਾ ਜਾ ਰਿਹਾ ਹੈ ਅਤੇ ਤੇਜੀ ਨਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਮਾਮਲੇ 'ਚ ਆਸਿਫਾ ਨੂੰ ਨਿਆਂ ਮਿਲੇਗਾ ।
ਮਹਿਬੂਬਾ ਮੁਫਤੀ ਨੇ ਇਸ ਮਾਮਲੇ 'ਤੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਮੁਫਤੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ 'ਚ ਇਸ ਗੱਲ 'ਤੇ ਚਿੰਤਾ ਜਤਾਈ ਸੀ ਕਿ ਸਮੂਹਿਕ ਬਲਾਤਕਾਰ ਦੀ ਇਸ ਘਟਨਾ ਨੇ ਸੂਬੇ 'ਚ ਧਰੁਵੀਕਰਨ ਕਰ ਦਿੱਤਾ ਹੈ, ਜੋ ਸੁਰੱਖਿਆ ਦੇ ਲਿਹਾਜ ਤੋਂ ਬੇਹਦ ਚਿੰਤਤ ਕਰਨ ਵਾਲਾ ਹੈ।
