ਯੂ. ਪੀ. ’ਚ ਸ਼ਾਂਤੀਪੂਰਨ ਨਮਾਜ਼ ਤੋਂ ਬਾਅਦ ਨਮਾਜ਼ੀਆਂ ਨੇ ਸੁਰੱਖਿਆ ਕਰਮਚਾਰੀਆਂ ਨੂੰ ਦਿੱਤੇ ਫੁੱਲ
Saturday, Jun 18, 2022 - 11:36 AM (IST)

ਲਖਨਊ– ਉੱਤਰ ਪ੍ਰਦੇਸ਼ ’ਚ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਸਖਤ ਸੁਰੱਖਿਆ ਇੰਤਜ਼ਾਮਾਂ ਵਿਚਾਲੇ ਸ਼ਾਂਤੀਪੂਰਨ ਢੰਗ ਨਾਲ ਅਦਾ ਕੀਤੀ ਗਈ। ਇਸ ਦੌਰਾਨ ਕਈ ਸੰਵੇਦਨਸ਼ੀਲ ਜ਼ਿਲਿਆਂ ’ਚ ਡ੍ਰੋਨ ਨਾਲ ਨਿਗਰਾਨੀ ਕੀਤੀ ਗਈ। ਲਖਨਊ ਅਤੇ ਜਾਲੌਨ ’ਚ ਨਮਾਜ਼ੀਆਂ ਨੇ ਪੁਲਸ ਕਰਮਚਾਰੀਆਂ ਨੂੰ ਫੁੱਲ ਵੰਡ ਕੇ ਪ੍ਰੇਮ ਅਤੇ ਭਾਈਚਾਰੇ ਦਾ ਇਜ਼ਹਾਰ ਕੀਤਾ। ਸੂਬੇ ਦੇ ਅਪਰ ਪੁਲਸ ਡਾਇਰੈਕਟਰ ਜਨਰਲ (ਕਾਨੂੰਨ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਜੁੰਮੇ ਦੀ ਨਮਾਜ਼ ਸ਼ਾਂਤੀਪੂਰਨ ਮਾਹੌਲ ’ਚ ਅਦਾ ਕੀਤੀ ਗਈ। ਇਸ ਦੌਰਾਨ ਕਿਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਹੋਈ।
ਪੁਲਸ ਸੂਤਰਾਂ ਅਨੁਸਾਰ ਸੁਰੱਖਿਆ ਦੇ ਮੱਦੇਨਜ਼ਰ ਲਖਨਊ, ਵਾਰਾਣਸੀ, ਮੇਰਠ, ਅਲੀਗੜ੍ਹ ਤੇ ਆਗਰਾ ਸਮੇਤ ਕਈ ਸ਼ਹਿਰਾਂ ’ਚ ਸੰਵੇਦਨਸ਼ੀਲ ਇਲਕਿਆਂ ਦੀ ਡ੍ਰੋਨ ਨਾਲ ਨਿਗਰਾਨੀ ਕੀਤੀ ਗਈ। ਸੁਰੱਖਿਆ ਲਈ ਪੀ. ਏ. ਸੀ. ਤੇ ਸੀ. ਏ. ਪੀ. ਐੱਫ. ਦੇ ਲਗਭਗ 10 ਹਜ਼ਾਰ ਜਵਾਨ ਤਾਇਨਾਤ ਕੀਤੇ ਗਏ। ਸੂਬੇ ਦੀ ਰਾਜਧਾਨੀ ਲਖਨਊ ’ਚ ਲੰਘੀ 10 ਜੂਨ ਨੂੰ ਟਿੱਲੇ ਵਾਲੀ ਮਸੀਤ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ ਸੀ। ਅੱਜ ਮਸੀਤ ਦੀ ਡ੍ਰੋਨ ਕੈਮਰੇ ਨਾਲ ਨਿਗਰਾਨੀ ਕੀਤੀ ਗਈ। ਨਮਾਜ਼ ਪੜ ਕੇ ਬਾਹਰ ਨਿਕਲ ਰਹੇ ਕੁਝ ਨਮਾਜ਼ੀਆਂ ਨੇ ਪੁਲਸ ਮੁਲਾਜ਼ਮਾਂ ਨੂੰ ਫੁੱਲ ਦੇ ਕੇ ਭਾਈਚਾਰੇ ਦਾ ਸੰਦੇਸ਼ ਦਿੱਤਾ।
ਜਾਲੌਨ ’ਚ ਵੀ ਉਰਈ ਬਜਰਿਆ ਦੀ ਸ਼ਾਹੀ ਜਾਮਾ ਮਸਜਿਦ ’ਚ ਨਮਾਜ਼ੀਆਂ ਨੇ ਮਸਜਿਦ ਦੇ ਬਾਹਰ ਖੜੇ ਸੁਰੱਖਿਆ ਮੁਲਾਜ਼ਮਾਂ ਨੂੰ ਫੁੱਲ ਦਿੱਤੇ। ਇਸ ਦੌਰਾਨ ਕੁਝ ਹੋਰ ਸਥਾਨਾਂ ’ਤੇ ਬੱਚੇ ਵੀ ਫੁੱਲ ਲੈ ਕੇ ਖੜੇ ਦਿਖਾਈ ਦਿੱਤੇ। ਕੰਨੌਜ ’ਚ ਡ੍ਰੋਨ ਕੈਮਰੇ ਦੀ ਨਿਗਰਾਨੀ ਦੌਰਾਨ ਛਿਬਰਾਮਊ ਇਲਾਕੇ ’ਚ ਇਕ ਧਾਰਮਿਕ ਸਥਾਨ ’ਚ ਬਣੀ ਮਜ਼ਾਰ ਦੀ ਛੱਤ ’ਤੇ ਇੱਟਾਂ ਦਾ ਢੇਰ ਪਾਇਆ ਗਿਆ। ਇਸ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਨੇ ਉਸ ਮਲਬੇ ਨੂੰ ਉਥੋਂ ਫੌਰਨ ਹਟਾਉਣ ਹੁਕਮ ਦਿੱਤੇ।