ਦੁਨੀਆ ਭਰ ''ਚ ਮੁੰਬਈ ਵਾਲਿਆਂ ਨੂੰ ਝੱਲਣਾ ਪੈਦਾ ਸਭ ਤੋਂ ਜ਼ਿਆਦਾ ''ਟ੍ਰੈਫਿਕ ਜਾਮ''

06/06/2019 4:55:38 PM

ਮੁੰਬਈ— ਦੁਨੀਆ ਭਰ 'ਚ ਸਭ ਤੋਂ ਜ਼ਿਆਦਾ ਟ੍ਰੈਫਿਕ ਜਾਮ ਮੁੰਬਈ ਵਾਲਿਆਂ ਨੂੰ ਝੱਲਣਾ ਪੈਂਦਾ ਹੈ। ਇਹ ਗੱਲ ਇਕ ਕੌਮਾਂਤਰੀ ਸਰਵੇ 'ਚ ਸਾਹਮਣੇ ਆਈ ਹੈ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਲੋਕ ਸੜਕਾਂ 'ਤੇ ਜਾਮ ਲੱਗਣ ਦੀ ਸਥਿਤੀ ਵਿਚ ਆਪਣੀ ਮੰਜ਼ਲ ਤਕ ਪਹੁੰਚਣ ਲਈ ਖਾਲੀ ਸੜਕਾਂ ਦੀ ਤੁਲਨਾ 65 ਫੀਸਦੀ ਜ਼ਿਆਦਾ ਸਮਾਂ ਬਿਤਾਉਣ ਨੂੰ ਮਜਬੂਰ ਹੁੰਦੇ ਹਨ। ਇਹ ਜਾਣਕਾਰੀ ਟੌਮਟੌਮ ਟ੍ਰੈਫਿਕ ਇੰਡੈਕਸ (ਸੂਚੀ) 2018 'ਚ ਸਾਹਮਣੇ ਆਈ ਹੈ। ਟੌਮਟੌਮ ਟ੍ਰੈਫਿਕ ਇੰਡੈਕਸ ਮੁਤਾਬਕ ਟ੍ਰੈਫਿਕ ਜਾਮ ਦੇ ਮਾਮਲੇ ਵਿਚ ਦੇਸ਼ ਦੀ ਰਾਜਧਾਨੀ ਦਿੱਲੀ 'ਚ 58 ਫੀਸਦੀ ਸਮਾਂ ਜ਼ਿਆਦਾ ਬਿਤਾਉਣਾ ਪੈਂਦਾ ਹੈ। ਦਿੱਲੀ ਅਤੇ ਮੁੰਬਈ ਦਰਮਿਆਨ ਕੋਲੰਬੀਆ ਦੀ ਰਾਜਧਾਨੀ ਬਗੋਟਾ 63 ਫੀਸਦੀ ਨਾਲ ਦੂਜੇ ਅਤੇ ਪੇਰੂ ਦੀ ਰਾਜਧਾਨੀ ਲੀਮਾ 58 ਫੀਸਦੀ ਨਾਲ ਤੀਜੇ ਨੰਬਰ 'ਤੇ ਹੈ। ਸੂਚੀ 'ਚ ਸ਼ਾਮਲ ਪਹਿਲੇ ਚਾਰੋਂ ਸ਼ਹਿਰ ਵਿਕਾਸਸ਼ੀਲ ਦੇਸ਼ਾਂ ਦੇ ਹਨ। ਗਲੋਬਲ ਪੋਜ਼ੀਸ਼ਨਿੰਗ ਸਿਸਟਮ (ਜੀ. ਪੀ. ਐੱਸ.) ਆਧਾਰਿਤ ਸਟੱਡੀ ਵਿਚ 8 ਲੱਖ ਤੋਂ ਵੱਧ ਆਬਾਦੀ ਵਾਲੇ 400 ਸ਼ਹਿਰਾਂ ਦਾ ਅਧਿਐਨ ਕੀਤਾ ਗਿਆ ਸੀ।


ਟੌਮਟੌਮ ਦੇ ਵਾਈਸ ਪ੍ਰੈਜੀਡੈਂਟ ਰਾਲਫ-ਪੀਟਰ ਸ਼ੇਫਰ ਨੇ ਦੱਸਿਆ ਕਿ ਕੌਮਾਂਤਰੀ ਪੱਧਰ 'ਤੇ ਟ੍ਰੈਫਿਕ ਵਧਦਾ ਜਾ ਰਿਹਾ ਹੈ। ਇਹ ਚੰਗੀ ਗੱਲ ਵੀ ਹੈ ਅਤੇ ਮਾੜੀ ਵੀ। ਇਹ ਚੰਗਾ ਇਸ ਲਈ ਹੈ, ਕਿਉਂਕਿ ਇਸ ਨਾਲ ਮਜ਼ਬੂਤ ਕੌਮਾਂਤਰੀ ਆਰਥਿਕਤਾ ਦਾ ਸੰਕੇਤ ਮਿਲਦਾ ਹੈ ਪਰ ਇਸ ਦਾ ਨੁਕਸਾਨ ਇਹ ਹੈ ਕਿ ਟ੍ਰੈਫਿਕ 'ਚ ਫਸੇ ਡਰਾਈਵਰਾਂ ਦਾ ਸਮਾਂ ਖਰਾਬ ਹੁੰਦਾ ਹੈ ਅਤੇ ਵਾਤਾਵਰਣ 'ਤੇ ਵੀ ਮਾੜਾ ਅਸਰ ਪੈਂਦਾ ਹੈ। ਟਰਾਂਸਪੋਰਟ ਪਲਾਨਰ ਬੀਨਾ ਬਾਲਕ੍ਰਿਸ਼ਨਨ ਦਾ ਕਹਿਣਾ ਹੈ ਕਿ ਬਦਕਿਸਮਤੀ ਨਾਲ ਦੇਸ਼ 'ਚ ਕਾਰ-ਕੇਂਦਰਿਤ ਨੀਤੀ ਹੈ ਅਤੇ ਕਾਰ ਦੀ ਖਰੀਦ ਅਤੇ ਵਰਤੋਂ 'ਤੇ ਕੋਈ ਪਾਬੰਦੀ ਨਹੀਂ ਹੈ। ਮੁੰਬਈ 'ਚ ਔਸਤਨ 500 ਕਾਰਾਂ ਪ੍ਰਤੀ ਕਿਲੋਮੀਟਰ ਚੱਲਦੀਆਂ ਹਨ। ਇਹ ਦਿੱਲੀ ਤੋਂ ਕਾਫੀ ਜ਼ਿਆਦਾ ਹੈ। ਟੌਮਟੌਮ ਇੰਡੀਆ ਦੀ ਜਨਰਲ ਮੈਨੇਜਰ ਬਾਰਬਰਾ ਬੇਲਪੇਰ ਦਾ ਕਹਿਣਾ ਹੈ ਕਿ ਲੋਕਾਂ 'ਚ ਪ੍ਰਾਈਵੇਟ ਗੱਡੀਆਂ ਦੇ ਇਸਤੇਮਾਲ ਨੂੰ ਘੱਟ ਕਰਨ ਲਈ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ, ਤਾਂ ਕਿ ਟ੍ਰੈਫਿਕ ਜਾਮ ਜਿਹੀ ਸਮੱਸਿਆ ਨੂੰ ਖਤਮ ਕੀਤਾ ਜਾ ਸਕੇ।


Tanu

Content Editor

Related News