ਮੁੰਬਈ ’ਚ ਦੂਜੀ ਲਹਿਰ ਨਾਲ ਨਹੀਂ ਵਿਗੜੇ ਹਾਲਾਤ, ਨਾ ਬੈੱਡ ਲਈ ਭੱਜ-ਦੌੜ ਨਾ ਆਕਸੀਜਨ ਲਈ ਮਾਰਾਮਾਰੀ

Saturday, May 15, 2021 - 03:32 PM (IST)

ਮੁੰਬਈ ’ਚ ਦੂਜੀ ਲਹਿਰ ਨਾਲ ਨਹੀਂ ਵਿਗੜੇ ਹਾਲਾਤ, ਨਾ ਬੈੱਡ ਲਈ ਭੱਜ-ਦੌੜ ਨਾ ਆਕਸੀਜਨ ਲਈ ਮਾਰਾਮਾਰੀ

ਨੈਸ਼ਨਲ ਡੈਸਕ (ਨਰੇਸ਼ ਅਰੋੜਾ)- ਦਿੱਲੀ ਅਤੇ ਮੁੰਬਈ ਦੇਸ਼ ਦੇ 2 ਵੱਡੇ ਸ਼ਹਿਰ ਹਨ । ਇਕ ਦੇਸ਼ ਦੀ ਰਾਜਧਾਨੀ ਹੈ ਤਾਂ ਦੂਜੀ ਦੇਸ਼ ਦੀ ਆਰਥਿਕ ਰਾਜਧਾਨੀ ਹੈ। ਦੋਵਾਂ ਹੀ ਸ਼ਹਿਰਾਂ ਦੀ ਆਬਾਦੀ ਦਾ ਸੰਘਣਾਪਣ ਵੀ ਲੱਗਭਗ ਇਕੋ ਜਿਹਾ ਹੈ। ਮੁੰਬਈ ਦੀ ਆਬਾਦੀ ਕਰੀਬ 1.25 ਕਰੋਡ਼ ਹੈ ਤਾਂ ਦਿੱਲੀ ਦੀ ਆਬਾਦੀ ਕਰੀਬ 1.90 ਕਰੋਡ਼ ਹੈ। ਮੁੰਬਈ ’ਚ ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ-ਬਸਤੀ ਹੋਣ ਕਾਰਨ ਉੱਥੇ ਕੋਰੋਨਾ ਦਾ ਵਾਇਰਸ ਫੈਲਣ ਦਾ ਖ਼ਤਰਾ ਜ਼ਿਆਦਾ ਹੈ ਪਰ ਇਸ ਮਹਾਮਾਰੀ ਦੀ ਦੂਜੀ ਲਹਿਰ ’ਚ ਮਹਾਰਾਸ਼ਟਰ ਦੇ ਲਪੇਟ ’ਚ ਆਉਣ ਦੇ ਬਾਵਜੂਦ ਮੁੰਬਈ ’ਚ ਹਾਲਾਤ ਕਾਬੂ ’ਚ ਰਹੇ ਅਤੇ ਉੱਥੇ ਨਾ ਤਾਂ ਕਿਸੇ ਨੂੰ ਆਕਸੀਜਨ ਦੀ ਮੁਸ਼ਕਿਲ ਆਈ ਅਤੇ ਨਾ ਹੀ ਹਸਪਤਾਲਾਂ ਦੇ ਬਾਹਰ ਮਰੀਜ਼ਾਂ ਦੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਅਤੇ ਨਾ ਹੀ ਸ਼ਮਸ਼ਾਨ ਘਾਟ ’ਚ ਲੋਕ ਅੰਤਿਮ ਸੰਸਕਾਰ ਲਈ ਇੰਤਜ਼ਾਰ ਕਰਦੇ ਨਜ਼ਰ ਆਏ। ਮੁੰਬਈ ਅੱਜ ਕੋਰੋਨਾ ਦੀ ਤੀਜੀ ਲਹਿਰ ਲਈ ਵੀ ਤਿਆਰ ਹੈ, ਕਿਉਂਕਿ ਉੱਥੇ ਖੁੱਲ੍ਹੇ ਮੈਦਾਨਾਂ ’ਚ ਅਸਥਾਈ ਹਸਪਤਾਲ ਬਣਾ ਦਿੱਤੇ ਗਏ ਹਨ ਤੇ ਇਹ ਹਸਪਤਾਲ ਸਾਰੀਆਂ ਸਹੂਲਤਾਂ ਨਾਲ ਲੈਸ ਹਨ। ਅਖੀਰ ਮੁੰਬਈ ਅਤੇ ਦਿੱਲੀ ’ਚ ਇਹ ਫਰਕ ਕਿਵੇਂ ਦੇਖਣ ਨੂੰ ਮਿਲਿਆ, ਜਦੋਂ ਕਿ ਮੁੰਬਈ ਦੀ ਆਬਾਦੀ ਅਤੇ ਮਾਹੌਲ ਕੋਰੋਨਾ ਫੈਲਣ ਲਈ ਜ਼ਿਆਦਾ ਮੁਫੀਦ ਹੈ। ਇਹ ਨਤੀਜੇ ਮੁੰਬਈ ਦੀ ਨਗਰ ਨਿਗਮ ਦੇ ਕਮਿਸ਼ਨਰ ਇਕਬਾਲ ਸਿੰਘ ਚਹਿਲ ਵੱਲੋਂ ਕੀਤੇ ਗਏ ਪ੍ਰਬੰਧਨ ਕਾਰਨ ਆ ਰਹੇ ਹਨ ਅਤੇ ਅੱਜ ਮੁੰਬਈ ’ਚ ਕੋਰੋਨਾ ਦੀ ਦੂਜੀ ਲਹਿਰ ਦੇ ਬਾਵਜੂਦ ਚੀਜ਼ਾਂ ਇਕੋ ਜਿਹੇ ਤੌਰ ’ਤੇ ਚੱਲ ਰਹੀਆਂ ਹਨ। ‘ਜਗ ਬਾਣੀ’ ਨੇ ਇਕਬਾਲ ਸਿੰਘ ਨਾਲ ਗੱਲਬਾਤ ਕਰ ਕੇ ਇਹ ਜਾਣਿਆ ਕਿ ਅਖੀਰ ਉਨ੍ਹਾਂ ਨੇ ਇਹ ਕਿਵੇਂ ਸੰਭਵ ਕੀਤਾ।

ਮੁੰਬਈ ’ਚ ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਭਾਵ ਕਿਉਂ ਨਹੀਂ ਪਿਆ, ਇਹ ਸਭ ਕਿਵੇਂ ਸੰਭਵ ਹੋਇਆ?

ਪਿਛਲੇ ਸਾਲ ਜਦੋਂ ਦੇਸ਼ ’ਚ ਕੋਰੋਨਾ ਨੇ ਦਸਤਕ ਦਿੱਤੀ ਸੀ ਤਾਂ ਉਸ ਸਮੇਂ ਮਾਰਚ ’ਚ ਲਾਕਡਾਊਨ ਲਾ ਦਿੱਤਾ ਗਿਆ ਸੀ ਪਰ ਮੁੰਬਈ ’ਚ ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ-ਬਸਤੀ ਹੋਣ ਕਾਰਣ ਮੁੰਬਈ ’ਚ ਹਾਲਾਤ ਬੇਕਾਬੂ ਹੋ ਗਏ ਸਨ ਅਤੇ ਲੋਕਾਂ ’ਚ ਡਰ ਦਾ ਮਾਹੌਲ ਸੀ, ਕਿਉਂਕਿ ਉਨ੍ਹਾਂ ਨੂੰ ਇਲਾਜ ਨਹੀਂ ਮਿਲ ਪਾ ਰਿਹਾ ਸੀ। ਮਈ ਤੱਕ ਹਾਲਾਤ ਕਾਫ਼ੀ ਵਿਗੜ ਚੁੱਕੇ ਸਨ ਅਤੇ ਮੁੰਬਈ ’ਚ ਮੌਤ ਦਰ ਕਰੀਬ 8 ਫ਼ੀਸਦੀ ਪਹੁੰਚ ਗਈ ਸੀ। ਇਸ ’ਚ ਕੇਂਦਰ ਸਰਕਾਰ ਦੀ ਮਾਨੀਟਰਿੰਗ ਟੀਮ ਨੇ 5 ਤੋਂ 7 ਮਈ ਤੱਕ ਮੁੰਬਈ ਦਾ ਦੌਰਾ ਕੀਤਾ ਅਤੇ 7 ਮਈ ਨੂੰ ਮਹਾਰਾਸ਼ਟਰ ਸਰਕਾਰ ਨੂੰ ਸਿਫਾਰਿਸ਼ ਕੀਤੀ ਕਿ ਮੁੰਬਈ ’ਚ ਨਗਰ ਨਿਗਮ ਦੇ ਕਮਿਸ਼ਨਰ ਨੂੰ ਤੁਰੰਤ ਪ੍ਰਭਾਵ ਤੋਂ ਬਦਲਣਾ ਪਵੇਗਾ। ਇਸ ਤੋਂ ਬਾਅਦ 8 ਮਈ ਨੂੰ ਮੇਰੀ ਬਤੌਰ ਕਮਿਸ਼ਨਰ ਨਿਯੁਕਤੀ ਹੋਈ ਅਤੇ ਮੈਂ ਉਸੇ ਦਿਨ ਆਪਣੀ 120 ਅਫਸਰਾਂ ਦੀ ਕੋਰ ਟੀਮ ਨਾਲ 5 ਘੰਟੇ ਦੀ ਬੈਠਕ ਕੀਤੀ। ਉਸ ਬੈਠਕ ’ਚ ਮੈਂ ਸਾਫ਼ ਕੀਤਾ ਕਿ ਕੋਰੋਨਾ ਲੰਬੇ ਸਮਾਂ ਤੱਕ ਰਹਿਣ ਵਾਲਾ ਹੈ ਅਤੇ ਸਾਨੂੰ ਇਸ ਲਈ ਅਜਿਹਾ ਸਿਸਟਮ ਬਣਾਉਣਾ ਪਵੇਗਾ ਜੋ ਆਪਣੇ-ਆਪ ਕੰਮ ਕਰਦਾ ਰਹੇ। ਇਸ ਮਹਾਮਾਰੀ ’ਚ ਵਿਅਕਤੀ ਦੇ ਨਿੱਜੀ ਤੌਰ ’ਤੇ ਕੰਮ ਕਰਨ ਦੀ ਬਜਾਏ ਸਿਸਟਮ ਦੇ ਕੰਮ ਕਰਨ ਦੀ ਜ਼ਿਆਦਾ ਜ਼ਰੂਰਤ ਹੈ। ਸਾਡੇ ਕੋਲ 1 ਲੱਖ 8 ਹਜ਼ਾਰ ਕਰਮਚਾਰੀ ਹਨ ਅਤੇ ਸਾਡਾ ਬਜਟ ਕਈ ਸੂਬਿਆਂ ਦੇ ਬਜਟ ਦੇ ਮੁਕਾਬਲੇ ਬਹੁਤ ਹੈ। ਸਾਨੂੰ ਆਪਣੀ ਤਾਕਤ ਪਤਾ ਸੀ ਤੇ ਅਸੀਂ ਆਪਣੀ ਸਮਰੱਥਾ ਦਾ ਪੂਰਾ ਇਸਤੇਮਾਲ ਕਰਨ ਦੀ ਯੋਜਨਾ ਬਣਾਈ।

ਵਾਇਰਸ ’ਤੇ ਕਾਬੂ ਪਾਉਣ ਲਈ ਕਿਹੜਾ ਤਰੀਕਾ ਅਪਣਾਇਆ ਗਿਆ?

ਅਸੀਂ ਸਭ ਤੋਂ ਪਹਿਲਾਂ ‘ਚੇਂਜ ਦਿ ਵਾਇਰਸ’ ਨੀਤੀ ’ਤੇ ਕੰਮ ਸ਼ੁਰੂ ਕੀਤਾ। ਇਸ ਦੀ ਸਭ ਤੋਂ ਪਹਿਲਾਂ ਮੁੰਬਈ ਦੇ ਡੇਢ ਲੱਖ ਏਰੀਆ ’ਤੇ ਫੋਕਸ ਕੀਤਾ ਗਿਆ, ਜਿੱਥੇ ਵਾਇਰਸ ਫੈਲਣ ਦਾ ਖ਼ਤਰਾ ਸਭ ਤੋਂ ਜ਼ਿਆਦਾ ਸੀ। ਅਜਿਹੇ ਇਲਾਕਿਆਂ ’ਚ ਲੋਕਾਂ ਦੀਆਂ ਝੁੱਗੀਆਂ ਨੂੰ ਸੈਨੇਟਾਈਜ਼ ਕਰਨ ਤੋਂ ਲੈ ਕੇ ਉਨ੍ਹਾਂ ਦੇ ਸਿਹਤ ਦਾ ਪੂਰਾ ਡਾਟਾ ਤਿਆਰ ਕੀਤਾ ਗਿਆ ਅਤੇ ਹਰ ਪਰਿਵਾਰ ਦੀ ਸਿਹਤ ਦੀ ਮਾਨੀਟਰਿੰਗ ਕੀਤੀ ਗਈ। ਇਸ ਲਈ ਬਤੌਰ ਕਮਿਸ਼ਨਰ ਮੈਂ ਆਪਣੇ-ਆਪ ਧਾਰਾਵੀ ਵਰਗੇ ਇਲਾਕਿਆਂ ’ਚ ਗਿਆ ਅਤੇ ਉੱਥੇ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਉਪਰੰਤ ਵਾਇਰਸ ਦੇ ਖਾਤਮੇ ਦੀ ਯੋਜਨਾ ਤਿਆਰ ਕੀਤੀ ਗਈ। ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਗਿਆ ਅਤੇ ਇਸ ਦਾ ਨਤੀਜਾ ਹੈ ਕਿ ਲੋਕ ਵੀ ਹੁਣ ਜਾਗਰੂਕ ਹਨ ਤੇ ਮੁੰਬਈ ’ਚ ਹੁਣ ਪਹਿਲਾਂ ਵਰਗੀ ਮਹਾਮਾਰੀ ਨਹੀਂ ਹੈ ਅਤੇ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ’ਚ ਵੀ ਤੇਜ਼ੀ ਨਹੀਂ ਹੈ। ਹਾਲਾਂਕਿ ਦੂਜੀ ਲਹਿਰ ਦਾ ਕੁਝ ਅਸਰ ਮੁੰਬਈ ’ਚ ਵੀ ਹੋਇਆ ਹੈ ਅਤੇ ਮਾਮਲਿਆਂ ’ਚ ਅਪ੍ਰੈਲ ਮਹੀਨੇ ’ਚ ਵਾਧਾ ਹੋਇਆ ਹੈ ਪਰ ਸਾਡਾ ਸਿਸਟਮ ਇਸ ਦੇ ਲਈ ਤਿਆਰ ਸੀ। ਲਿਹਾਜ਼ਾ ਮੁੰਬਈ ’ਚ ਮਾਰਾਮਾਰੀ ਵਾਲੇ ਹਾਲਾਤ ਨਹੀਂ ਬਣੇ।

ਇੰਨੀ ਵੱਡੀ ਮਹਾਮਾਰੀ ’ਚ ਡਾਕਟਰਾਂ ਦਾ ਅਤੇ ਹਸਪਤਾਲਾਂ ਦਾ ਪ੍ਰਬੰਧਨ ਕਿਵੇਂ ਹੋਇਆ?

ਮਹਾਮਾਰੀ ਦੇ ਪਹਿਲੇ 2 ਮਹੀਨਿਆਂ ’ਚ ਇਹ ਅੰਦਾਜ਼ਾ ਹੋ ਗਿਆ ਸੀ ਕਿ ਲੋਕ ਹਸਪਤਾਲਾਂ ਦੇ ਬਾਹਰ ਲਾਈਨਾਂ ’ਚ ਹੋਣਗੇ ਅਤੇ ਇਹ ਤਦ ਹੋਵੇਗਾ ਜਦੋਂ ਉਨ੍ਹਾਂ ਦੇ ਕੋਲ ਕੋਰੋਨਾ ਦੇ ਟੈਸਟ ਦੀ ਰਿਪੋਰਟ ਪਹੁੰਚ ਜਾਵੇਗੀ। ਇਸ ਲਈ ਅਸੀਂ ਸਾਰੀ ਆਂ ਨਿੱਜੀ ਲੈਬਸ ਨੂੰ ਇਹ ਨਿਰਦੇਸ਼ ਦਿੱਤਾ ਕਿ ਕੋਈ ਵੀ ਲੈਬੋਰੇਟਰੀ ਕਿਸੇ ਮਰੀਜ਼ ਨੂੰ ਰਿਪੋਰਟ ਨਹੀਂ ਭੇਜੇਗੀ। ਸਾਰੀਆਂ ਰਿਪੋਰਟਾਂ ਸਭ ਤੋਂ ਪਹਿਲਾਂ ਮੁੰਬਈ ਨਗਰ ਨਿਗਮ ਕੋਲ ਆਉਣਗੀਆਂ। ਸਾਡੀ ਇਸ ਨੀਤੀ ਕਾਰਣ ਹਰ ਰੋਜ਼ ਅੱਧੀ ਰਾਤ ਸਾਡੇ ਕੋਲ ਰਿਪੋਰਟਾਂ ਆ ਰਹੀਆਂ ਸਨ ਅਤੇ ਅਸੀਂ ਇਨ੍ਹਾਂ ਰਿਪੋਰਟਾਂ ਨੂੰ ਸਟੱਡੀ ਕਰਨ ਲਈ ਡਾਕਟਰਾਂ ਦੀ ਟੀਮ ਬਿਠਾ ਰੱਖੀ ਸੀ। ਮੰਨ ਲਓ ਸਾਡੇ ਕੋਲ 10 ਹਜ਼ਾਰ ਪਾਜ਼ੇਟਿਵ ਮਾਮਲੇ ਆਏ ਤਾਂ ਇਹ ਸਾਰੀ ਰਿਪੋਰਟਾਂ ਇਕ ਕੇਂਦਰੀ ਸਿਸਟਮ ਜ਼ਰੀਏ ਮੁੰਬਈ ਦੇ 24 ਵਾਰਡਾਂ ’ਚ ਬੈਠੇ ਡਾਕਟਰਾਂ ਕੋਲ ਪਹੁੰਚ ਰਹੀਆਂ ਸਨ ਅਤੇ ਇਕ ਵਾਰਡ ’ਚ ਔਸਤਨ 400 ਦੇ ਕਰੀਬ ਰਿਪੋਰਟਾਂ ਜਾਂਦੀਆਂ ਸਨ। ਡਾਕਟਰ ਇਨ੍ਹਾਂ ’ਚੋਂ ਕੋਰੋਨਾ ਦੇ ਲੱਛਣਾਂ ਵਾਲੇ ਮਰੀਜ਼ਾਂ ਦੀ ਰਿਪੋਰਟ ਦੀ ਛਾਂਟੀ ਕਰ ਕੇ ਉਨ੍ਹਾਂ ਤੱਕ ਪਹੁੰਚ ਕਰਦੇ ਸਨ ਅਤੇ ਇਨ੍ਹਾਂ ’ਚੋਂ 10 ਫ਼ੀਸਦੀ ਲੋਕ ਹੀ ਅਜਿਹੇ ਸਨ ਜਿਨ੍ਹਾਂ ਨੂੰ ਸਾਹ ਲੈਣ ’ਚ ਤਕਲੀਫ, ਆਕਸੀਜਨ ਦੀ ਕਮੀ ਅਤੇ ਤੇਜ਼ ਬੁਖਾਰ ਵਰਗੇ ਗੰਭੀਰ ਲੱਛਣ ਸਨ। ਇਨ੍ਹਾਂ ਮਰੀਜ਼ਾਂ ਨੂੰ ਵੀ ਲੈਣ ਲਈ ਵਾਰਡ ਦੀ ਐਂਬੂਲੈਂਸ ਜਾ ਰਹੀ ਸੀ ਤਾਂ ਇਸ ਤੋਂ ਮਰੀਜ਼ ਲੋਕਾਂ ਦੇ ਸੰਪਰਕ ’ਚ ਨਹੀਂ ਆ ਰਿਹਾ ਸੀ, ਜੋ ਬਾਕੀ 90 ਫੀਸਦੀ ਬਿਨਾਂ ਲੱਛਣ ਵਾਲੇ ਮਰੀਜ਼ ਸਨ ਉਨ੍ਹਾਂ ਨੂੰ ਘਰਾਂ ’ਚ ਰਹਿਣ ਦੇ ਨਿਰਦੇਸ਼ ਸਨ ਅਤੇ ਉਨ੍ਹਾਂ ਨੂੰ ਦਿਨ ’ਚ 5 ਵਾਰ ਫੋਨ ਕਰ ਕੇ ਉਨ੍ਹਾਂ ਦੇ ਸਿਹਤ ਦੀ ਮਾਨੀਟਰਿੰਗ ਕੀਤੀ ਜਾ ਰਹੀ ਸੀ। ਇਸ ਤਰ੍ਹਾਂ ਨਾਲ ‘ਚੇਂਜ ਦਿ ਪੇਸ਼ੈਂਟ’ ਪਾਲਿਸੀ ਕਾਰਣ ਹਸਪਤਾਲਾਂ ’ਚ ਮਹਾਮਾਰੀ ਨਹੀਂ ਮਚੀ।

ਨਿੱਜੀ ਹਸਪਤਾਲਾਂ ਦਾ ਸਹਿਯੋਗ ਕਿਵੇਂ ਲਿਆ?

ਮੈਂ ਚਾਰਜ ਸੰਭਾਲਣ ਤੋਂ ਬਾਅਦ 16 ਮਈ ਨੂੰ ਨਿਊਯਾਰਕ ਟਾਈਮਜ਼ ’ਚ ਇਕ ਆਰਟੀਕਲ ਪੜ੍ਹਿਆ, ਜਿਸ ’ਚ ਲਿਖਿਆ ਸੀ ਕਿ ਮੈਡੀਕਲ ਹੱਬ ਮੁੰਬਈ ’ਚ ਕਿਵੇਂ ਕੋਰੋਨਾ ਮਰੀਜ਼ਾਂ ਦੀਆਂ ਮੌਤਾਂ ਹੋ ਰਹੀਆਂ ਹਨ । ਮੈਂ ਆਰਟੀਕਲ ਪੜ੍ਹਨ ਤੋਂ ਬਾਅਦ ਮੁੰਬਈ ਦੇ 35 ਹਸਪਤਾਲਾਂ ਦੇ ਸੀ. ਈ. ਓਜ਼ ਨੂੰ ਬੈਠਕ ਲਈ ਬੁਲਾਇਆ ਅਤੇ ਉਨ੍ਹਾਂ ਨੂੰ ਇਹ ਆਰਟੀਕਲ ਪੜ੍ਹਾਉਂਦੇ ਹੋਏ ਅਪੀਲ ਕੀਤੀ ਕਿ ਜੇਕਰ ਮੁੰਬਈ ’ਚ ਇਸ ਤਰ੍ਹਾਂ ਲੋਕਾਂ ਦੀ ਮੌਤ ਹੋਈ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਤੁਹਾਡੇ ਅਕਸ ਨੂੰ ਹੋਵੇਗਾ, ਕਿਉਂਕਿ ਵਿਦੇਸ਼ ਤੋਂ ਲੋਕ ਹਸਪਤਾਲਾਂ ’ਚ ਨਹੀਂ ਆਉਣਗੇ। ਇਸ ਲਈ ਇਸ ’ਤੇ ਕਾਬੂ ਕਰਨ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਤੇ ਤੁਸੀਂ ਆਪਣੇ ਹਸਪਤਾਲਾਂ ਦੀਆਂ 80 ਫ਼ੀਸਦੀ ਸਹੂਲਤਾਂ ਸਾਨੂੰ ਸਰਕਾਰੀ ਰੇਟਾਂ ’ਤੇ ਦੇ ਦਿਓ। ਇਨ੍ਹਾਂ ਸਾਰੇ 35 ਨਿੱਜੀ ਹਸਪਤਾਲਾਂ ਨੇ ਸਾਡੀ ਅਪੀਲ ਮੰਨੀ ਅਤੇ ਸਹੂਲਤਾਂ ਸਾਡੇ ਹਵਾਲੇ ਕਰ ਦਿੱਤੀਆਂ । ਇਹ ਹੁਕਮ ਪਿਛਲੀ 25 ਮਈ ਨੂੰ ਜਾਰੀ ਹੋਇਆ। ਅੱਜ ਵੀ ਬੀਚ ਕੈਂਡੀ ਵਰਗੇ ਹਸਪਤਾਲ ’ਚ 4 ਹਜ਼ਾਰ ਰੁਪਏ ਰੋਜ਼ਾਨਾ ਦੇ ਹਿਸਾਬ ਨਾਲ ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ। ਇਸ ਦੌਰਾਨ ਨਿੱਜੀ ਹਸਪਤਾਲਾਂ ਨੂੰ ਇਕ ਸਾਲ ’ਚ ਕਰੀਬ 700 ਕਰੋਡ਼ ਰੁਪਏ ਦਾ ਨੁਕਸਾਨ ਹੋਇਆ ਹੈ ਪਰ ਕੋਰੋਨਾ ਖਿਲਾਫ ਜੰਗ ’ਚ ਹਸਪਤਾਲਾਂ ਦਾ ਜੋ ਅਕਸ ਦੁਨੀਆ ’ਚ ਬਣਿਆ ਹੈ ਉਸ ਦੇ ਸਾਹਮਣੇ ਇਹ ਨੁਕਸਾਨ ਕੁਝ ਵੀ ਨਹੀਂ ਹੈ।

ਇੰਨੀ ਵੱਡੀ ਗਿਣਤੀ ’ਚ ਡਾਕਟਰਾਂ ਦਾ ਪ੍ਰਬੰਧਨ ਕਿਵੇਂ ਕੀਤਾ ਗਿਆ?

ਮੈਂ ਪਹਿਲਾਂ ਮਹਾਰਾਸ਼ਟਰ ’ਚ ਸਿਹਤ ਵਿਭਾਗ ਦਾ ਸਕੱਤਰ ਰਿਹਾ ਸੀ। ਇਸ ਕਾਰਣ ਕਈ ਮੈਡੀਕਲ ਕਾਲਜ ਮੇਰੇ ਨਾਲ ਸੰਪਰਕ ’ਚ ਸਨ। ਮੈਂ ਵਟਸਐਪ ’ਤੇ ਡਾਕਟਰਾਂ ਦੀ ਭਰਤੀ ਦੀ ਮੁਹਿੰਮ ਸ਼ੁਰੂ ਕੀਤੀ ਅਤੇ ਡਾਕਟਰੀ ਦੀ ਪੜ੍ਹਾਈ ਕਰ ਰਹੇ ਸਟੂਡੈਂਟਸ ਨੂੰ ਅੱਗੇ ਆਉਣ ਲਈ ਕਿਹਾ। ਉਨ੍ਹਾਂ ਨੂੰ 50 ਹਜ਼ਾਰ ਰੁਪਏ ਮਹੀਨਾ ਤਨਖਾਹ ਤੋਂ ਇਲਾਵਾ ਫਾਈਵ ਸਟਾਰ ਹੋਟਲਸ ’ਚ ਰਹਿਣ ਦਾ ਪ੍ਰਬੰਧ ਕੀਤਾ ਗਿਆ ਅਤੇ ਇਸ ਤਰ੍ਹਾਂ ਨਾਲ 1100 ਡਾਕਟਰ ਜੋਡ਼ੇ ਗਏ। ਸਾਨੂੰ 24 ਕੰਟਰੋਲ ਰੂਮਾਂ ’ਚ 3 ਸ਼ਿਫਟਾਂ ’ਚ ਕੰਮ ਕਰਨ ਲਈ 720 ਡਾਕਟਰ ਚਾਹੀਦੇ ਸਨ। ਇਸ ਤੋਂ ਇਲਾਵਾ ਮਰੀਜ਼ਾਂ ਦੀ ਦੇਖਭਾਲ ’ਚ ਵੀ ਨੌਜਵਾਨ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਗਈਆਂ।

ਦਿੱਲੀ ’ਚ ਹਾਲਾਤ ਵਿਚ ਕਿਵੇਂ ਸੁਧਾਰ ਹੋ ਸਕਦਾ ਹੈ?

ਦਿੱਲੀ ’ਚ ਵੀ ਇਹ ਮਾਡਲ ਕੰਮ ਕਰ ਸਕਦਾ ਹੈ। ਸਹੂਲਤਾਂ ਦਾ ਵਿਕੇਂਦਰੀਕਰਣ ਕਰਨ ਦੀ ਜ਼ਰੂਰਤ ਹੈ। ਅੱਜ ਸਾਡੇ ਕੋਲ ਮੁੰਬਈ ’ਚ 142 ਨਿੱਜੀ ਅਤੇ ਨਗਰ ਨਿਗਮ ਦੇ 40 ਹਸਪਤਾਲਾਂ ਦੇ ਸਾਰੇ ਸੰਸਾਧਨ ਇਕ ਡੈਸ਼ ਬੋਰਡ ’ਤੇ ਹਨ ਤੇ ਇਕ ਆਮ ਵਿਅਕਤੀ ਤੋਂ ਲੈ ਕੇ ਇਕ ਮੰਤਰੀ ਤੱਕ ਨੂੰ ਬੈੱਡ ਦੀ ਅਲਾਟਮੈਂਟ ਇਸ ਪ੍ਰਕਿਰਿਆ ਜ਼ਰੀਏ ਹੋ ਰਹੀ ਹੈ। ਜੇਕਰ ਦਿੱਲੀ ’ਚ ਵੀ ਸੰਸਾਧਨਾਂ ਦਾ ਪੂਰਾ ਇਸਤੇਮਾਲ ਕਰ ਕੇ ਉਨ੍ਹਾਂ ਦਾ ਵਿਕੇਂਦਰੀਕਰਣ ਕਰ ਦਿੱਤਾ ਜਾਵੇ ਤਾਂ ਹਾਲਾਤ ਕਾਬੂ ’ਚ ਆ ਸਕਦੇ ਹਨ। ਉਦਾਹਰਣ ਦੇ ਤੌਰ ’ਤੇ ਮੁੰਬਈ ’ਚ 24 ਵਾਰਡਾਂ ਦੀ ਵੰਡ ਕੀਤੀ ਗਈ ਹੈ ਤਾਂ ਫੋਨ ਕਾਲ ਉਨ੍ਹਾਂ 24 ਵਾਰਡਾਂ ’ਚ ਵੰਡੇ ਗਏ ਹਨ ਤੇ ਜੇਕਰ ਇਹ ਸਾਰਾ ਬੋਝ ਇਕ ਹੀ ਜਗ੍ਹਾ ’ਤੇ ਆਏ ਤਾਂ ਸਿਸਟਮ ਬੈਠ ਜਾਵੇਗਾ।

ਪੰਜਾਬ ’ਚ ਹਾਲਾਤ ਵਿਗੜ ਰਹੇ ਹਨ, ਇਸ ਦੇ ਲਈ ਤਿਆਰੀ ਕੀ ਹੈ?

ਮੁੰਬਈ ਦਾ ਉਦਾਹਰਣ ਸਭ ਦੇ ਸਾਹਮਣੇ ਹੈ। ਅਸੀਂ ਇਸ ਲਈ ਨਹੀਂ ਸਿਰਫ ਨਿੱਜੀ ਹਸਪਤਾਲਾਂ ਨੂੰ ਆਪਣੇ ਨਾਲ ਜੋੜਿਆ ਸਗੋਂ ਮੁੰਬਈ ਦੇ ਖੁੱਲ੍ਹੇ ਖੇਡ ਮੈਦਾਨਾਂ ਨੂੰ ਵੀ ਹਸਪਤਾਲਾਂ ’ਚ ਤਬਦੀਲ ਕਰ ਦਿੱਤਾ। ਹੁਣ ਜੇਕਰ ਕੋਰੋਨਾ ਦੀ ਤੀਜੀ ਲਹਿਰ ਵੀ ਆਵੇਗੀ ਤਾਂ ਅਸੀਂ ਇਸ ਲਈ ਤਿਆਰੀ ਕੀਤੀ ਹੈ। ਅਸੀਂ ਮੁੰਬਈ ਦੇ 7 ਖੁੱਲ੍ਹੇ ਮੈਦਾਨਾਂ ’ਚ ਆਈ. ਸੀ. ਯੂ. ਤੇ ਆਕਸੀਜਨ ਦੇ ਨਾਲ- ਨਾਲ ਸਾਰੀਆਂ ਸਹੂਲਤਾਂ ਨਾਲ ਉੱਪਲਬਧ ਹਸਪਤਾਲ ਤਿਆਰ ਕੀਤੇ ਹਨ ਅਤੇ ਇਨ੍ਹਾਂ ’ਚ ਲੈਬ ਤੋਂ ਲੈ ਕੇ ਡਾਕਟਰ, ਸਟਾਫ, ਆਕਸੀਜਨ ਸਭ ਕੁਝ ਉਪਲੱਬਧ ਹੈ ਅਤੇ ਪੰਜਾਬ ’ਚ ਪੁੱਡਾ, ਗਮਾਡਾ ਵਰਗੀਆਂ ਸੰਸਥਾਵਾਂ ਮੋਹਾਲੀ, ਲੁਧਿਆਣਾ, ਜਲੰਧਰ ਵਰਗੇ ਸ਼ਹਿਰਾਂ ’ਚ ਅਜਿਹੇ ਹਜ਼ਾਰਾਂ ਬੈੱਡਾਂ ਦੀ ਸਮਰੱਥਾ ਵਾਲੇ ਹਸਪਤਾਲ ਤਿਆਰ ਕਰ ਸਕਦੀਆਂ ਹਨ। ਇਸ ’ਚ 30 ਤੋਂ 40 ਕਰੋਡ਼ ਰੁਪਏ ਦਾ ਖਰਚ ਆਵੇਗਾ ਅਤੇ ਅਜਿਹੇ 10 ਹਸਪਤਾਲ ਪੇਂਡੂ ਇਲਾਕਿਆਂ ’ਚੋਂ ਆਉਣ ਵਾਲੇ ਮਰੀਜ਼ਾਂ ਦਾ ਬੋਝ ਸੰਭਾਲ ਲੈਣਗੇ ਤਾਂ ਨਿੱਜੀ ਹਸਪਤਾਲ ਦਾ ਢਾਂਚਾ ਨਹੀਂ ਚਰਮਰਾਏਗਾ।

 

 


author

Tanu

Content Editor

Related News