ਹਿੰਸਾ ਪ੍ਰਭਾਵਿਤ ਬੰਗਲਾਦੇਸ਼ ''ਚੋਂ 4500 ਤੋਂ ਵਧੇਰੇ ਭਾਰਤੀ ਵਿਦਿਆਰਥੀ ਪਰਤੇ ਦੇਸ਼

Monday, Jul 22, 2024 - 12:22 AM (IST)

ਨਵੀਂ ਦਿੱਲੀ: ਬੰਗਲਾਦੇਸ਼ ਵਿਚ ਹਿੰਸਕ ਝੜਪਾਂ ਦੇ ਵਿਚਾਲੇ 4500 ਤੋਂ ਵਧੇਰੇ ਭਾਰਤੀ ਵਿਦਿਆਰਥੀ ਸਵਦੇਸ਼ ਪਰਤ ਆਏ ਹਨ। ਇਨ੍ਹਾਂ ਝੜਪਾਂ ਵਿਚ 100 ਤੋਂ ਵਧੇਰੇ ਲੋਕ ਮਾਰੇ ਗਏ ਹਨ। ਵਿਦੇਸ਼ ਮੰਤਰਾਲਾ ਨੇ ਐਤਵਾਰ ਨੂੰ ਕਿਹਾ ਕਿ ਨੇਪਾਲ ਦੇ 500, ਭੂਟਾਨ ਦੇ 38 ਤੇ ਮਾਲਦੀਵ ਦਾ ਇਕ ਵਿਦਿਆਰਥੀ ਵੀ ਭਾਰਤ ਪਹੁੰਚੇ ਹਨ। ਮੰਤਰਾਲਾ ਨੇ ਕਿਹਾ ਕਿ ਬੰਗਲਾਦੇਸ਼ ਵਿਚ ਭਾਰਤੀ ਹਾਈਕਮਿਸ਼ਨ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਸਥਾਨਕ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਵਿਚ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਹੁਣ ਤਕ 4500 ਤੋਂ ਵਧੇਰੇ ਵਿਦਿਆਰਥੀ ਵਾਪਸ ਪਰਤੇ ਹਨ। ਹਾਈਕਮਿਸ਼ਨ ਭਾਰਤੀ ਨਾਗਰਿਕਾਂ ਦੇ ਸਰਹੱਦ ਵਿਚ ਦਾਖਲ ਹੋਣ ਵਾਲੀ ਥਾਂ ਤਕ ਸੁਰੱਖਿਅਤ ਯਾਤਰਾ ਦੀ ਵਿਵਸਥਾ ਕਰ ਰਿਹਾ ਹੈ।

ਮੰਤਰਾਲਾ ਨੇ ਕਿਹਾ ਕਿ ਢਾਕਾ ਵਿਚ ਭਾਰਤੀ ਹਾਈਕਮਿਸ਼ਨ ਤੇ ਚਟਗਾਂਵ, ਰਾਜਸ਼ਾਹੀ, ਸਿਲਹਟ ਤੇ ਖਲਨਾ ਵਿਚ ਸਹਾਇਕ ਹਾਈਕਮਿਸ਼ਨ ਭਾਰਤੀ ਨਾਗਰਿਕਾਂ ਦੀ ਸਵਦੇਸ਼ ਵਾਪਸੀ ਵਿਚ ਸਹਾਇਤਾ ਕਰ ਰਹੇ ਹਨ। ਮੰਤਰਾਲਾ ਨੇ ਬਿਆਨ ਵਿਚ ਕਿਹਾ ਕਿ ਵਿਦੇਸ਼ ਮੰਤਰਾਲਾ ਭਾਰਤੀ ਨਾਗਰਿਕਾਂ ਦੇ ਲਈ ਬੰਦਰਗਾਹਾਂ ਤੇ ਹਵਾਈ ਅੱਡਿਆਂ 'ਤੇ ਸੁਚਾਰੂ ਮਾਰਗ ਪੁਖਤਾ ਕਰਨ ਦੇ ਲਈ ਸਬੰਧਿਤ ਭਾਰਤੀ ਅਧਿਕਾਰੀਆਂ ਦੇ ਨਾਲ ਤਾਲਮੇਲ ਕਰ ਰਿਹਾ ਹੈ।

ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਬੰਗਲਾਦੇਸ਼ ਵਿਚ ਤਕਰੀਬਨ 15000 ਭਾਰਤੀ ਨਾਗਰਿਕ ਹਨ, ਜਿਸ ਵਿਚ 8500 ਵਿਦਿਆਰਥੀ ਹਨ। ਬੰਗਲਾਦੇਸ਼ ਵਿਚ ਹਿੰਸਕ ਝੜਪਾਂ ਜਾਰੀ ਹਨ। ਪ੍ਰਦਰਸ਼ਨਕਾਰੀ ਵਿਦਿਆਰਥੀ ਮੰਗ ਕਰ ਰਹੇ ਹਨ ਕਿ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਵਿਵਾਦਿਤ ਨੌਕਰੀ ਕੋਟਾ ਪ੍ਰਣਾਲੀ ਨੂੰ ਖਤਮ ਕਰੇ।


Baljit Singh

Content Editor

Related News