150 ਤੋਂ ਜ਼ਿਆਦਾ ਦੇਸ਼ਾਂ ਤੋਂ ਆਉਂਦਾ ਸੀ ਮਰਕਜ ਨਿਜ਼ਾਮੁਦੀਨ ''ਚ ਪੈਸਾ

Tuesday, Apr 21, 2020 - 08:49 PM (IST)

150 ਤੋਂ ਜ਼ਿਆਦਾ ਦੇਸ਼ਾਂ ਤੋਂ ਆਉਂਦਾ ਸੀ ਮਰਕਜ ਨਿਜ਼ਾਮੁਦੀਨ ''ਚ ਪੈਸਾ

ਨਵੀਂ ਦਿੱਲੀ - ਦਿੱਲੀ ਦੇ ਨਿਜ਼ਾਮੁਦੀਨ ਸਥਿਤ ਮਰਕਜ ਮਾਮਲੇ ਵਿਚ ਕ੍ਰਾਇਮ ਬ੍ਰਾਂਚ ਨੇ ਵੱਡਾ ਖੁਲਾਸਾ ਕੀਤਾ ਹੈ। ਇਥੇ ਵਿਦੇਸ਼ਾਂ ਤੋਂ ਪੈਸਾ ਆਉਂਦਾ ਸੀ। ਇੰਨਾ ਹੀ ਨਹੀਂ, ਇਥੋਂ ਕੁਝ ਲੋਕ ਧਰਮ ਦਾ ਪ੍ਰਚਾਰ ਕਰਨ ਦੀ ਥਾਂ ਪੈਸਾ ਲੈਣ ਵਿਦੇਸ਼ ਜਾਂਦੇ ਸਨ। ਜਾਂਚ ਵਿਚ ਪਤਾ ਲੱਗਾ ਹੈ ਕਿ ਕਈ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖ ਵੀ ਮਰਕਜ ਵਾਲਿਆਂ ਨੂੰ ਪੈਸੇ ਦਿੰਦੇ ਸਨ।

ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਕੋਰੋਨਾ ਦੇ ਮਹਾ ਸੰਕਟ ਵਿਚਾਲੇ ਵੀ ਇਥੋਂ ਕੁਝ ਲੋਕ ਚੀਨ ਵੀ ਗਏ ਸਨ ਅਤੇ ਚੀਨ ਤੋਂ ਫਿਰ ਮਰਕਜ ਆਏ ਸਨ। ਪੁਲਸ ਸੂਤਰਾਂ ਦੀ ਮੰਨੀਏ ਤਾਂ ਮਰਕਜ ਵਿਚ 150 ਤੋਂ ਲੈ ਕੇ 200 ਦੇਸ਼ਾਂ ਤੋਂ ਫੰਡ ਆਉਂਦਾ ਸੀ। ਮਰਕਜ ਨਾਲ ਜੁੜੇ ਜਮਾਤੀਆਂ ਨੂੰ ਧਰਮ ਦੇ ਪ੍ਰਚਾਰ ਦੇ ਨਾਂ 'ਤੇ ਵਿਦੇਸ਼ ਭੇਜ ਕੇ ਉਥੋਂ ਪੈਸੇ ਲਿਆਉਣ ਦਾ ਕੰਮ ਕੀਤਾ ਜਾਂਦਾ ਸੀ ਭਾਵ ਧਰਮ ਦੇ ਪ੍ਰਚਾਰ ਦੇ ਨਾਂ 'ਤੇ ਵਿਦੇਸ਼ਾਂ ਤੋਂ ਫੰਡ ਇਕੱਠਾ ਕਰਨ ਦਾ ਕੰਮ ਇਥੇ ਕੀਤਾ ਜਾਂਦਾ ਸੀ।

ਜ਼ਿਕਰਯੋਗ ਹੈ ਕਿ ਜਿਹੜਾ ਵੀ ਵਿਦੇਸ਼ ਜਾਂਦਾ ਸੀ, ਉਹ ਆਪਣਾ ਖਰਚ ਵੀ ਖੁਦ ਹੀ ਚੁੱਕਦਾ ਸੀ। ਇੰਨਾ ਹੀ ਨਹੀਂ, ਇਥੇ ਹੈਸੀਅਤ ਦੇ ਹਿਸਾਬ ਨਾਲ ਲੋਕਾਂ ਨੂੰ ਅਲੱਗ-ਅਲੱਗ ਥਾਂਵਾਂ 'ਤੇ ਭੇਜਿਆ ਜਾਂਦਾ ਸੀ। ਉਦਾਹਰਣ, ਜੇਕਰ ਕੋਈ ਘੱਟ ਪੈਸੇ ਵਾਲਾ ਹੈ ਤਾਂ ਉਸ ਨੂੰ ਦੇਸ਼ ਦੇ ਹੀ ਕਿਸੇ ਹੋਰ ਰਾਜ ਵਿਚ ਜਦਕਿ ਜ਼ਿਆਦਾ ਪੈਸੇ ਵਾਲੇ ਵਿਅਕਤੀ ਨੂੰ ਵਿਦੇਸ਼ ਭੇਜਿਆ ਜਾਂਦਾ ਸੀ।

ਸੰਗਮ ਵਿਹਾਰ ਅਤੇ ਦੇਵਲੀ ਵਿਚ 3 ਹਾਟਸਪਾਟਾਂ ਦਾ ਕਾਰਨ ਬਣਿਆ ਜਮਾਤੀ ਵੀ ਮਰਕਜ ਦੇ ਆਖਣੇ 'ਤੇ ਹੀ ਫਿਜ਼ੀ ਗਿਆ ਸੀ। ਫਿਜ਼ੀ ਤੋਂ ਵਾਪਸ ਆਉਣ 'ਤੇ ਉਹ ਆਪਣੇ ਘਰ ਆਉਣ ਦੀ ਥਾਂ ਸਿੱਧੇ ਮਰਕਜ ਗਿਆ। ਉਥੇ ਕੁਝ ਦਿਨ ਰੁਕਿਆ ਅਤੇ ਉਸ ਤੋਂ ਬਾਅਦ ਆਪਣੇ ਘਰ ਆਇਆ, ਜਿਸ ਤੋਂ ਬਾਅਦ ਉਸ ਦੇ ਘਰ ਵਾਲੇ, ਹੋਰ ਥਾਂਵਾਂ 'ਤੇ ਰਹਿਣ ਵਾਲੇ ਪਰਿਵਾਰ ਦੇ ਹੋਰ ਲੋਕ ਅਤੇ ਗੁਆਂਢੀ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋ ਗਏ। ਉਥੇ ਮਰਕਜ ਵਿਚ ਚੀਨ ਤੋਂ ਵੀ ਜਮਾਤੀ ਆਏ ਸਨ, ਜਿਨ੍ਹਾਂ ਨੂੰ ਪੁਲ ਪ੍ਰਹਿਲਾਦਪੁਰ ਦੇ ਕੁਆਰੰਟੀਨ ਸੈਂਟਰ ਵਿਚ ਰੱਖਿਆ ਗਿਆ ਹੈ।


author

Khushdeep Jassi

Content Editor

Related News