ਰਾਮ ਮੰਦਰ ਦੇ ਨਿਰਮਾਣ ਲਈ ਬਣੇ ਕਾਨੂੰਨ : ਮੋਹਨ ਭਾਗਵਤ
Sunday, Nov 25, 2018 - 06:07 PM (IST)

ਮਹਾਰਾਸ਼ਟਰ— 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਕ ਵਾਰ ਫਿਰ ਤੋਂ ਰਾਮ ਮੰਦਰ ਦਾ ਮਾਮਲਾ ਗਰਮਾ ਗਿਆ ਹੈ। ਰਾਸ਼ਟਰੀ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਯੁੱਧਿਆ ਹੀ ਰਾਮ ਦੀ ਜਨਮਭੂਮੀ ਹੈ, ਇਸ ਲਈ ਇੱਥੇ ਹੀ ਰਾਮ ਮੰਦਰ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਥੇ ਰਾਮ ਮੰਦਰ ਨਹੀਂ ਬਣੇਗਾ ਤਾਂ ਉੱਥੇ ਕਿਸ ਦਾ ਮੰਦਰ ਬਣੇਗਾ।
ਮੋਹਨ ਭਾਗਵਤ ਨੇ ਇਸ ਦੇ ਨਾਲ ਹੀ ਕਿਹਾ ਕਿ ਲੱਗਦਾ ਹੈ ਕਿ ਕੋਰਟ ਦੀ ਤਰਜੀਹ 'ਚ ਮੰਦਰ ਹੈ ਹੀ ਨਹੀਂ। ਸਮਾਜ ਸਿਰਫ ਕਾਨੂੰਨ ਨਾਲ ਹੀ ਨਹੀਂ ਚੱਲਦਾ ਅਤੇ ਨਿਆਂ ਵਿਚ ਦੇਰੀ ਵੀ ਅਨਿਆਂ ਦੇ ਬਰਾਬਰ ਹੈ। ਕੋਰਟ ਤੋਂ ਜਲਦੀ ਫੈਸਲਾ ਮਿਲਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਅਯੁੱਧਿਆ ਵਿਚ ਰਾਮ ਮੰਦਰ ਦਾ ਸਥਾਨ ਹੈ। ਰਾਮ ਮੰਦਰ ਦਾ ਮਾਮਲਾ ਰਾਜਨੀਤਕ ਨਹੀਂ ਹੈ। ਰਾਮ ਮੰਦਰ ਦੇ ਨਿਰਮਾਣ 'ਤੇ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ, ਇਸ ਲਈ ਛੇਤੀ ਤੋਂ ਛੇਤੀ ਕਾਨੂੰਨ ਪਾਸ ਕਰਨਾ ਚਾਹੀਦਾ ਹੈ। ਇਕ ਵਾਰ ਫਿਰ ਪੂਰੇ ਦੇਸ਼ ਨੂੰ ਰਾਮ ਮੰਦਰ ਦੇ ਮਾਮਲੇ 'ਤੇ ਇਕੱਠੇ ਖੜ੍ਹੇ ਹੋਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਅੱਜ ਧਰਮ ਸਭਾ ਲਈ ਵੱਡੀ ਗਿਣਤੀ ਵਿਚ ਰਾਮ ਭਗਤ ਅਯੁੱਧਿਆ ਪਹੁੰਚੇ ਹਨ। ਕਰੀਬ 1 ਲੱਖ ਰਾਮ ਭਗਤ ਅਯੁੱਧਿਆ ਪਹੁੰਚੇ ਹਨ। ਉੱਥੇ ਹੀ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਅੱਜ ਨਾਗਪੁਰ ਵਿਚ ਹਨ, ਜਿੱਥੇ ਉਹ ਵਿਸ਼ਵ ਹਿੰਦੂ ਪਰੀਸ਼ਦ ਦੀ ਹੁੰਕਾਰ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਅਯੁੱਧਿਆ ਵਿਚ ਭਗਵਾਨ ਰਾਮ ਮੰਦਰ ਬਣਾਏ ਜਾਣ ਨੂੰ ਲੈ ਕੇ ਉਨ੍ਹਾਂ ਬਿਆਨ ਦਿੱਤਾ ਹੈ।