ਟਰੰਪ ਦੀ ਕਾਰਜਸ਼ੈਲੀ ਅਤੇ ਸੁਭਾਅ ਨੂੰ ਲੈ ਕੇ ਅਮਰੀਕੀਆਂ ’ਚ ਚਿੰਤਾ ਵਧੀ, 62% ਨਾਖ਼ੁਸ਼

Wednesday, Apr 22, 2026 - 04:41 AM (IST)

ਟਰੰਪ ਦੀ ਕਾਰਜਸ਼ੈਲੀ ਅਤੇ ਸੁਭਾਅ ਨੂੰ ਲੈ ਕੇ ਅਮਰੀਕੀਆਂ ’ਚ ਚਿੰਤਾ ਵਧੀ, 62% ਨਾਖ਼ੁਸ਼

ਵਾਸ਼ਿੰਗਟਨ : ਅਮਰੀਕਾ ਵਿਚ ਹਾਲ ਹੀ ਵਿਚ ਕੀਤੇ ਗਏ ਇਕ ਸਰਵੇਖਣ ਮੁਤਾਬਕ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕਾਰਜਸ਼ੈਲੀ ਅਤੇ ਸੁਭਾਅ ਨੂੰ ਲੈ ਕੇ ਅਮਰੀਕੀ ਨਾਗਰਿਕਾਂ ’ਚ ਚਿੰਤਾ ਵਧਦੀ ਜਾ ਰਹੀ ਹੈ। ਸਰਵੇ ਵਿਚ ਕਿਹਾ ਗਿਆ ਹੈ ਕਿ 62 ਫੀਸਦੀ ਅਮਰੀਕੀ ਟਰੰਪ ਦੇ ਕੰਮਕਾਜ ਤੋਂ ਖ਼ੁਸ਼ ਨਹੀਂ ਹਨ। ਇਨ੍ਹਾਂ ਵਿਚ ਉਨ੍ਹਾਂ ਦੀ ਪਾਰਟੀ ਦੇ ਕੁਝ ਰਿਪਬਲਿਕਨ ਵੀ ਸ਼ਾਮਲ ਹਨ, ਜੋ ਉਨ੍ਹਾਂ ਦੇ ਸੁਭਾਅ ’ਤੇ ਸਵਾਲ ਉਠਾ ਰਹੇ ਹਨ। ਹਾਲਾਂਕਿ ਟਰੰਪ ਦੀ ਅਪ੍ਰੂਵਲ ਰੇਟਿੰਗ 36 ਫੀਸਦੀ ’ਤੇ ਬਣੀ ਹੋਈ ਹੈ।

ਸਰਵੇ ਵਿਚ ਕਿਹਾ ਗਿਆ ਹੈ ਕਿ ਬਹੁਤ ਘੱਟ ਅਮਰੀਕੀ ਈਰਾਨ ਉੱਤੇ ਅਮਰੀਕੀ ਹਮਲਿਆਂ ਜਾਂ ਨਾਟੋ ਤੋਂ ਬਾਹਰ ਨਿਕਲਣ ਦੇ ਟਰੰਪ ਦੇ ਫੈਸਲੇ ਦਾ ਸਮਰਥਨ ਕਰਦੇ ਹਨ। ਇਹ ਸਰਵੇ ਰਿਪੋਰਟ ਉਦੋਂ ਆਈ ਹੈ, ਜਦੋਂ ਟਰੰਪ ਪੋਪ ਨਾਲ ਵਿਵਾਦਾਂ ਵਿਚ ਘਿਰੇ ਹੋਏ ਹਨ ਅਤੇ ਈਰਾਨ ਜੰਗ ਵਿਚ ਵੀ ਉਹ ਰਣਨੀਤਕ ਤੌਰ ’ਤੇ ਪਿੱਛੜ ਰਹੇ ਹਨ।

ਸਰਵੇਖਣ ਅਨੁਸਾਰ ਹਾਲ ਹੀ ਦੇ ਦਿਨਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਪਰੂਵਲ ਰੇਟਿੰਗ ਉਨ੍ਹਾਂ ਦੇ ਕਾਰਜਕਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ ਬਣੀ ਹੋਈ ਹੈ, ਕਿਉਂਕਿ ਈਰਾਨ ਜੰਗ ਅਤੇ ਪੋਪ ਲੀਓ ਨਾਲ ਵਿਵਾਦ ਵਿਚਕਾਰ ਕਈ ਅਮਰੀਕੀ ਉਨ੍ਹਾਂ ਦੇ ਸੁਭਾਅ ਤੋਂ ਖ਼ੁਸ਼ ਨਹੀਂ ਹਨ।

ਸਿਰਫ਼ 36 ਫੀਸਦੀ ਅਮਰੀਕੀ ਟਰੰਪ ਦੇ ਕੰਮ ਤੋਂ ਖੁਸ਼
ਸੋਮਵਾਰ ਨੂੰ ਖਤਮ ਹੋਏ 6 ਰੋਜ਼ਾ ਜਨਮਤ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਸਿਰਫ 36 ਫੀਸਦੀ ਅਮਰੀਕੀ ਟਰੰਪ ਦੇ ਕੰਮ ਕਰਨ ਦੇ ਤਰੀਕੇ ਨੂੰ ਪਸੰਦ ਕਰਦੇ ਹਨ, ਜੋ ਇਕ ਮਹੀਨਾਂ ਪਹਿਲਾਂ ਦੇ ਪੱਧਰ ’ਤੇ ਬਣਿਆ ਹੋਇਆ ਹੈ। ਟਰੰਪ ਨੂੰ ਆਪਣੇ ਮੌਜੂਦਾ ਕਾਰਜਕਾਲ ’ਚ ਸਭ ਤੋਂ ਵੱਧ ਅਪਰੂਵਲ ਰੇਟਿੰਗ (47%) ਉਦੋਂ ਮਿਲੀ ਸੀ, ਜਦੋਂ ਉਨ੍ਹਾਂ ਨੇ 20 ਜਨਵਰੀ 2025 ਨੂੰ ਅਹੁਦੇ ਦੀ ਸਹੁੰ ਚੁੱਕੀ ਸੀ।

ਜਦੋਂ 28 ਫਰਵਰੀ ਨੂੰ ਉਨ੍ਹਾਂ ਦੇ ਪ੍ਰਸ਼ਾਸਨ ਅਤੇ ਇਜ਼ਰਾਈਲ ਨੇ ਈਰਾਨ ਵਿਰੁੱਧ ਜੰਗ ਸ਼ੁਰੂ ਕੀਤੀ, ਉਦੋਂ ਤੋਂ ਹੀ ਟਰੰਪ ’ਤੇ ਇਹ ਦਬਾਅ ਬਣਿਆ ਹੋਇਆ ਹੈ। ਲੱਗਭਗ 36 ਫੀਸਦੀ ਅਮਰੀਕੀ ਈਰਾਨ ਵਿਰੁੱਧ ਅਮਰੀਕੀ ਫੌਜੀ ਹਮਲਿਆਂ ਦਾ ਸਮਰਥਨ ਕਰਦੇ ਹਨ, ਜਦਕਿ 10-12 ਅਪ੍ਰੈਲ ਨੂੰ ਕੀਤੇ ਗਏ ਸਰਵੇਖਣ ਵਿਚ ਇਹ ਅੰਕੜਾ 35 ਫੀਸਦੀ ਸੀ। ਦੇਸ਼ ਭਰ ਵਿਚ 4,557 ਅਮਰੀਕੀ ਨੌਜਵਾਨਾਂ ’ਤੇ ਆਨਲਾਈਨ ਕੀਤੇ ਗਏ ਇਸ ਤਾਜ਼ਾ ਸਰਵੇ ਵਿਚ 2 ਫ਼ੀਸਦੀ ਅੰਕਾਂ ਦੀ ਗਲਤੀ (ਤਰੁੱਟੀ) ਦੀ ਗੁੰਜਾਇਸ਼ ਮੰਨੀ ਗਈ ਹੈ।

ਰਿਪਬਲਿਕਨ ਪਾਰਟੀ ਦੇ ਲੋਕ ਸਮਰਥਨ ’ਤੇ ਦੋਫਾੜ
ਸਰਵੇ ਵਿਚ ਪਤਾ ਲੱਗਾ ਹੈ ਕਿ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਲੋਕ ਵੀ ਉਨ੍ਹਾਂ ਨੂੰ ਸਮਰਥਨ ਦੇਣ ਦੇ ਮੁੱਦੇ ’ਤੇ ਦੋ-ਫਾੜ ਹਨ। ਉਨ੍ਹਾਂ ਦੀ ਪਾਰਟੀ ਦੇ ਕੁਝ ਮੈਂਬਰ 79 ਸਾਲਾ ਰਾਸ਼ਟਰਪਤੀ ਦੇ ਸੁਭਾਅ ਅਤੇ ਮਾਨਸਿਕ ਸਥਿਤੀ ਨੂੰ ਲੈ ਕੇ ਕਾਫ਼ੀ ਚਿੰਤਤ ਹਨ।

ਸਰਵੇ ਮੁਤਾਬਕ ਸਿਰਫ਼ 26 ਫੀਸਦੀ ਅਮਰੀਕੀਆਂ ਦਾ ਮੰਨਣਾ ਹੈ ਕਿ ਟਰੰਪ ‘ਸ਼ਾਂਤ ਸੁਭਾਅ’ ਵਾਲੇ ਹਨ। ਇਸ ਸਵਾਲ ’ਤੇ ਰਿਪਬਲਿਕਨ ਵੰਡੇ ਹੋਏ ਹਨ; 53 ਫੀਸਦੀ ਰਿਪਬਲਿਕਨ ਉਨ੍ਹਾਂ ਨੂੰ ਸ਼ਾਂਤ ਸੁਭਾਅ ਦਾ ਮੰਨਦੇ ਹਨ, ਜਦਕਿ 46 ਫੀਸਦੀ ਦਾ ਕਹਿਣਾ ਹੈ ਕਿ ਉਹ ਅਜਿਹੇ ਨਹੀਂ ਹਨ। ਜਦਕਿ ਕੁਝ ਲੋਕਾਂ ਨੇ ਇਸ ਸਵਾਲ ਦਾ ਜਵਾਬ ਦੇਣ ਤੋਂ ਹੀ ਇਨਕਾਰ ਕਰ ਦਿੱਤਾ, ਉਥੇ ਵਿਰੋਧ ’ਚ ਸਿਰਫ 7 ਫੀਸਦੀ ਡੈਮੋਕ੍ਰੇਟ ਹੀ ਟਰੰਪ ਨੂੰ ਸ਼ਾਂਤ ਸੁਭਾਅ ਦਾ ਮੰਨਦੇ ਹਨ।


author

Inder Prajapati

Content Editor

Related News