7.7 ਤੀਬਰਤਾ ਦੇ ਭੂਚਾਲ ਨੇ ਮਚਾਈ ਹਾਹਾਕਾਰ ! ਬੁਲਟ ਟ੍ਰੇਨ ਨੂੰ ਵੀ ਲੱਗੀ ਬ੍ਰੇਕ, ਅਲਰਟ ਜਾਰੀ

Monday, Apr 20, 2026 - 06:21 PM (IST)

7.7 ਤੀਬਰਤਾ ਦੇ ਭੂਚਾਲ ਨੇ ਮਚਾਈ ਹਾਹਾਕਾਰ ! ਬੁਲਟ ਟ੍ਰੇਨ ਨੂੰ ਵੀ ਲੱਗੀ ਬ੍ਰੇਕ, ਅਲਰਟ ਜਾਰੀ

ਇੰਟਰਨੈਸ਼ਨਲ ਡੈਸਕ : ਜਾਪਾਨ 'ਚ ਸੋਮਵਾਰ ਨੂੰ ਆਏ ਇੱਕ ਸ਼ਕਤੀਸ਼ਾਲੀ ਭੂਚਾਲ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਾਪਾਨ ਮੌਸਮ ਵਿਗਿਆਨ ਏਜੰਸੀ (JMA) ਨੇ ਭੂਚਾਲ ਦੀ ਤੀਬਰਤਾ ਪਹਿਲਾਂ 7.5 ਦੱਸੀ ਸੀ, ਜਿਸ ਨੂੰ ਹੁਣ ਵਧਾ ਕੇ 7.7 ਕਰ ਦਿੱਤਾ ਗਿਆ ਹੈ। ਇਸ ਭਿਆਨਕ ਭੂਚਾਲ ਤੋਂ ਬਾਅਦ ਤੱਟਵਰਤੀ ਇਲਾਕਿਆਂ 'ਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ, ਜਿਸ ਕਾਰਨ ਲੋਕਾਂ 'ਚ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ।
ਏਜੰਸੀ ਨੇ ਇਵਾਤੇ, ਹੋਕਾਈਡੋ ਤੇ ਆਓਮੋਰੀ ਪ੍ਰਾਂਤਾਂ ਦੇ ਪ੍ਰਸ਼ਾਂਤ ਤੱਟਾਂ ਲਈ 3 ਮੀਟਰ ਤੱਕ ਉੱਚੀਆਂ ਸੁਨਾਮੀ ਦੀਆਂ ਲਹਿਰਾਂ ਆਉਣ ਦੀ ਚਿਤਾਵਨੀ ਜਾਰੀ ਕੀਤੀ ਸੀ। ਰਿਪੋਰਟਾਂ ਅਨੁਸਾਰ ਕੁਝ ਇਲਾਕਿਆਂ 'ਚ 80 ਸੈਂਟੀਮੀਟਰ ਤੋਂ 40 ਸੈਂਟੀਮੀਟਰ ਤੱਕ ਉੱਚੀਆਂ ਲਹਿਰਾਂ ਦਰਜ ਕੀਤੀਆਂ ਗਈਆਂ ਹਨ। ਹਾਲਾਂਕਿ ਬਾਅਦ 'ਚ ਸਥਿਤੀ ਨੂੰ ਦੇਖਦੇ ਹੋਏ ਸੁਨਾਮੀ ਦੀ ਚਿਤਾਵਨੀ ਹਟਾ ਦਿੱਤੀ ਗਈ ਪਰ ਪ੍ਰਸ਼ਾਸਨ ਨੇ ਲੋਕਾਂ ਨੂੰ ਅਜੇ ਵੀ ਵਾਧੂ ਚੌਕਸੀ ਵਰਤਣ ਦੀ ਅਪੀਲ ਕੀਤੀ ਹੈ।

ਬੁਲੇਟ ਟ੍ਰੇਨਾਂ ਦੀਆਂ ਸੇਵਾਵਾਂ ਰੁਕੀਆਂ, ਯਾਤਰੀ ਪਰੇਸ਼ਾਨ
ਭੂਚਾਲ ਦਾ ਸਭ ਤੋਂ ਵੱਡਾ ਅਸਰ ਜਾਪਾਨ ਦੇ ਹਾਈ-ਸਪੀਡ ਰੇਲ ਨੈੱਟਵਰਕ 'ਤੇ ਦੇਖਣ ਨੂੰ ਮਿਲਿਆ। ਸੁਰੱਖਿਆ ਦੇ ਮੱਦੇਨਜ਼ਰ ਤੋਹੋਕੂ, ਯਾਮਾਗਾਟਾ ਅਤੇ ਅਕੀਤਾ ਸ਼ਿਨਕਾਨਸੇਨ (ਬੁਲੇਟ ਟ੍ਰੇਨ) ਲਾਈਨਾਂ 'ਤੇ ਸੇਵਾਵਾਂ ਤੁਰੰਤ ਰੋਕ ਦਿੱਤੀਆਂ ਗਈਆਂ। ਜਾਪਾਨ ਦੇ ਆਟੋਮੈਟਿਕ ਸੇਫਟੀ ਸਿਸਟਮ ਨੇ ਭੂਚਾਲ ਦੀਆਂ ਲਹਿਰਾਂ ਮਹਿਸੂਸ ਹੁੰਦੇ ਹੀ ਟ੍ਰੇਨਾਂ ਨੂੰ ਰੋਕ ਦਿੱਤਾ, ਜਿਸ ਕਾਰਨ ਕੋਈ ਵੱਡਾ ਹਾਦਸਾ ਹੋਣੋਂ ਬਚ ਗਿਆ। ਫਿਲਹਾਲ ਹਜ਼ਾਰਾਂ ਯਾਤਰੀ ਵੱਖ-ਵੱਖ ਸਟੇਸ਼ਨਾਂ 'ਤੇ ਫਸੇ ਹੋਏ ਹਨ ਅਤੇ ਰੇਲਵੇ ਟ੍ਰੈਕਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਅਗਲੇ ਹਫ਼ਤੇ ਤੱਕ ਵੱਡੇ ਝਟਕਿਆਂ ਦਾ ਖ਼ਤਰਾ
ਮੌਸਮ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਇੱਕ ਹਫ਼ਤੇ ਤੱਕ ਇਸੇ ਤਰ੍ਹਾਂ ਦੇ ਜਾਂ ਇਸ ਤੋਂ ਵੀ ਜ਼ਿਆਦਾ ਤੀਬਰਤਾ ਦੇ ਭੂਚਾਲ ਦੇ ਝਟਕੇ ਆ ਸਕਦੇ ਹਨ। ਹੋਕਾਈਡੋ ਤੋਂ ਚਿਬਾ ਤੱਕ ਦੇ ਲਗਭਗ 182 ਸ਼ਹਿਰਾਂ ਤੇ ਕਸਬਿਆਂ ਲਈ ਵਿਸ਼ੇਸ਼ ਚਿਤਾਵਨੀ ਜਾਰੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜਾਪਾਨ ਦੁਨੀਆ ਦੇ ਸਭ ਤੋਂ ਵੱਧ ਭੂਚਾਲ ਸੰਭਾਵਿਤ ਖੇਤਰਾਂ ਵਿੱਚ ਆਉਂਦਾ ਹੈ। ਸਾਲ 2011 'ਚ ਆਏ 9.0 ਤੀਬਰਤਾ ਦੇ ਭੂਚਾਲ ਅਤੇ ਸੁਨਾਮੀ ਕਾਰਨ ਲਗਭਗ 18,500 ਲੋਕ ਮਾਰੇ ਗਏ ਸਨ ਤੇ ਫੁਕੁਸ਼ੀਮਾ ਪ੍ਰਮਾਣੂ ਪਲਾਂਟ 'ਚ ਵੱਡਾ ਹਾਦਸਾ ਹੋਇਆ ਸੀ। ਇਸ ਸਾਲ 1 ਜਨਵਰੀ ਨੂੰ ਵੀ ਨੋਟੋ ਖੇਤਰ ਵਿੱਚ ਆਏ ਭੂਚਾਲ ਨੇ ਕਾਫੀ ਤਬਾਹੀ ਮਚਾਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News