ਮੋਅਰਸ ਦੇ ਗੁਰਦੁਆਰਾ ਸਾਹਿਬ ''ਚ ਕਮੇਟੀ ਦੇ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, 11 ਜ਼ਖਮੀ

Monday, Apr 20, 2026 - 09:13 PM (IST)

ਮੋਅਰਸ ਦੇ ਗੁਰਦੁਆਰਾ ਸਾਹਿਬ ''ਚ ਕਮੇਟੀ ਦੇ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, 11 ਜ਼ਖਮੀ

ਮੋਅਰਸ (ਜਰਮਨੀ) : ਜਰਮਨੀ ਦੇ ਉੱਤਰੀ ਰਾਈਨ-ਵੈਸਟਫਾਲੀਆ ਰਾਜ ਦੇ ਸ਼ਹਿਰ ਮੋਅਰਸ (Moers) ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਐਤਵਾਰ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਗੁਰਦੁਆਰਾ ਕਮੇਟੀ ਦੇ ਕਬਜ਼ੇ ਅਤੇ ਵਿੱਤੀ ਮਾਮਲਿਆਂ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹਿੰਸਕ ਝੜਪ ਹੋ ਗਈ। ਇਸ ਖੂਨੀ ਟਕਰਾਅ ਵਿੱਚ ਘੱਟੋ-ਘੱਟ 11 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕਈਆਂ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ।

ਚਸ਼ਮਦੀਦਾਂ ਅਨੁਸਾਰ, ਇਹ ਹਮਲਾ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਸੀ। ਹਮਲਾਵਰਾਂ ਨੇ ਪਹਿਲਾਂ ਮਿਰਚ ਸਪਰੇਅ ਦੀ ਵਰਤੋਂ ਕੀਤੀ ਅਤੇ ਫਿਰ ਪਿਸਤੌਲ ਨਾਲ ਫਾਇਰ ਕੀਤੇ। ਘਟਨਾ ਦੌਰਾਨ ਕਿਰਪਾਨਾਂ ਚੱਲੀਆਂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਦੀਆਂ ਪੱਗਾਂ ਲੱਥੀਆਂ ਦੇਖੀਆਂ ਗਈਆਂ। ਹਿੰਸਾ ਇੰਨੀ ਭਿਆਨਕ ਸੀ ਕਿ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸੰਗਤ ਵਿੱਚ ਭਗਦੜ ਮਚ ਗਈ ਅਤੇ ਲੋਕ ਜਾਨ ਬਚਾਉਣ ਲਈ ਨੰਗੇ ਪੈਰੀਂ ਬਾਹਰ ਵੱਲ ਭੱਜੇ।

ਘਟਨਾ ਦੀ ਸੂਚਨਾ ਮਿਲਦੇ ਹੀ ਜਰਮਨ ਪੁਲਸ ਨੇ ਵੱਡੇ ਪੱਧਰ 'ਤੇ ਕਾਰਵਾਈ ਕੀਤੀ। ਮੌਕੇ 'ਤੇ 100 ਤੋਂ ਵੱਧ ਅਧਿਕਾਰੀ, ਜਿਨ੍ਹਾਂ ਵਿੱਚ ਭਾਰੀ ਹਥਿਆਰਾਂ ਨਾਲ ਲੈਸ SEK ਕਮਾਂਡੋ ਸ਼ਾਮਲ ਸਨ, ਤਾਇਨਾਤ ਕੀਤੇ ਗਏ। ਅਸਮਾਨੀ ਨਿਗਰਾਨੀ ਲਈ ਹੈਲੀਕਾਪਟਰ ਦੀ ਮਦਦ ਲਈ ਗਈ ਅਤੇ ਪੁਲਸ ਨੇ ਪੂਰੇ ਇਮਾਰਤ ਨੂੰ ਘੇਰ ਕੇ ਤਲਾਸ਼ੀ ਲਈ। ਪੁਲਸ ਨੂੰ ਮੌਕੇ ਤੋਂ ਕਾਰਤੂਸਾਂ ਦੇ ਖੋਲ ਮਿਲੇ ਹਨ, ਜੋ ਸ਼ਾਇਦ ਕਿਸੇ ਬਲੈਂਕ-ਫਾਇਰਿੰਗ ਹਥਿਆਰ ਦੇ ਹੋ ਸਕਦੇ ਹਨ। ਪੁਲਸ ਨੇ ਘੱਟੋ-ਘੱਟ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਹੈ।

ਮਿਲੀ ਜਾਣਕਾਰੀ ਅਨੁਸਾਰ, ਇਹ ਸਾਰਾ ਵਿਵਾਦ ਗੁਰਦੁਆਰਾ ਸਾਹਿਬ ਦੀ 'ਗੋਲਕ' ਅਤੇ ਪ੍ਰਬੰਧਕੀ ਕਮੇਟੀ 'ਤੇ ਕੰਟਰੋਲ ਨੂੰ ਲੈ ਕੇ ਹੈ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਕਮੇਟੀ ਮੈਂਬਰਾਂ ਅਤੇ ਮੌਜੂਦਾ ਪ੍ਰਬੰਧਕਾਂ ਵਿਚਾਲੇ ਪੈਸਿਆਂ ਦੇ ਲੈਣ-ਦੇਣ ਅਤੇ ਪ੍ਰਭਾਵ ਸਥਾਪਤ ਕਰਨ ਨੂੰ ਲੈ ਕੇ ਲੰਬੇ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਸੀ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਪੱਤਰਕਾਰਾਂ ਅਤੇ ਬੁੱਧੀਜੀਵੀਆਂ ਨੇ ਇਸ ਨੂੰ ਬਹੁਤ ਹੀ "ਸ਼ਰਮਨਾਕ" ਦੱਸਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਜਿਹੀ ਹਿੰਸਾ ਕੀਤੀ ਗਈ। ਫਿਲਹਾਲ ਜਰਮਨ ਪੁਲਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।
 


author

Inder Prajapati

Content Editor

Related News