''''ਸਾਨੂੰ ਨਹੀਂ ਚਾਹੀਦਾ ਅਜਿਹਾ ਪੋਪ..!'''' ਟਰੰਪ ਨੇ ਮੁੜ ਵਿੰਨ੍ਹਿਆ ਨਿਸ਼ਾਨਾ
Wednesday, Apr 15, 2026 - 01:52 PM (IST)
ਵਾਸ਼ਿੰਗਟਨ (ਵਾਰਤਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵੈਟੀਕਨ ਦੇ ਪੋਪ ਲਿਓ ਵਿਚਕਾਰ ਚੱਲ ਰਿਹਾ ਵਿਵਾਦ ਹੁਣ ਹੋਰ ਡੂੰਘਾ ਹੋ ਗਿਆ ਹੈ। ਬੁੱਧਵਾਰ ਨੂੰ ਟਰੰਪ ਨੇ ਪੋਪ 'ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਜਿਸ ਈਰਾਨ ਨੇ ਪਿਛਲੇ ਦੋ ਮਹੀਨਿਆਂ ਵਿੱਚ 42,000 ਨਿਰਦੋਸ਼ ਪ੍ਰਦਰਸ਼ਨਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ, ਉਸ ਕੋਲ ਪਰਮਾਣੂ ਹਥਿਆਰ ਹੋਣਾ ਬਿਲਕੁਲ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਸੋਸ਼ਲ ਮੀਡੀਆ 'ਤੇ ਪੋਪ ਨੂੰ ਦਿੱਤੀ ਨਸੀਹਤ
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਲਿਖਿਆ, "ਕੀ ਕੋਈ ਪੋਪ ਲਿਓ ਨੂੰ ਦੱਸੇਗਾ ਕਿ ਈਰਾਨ ਨੇ ਹਜ਼ਾਰਾਂ ਨਿਹੱਥੇ ਲੋਕਾਂ ਦਾ ਕਤਲ ਕੀਤਾ ਹੈ?"। ਅਜਿਹੀ ਸਥਿਤੀ ਵਿਚ ਈਰਾਨ ਕੋਲ ਪਰਮਾਣੂ ਬੰਬ ਹੋਣਾ ਬਿਲਕੁਲ ਅਸਵੀਕਾਰਯੋਗ ਹੈ। ਇਹ ਤਲਖ਼ੀ ਉਦੋਂ ਵਧੀ ਹੈ ਜਦੋਂ ਟਰੰਪ ਨੂੰ ਭਾਰੀ ਵਿਰੋਧ ਕਾਰਨ ਆਪਣੀ ਇੱਕ AI ਨਾਲ ਬਣੀ ਤਸਵੀਰ ਹਟਾਉਣੀ ਪਈ, ਜਿਸ ਵਿੱਚ ਉਹਨਾਂ ਨੂੰ ਪੋਪ ਦੇ ਪਹਿਰਾਵੇ ਵਿੱਚ ਦਿਖਾਇਆ ਗਿਆ ਸੀ। ਇਸ ਤਸਵੀਰ ਵਿਚ ਟਰੰਪ ਨੂੰ ਇੰਝ ਦਿਖਾਇਆ ਗਿਆ ਜਿਵੇਂ ਉਹ ਸਵਰਗ ਤੋਂ ਉਤਰੇ ਹੋਣ ਅਤੇ ਇਕ ਬਿਮਾਰ ਵਿਅਕਤੀ ਨੂੰ ਠੀਕ ਕਰ ਰਹੇ ਹੋਣ।

ਪੋਪ ਦਾ ਸ਼ਾਂਤੀ ਦਾ ਸੁਨੇਹਾ ਅਤੇ ਟਰੰਪ ਦਾ ਪਲਟਵਾਰ
ਜ਼ਿਕਰਯੋਗ ਹੈ ਕਿ ਪੋਪ ਲਿਓ ਨੇ ਹਾਲ ਹੀ ਵਿੱਚ ਵੈਟੀਕਨ ਸਿਟੀ ਵਿੱਚ ਪ੍ਰਾਰਥਨਾ ਦੌਰਾਨ ਕਿਹਾ ਸੀ ਕਿ ਈਰਾਨ ਯੁੱਧ ਦੇ ਆਲੇ-ਦੁਆਲੇ 'ਸਰਵਸ਼ਕਤੀਮਾਨ ਹੋਣ ਦਾ ਭਰਮ' ਫੈਲਿਆ ਹੋਇਆ ਹੈ ਅਤੇ ਹੁਣ ਯੁੱਧ ਬੰਦ ਹੋਣਾ ਚਾਹੀਦਾ ਹੈ। ਇਸ ਦੇ ਜਵਾਬ ਵਿੱਚ ਟਰੰਪ ਨੇ ਪੋਪ ਨੂੰ 'ਅਪਰਾਧ ਪ੍ਰਤੀ ਨਰਮ' ਅਤੇ ਵਿਦੇਸ਼ ਨੀਤੀ ਲਈ ਬੁਰਾ ਦੱਸਿਆ। ਉਹਨਾਂ ਸਪੱਸ਼ਟ ਕੀਤਾ ਕਿ ਉਹਨਾਂ ਨੂੰ ਅਜਿਹਾ ਪੋਪ ਨਹੀਂ ਚਾਹੀਦਾ ਜੋ ਈਰਾਨ ਦੇ ਪਰਮਾਣੂ ਹਥਿਆਰਾਂ ਨੂੰ ਸਹੀ ਸਮਝਦਾ ਹੋਵੇ।
ਪੜ੍ਹੋ ਇਹ ਅਹਿਮ ਖ਼ਬਰ- ਮੁੜ ਜੰਗ ਛੇੜਨ ਦੀ ਤਿਆਰੀ 'ਚ ਟਰੰਪ ! ਈਰਾਨ ਜੰਗਬੰਦੀ ਨੂੰ ਲੈ ਕੇ ਦੇ'ਤਾ ਵੱਡਾ ਬਿਆਨ
ਜੇਡੀ ਵੈਂਸ ਨੇ ਕੀਤਾ ਬਚਾਅ
ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ, ਜੋ ਖੁਦ ਇੱਕ ਕੈਥੋਲਿਕ ਹਨ, ਨੇ ਵੀ ਟਰੰਪ ਦਾ ਪੱਖ ਪੂਰਿਆ ਹੈ। ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਵੈਟੀਕਨ ਲਈ ਇਹੀ ਬਿਹਤਰ ਹੋਵੇਗਾ ਕਿ ਉਹ ਆਪਣੇ ਆਪ ਨੂੰ ਸਿਰਫ਼ ਨੈਤਿਕਤਾ ਅਤੇ ਚਰਚ ਦੇ ਮਾਮਲਿਆਂ ਤੱਕ ਸੀਮਤ ਰੱਖੇ ਅਤੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਦੇਸ਼ ਦੀ ਜਨਤਕ ਨੀਤੀ ਤੈਅ ਕਰਨ ਦੇਵੇ। ਦੂਜੇ ਪਾਸੇ, ਪੋਪ ਲਿਓ ਨੇ ਵੀ ਦਲੇਰੀ ਨਾਲ ਕਿਹਾ ਹੈ ਕਿ ਉਹ ਟਰੰਪ ਪ੍ਰਸ਼ਾਸਨ ਤੋਂ ਡਰਦੇ ਨਹੀਂ ਹਨ ਅਤੇ ਸ਼ਾਂਤੀ ਲਈ ਬੋਲਣਾ ਜਾਰੀ ਰੱਖਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
