ਅਜੇ ਲੱਗ ਸਕਦੇ ਨੇ 6 ਮਹੀਨੇ...! Hormuz ਬਾਰੇ ਪੈਂਟਾਗਨ ਦਾ ਵੱਡਾ ਬਿਆਨ
Thursday, Apr 23, 2026 - 04:30 PM (IST)
ਵਾਸ਼ਿੰਗਟਨ/ਤੇਹਰਾਨ : ਹੋਰਮੁਜ਼ ਦੀ ਖਾੜੀ (Strait of Hormuz) 'ਚ ਚੱਲ ਰਿਹਾ ਫੌਜੀ ਅਤੇ ਰਾਜਨੀਤਿਕ ਗਤੀਰੋਧ ਹੁਣ ਇੱਕ ਗੰਭੀਰ ਵਿਸ਼ਵਵਿਆਪੀ ਆਰਥਿਕ ਸੰਕਟ ਦਾ ਰੂਪ ਧਾਰਨ ਕਰ ਰਿਹਾ ਹੈ। ਪੈਂਟਾਗਨ ਨੇ ਅਮਰੀਕੀ ਕਾਂਗਰਸ ਨੂੰ ਇੱਕ ਬ੍ਰੀਫਿੰਗ ਦੌਰਾਨ ਦੱਸਿਆ ਹੈ ਕਿ ਈਰਾਨ ਦੁਆਰਾ ਇਸ ਮਹੱਤਵਪੂਰਨ ਸਮੁੰਦਰੀ ਰਸਤੇ 'ਚ ਵਿਛਾਈਆਂ ਗਈਆਂ ਸਮੁੰਦਰੀ ਸੁਰੰਗਾਂ (Naval Mines) ਨੂੰ ਸਾਫ਼ ਕਰਨ 'ਚ ਅਮਰੀਕਾ ਨੂੰ ਛੇ ਮਹੀਨਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ।
GPS ਤਕਨਾਲੋਜੀ ਨਾਲ ਲੈਸ ਹਨ ਸੁਰੰਗਾਂ
ਰਿਪੋਰਟਾਂ ਅਨੁਸਾਰ ਈਰਾਨ ਨੇ ਖਾੜੀ 'ਚ 20 ਜਾਂ ਇਸ ਤੋਂ ਵੱਧ ਸੁਰੰਗਾਂ ਤਾਇਨਾਤ ਕੀਤੀਆਂ ਹਨ। ਅਮਰੀਕੀ ਰੱਖਿਆ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਇਹਨਾਂ 'ਚੋਂ ਕੁਝ ਵਿਸਫੋਟਕ ਬਹੁਤ ਹੀ ਆਧੁਨਿਕ ਹਨ ਅਤੇ ਜੀਪੀਐੱਸ ਤਕਨਾਲੋਜੀ ਦੀ ਵਰਤੋਂ ਕਰਕੇ ਤਾਇਨਾਤ ਕੀਤੇ ਗਏ ਹਨ, ਜਿਸ ਕਾਰਨ ਅਮਰੀਕੀ ਫੌਜਾਂ ਲਈ ਇਹਨਾਂ ਦਾ ਪਤਾ ਲਗਾਉਣਾ ਬਹੁਤ ਮੁਸ਼ਕਲ ਹੋ ਰਿਹਾ ਹੈ। ਹੈਲੀਕਾਪਟਰਾਂ, ਡਰੋਨਾਂ ਤੇ ਮਾਹਰ ਗੋਤਾਖੋਰਾਂ ਦੀ ਮਦਦ ਨਾਲ ਇਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਤੇਲ ਦੀਆਂ ਕੀਮਤਾਂ 100 ਡਾਲਰ ਤੋਂ ਪਾਰ
ਇਸ ਰੁਕਾਵਟ ਦਾ ਸਿੱਧਾ ਅਸਰ ਕੌਮਾਂਤਰੀ ਬਾਜ਼ਾਰ 'ਤੇ ਦੇਖਣ ਨੂੰ ਮਿਲ ਰਿਹਾ ਹੈ। ਬਰੈਂਟ ਕਰੂਡ (Brent Crude) ਦੀ ਕੀਮਤ 101.76 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ, ਜਦੋਂ ਕਿ ਵੈਸਟ ਟੈਕਸਾਸ ਇੰਟਰਮੀਡੀਏਟ ਫਿਊਚਰਜ਼ ਵੀ 92.82 ਡਾਲਰ 'ਤੇ ਦਰਜ ਕੀਤੇ ਗਏ ਹਨ। ਦੱਸਣਯੋਗ ਹੈ ਕਿ ਹੋਰਮੁਜ਼ ਦੀ ਖਾੜੀ ਦੁਨੀਆ ਦੀ ਰੋਜ਼ਾਨਾ ਤੇਲ ਅਤੇ ਕੁਦਰਤੀ ਗੈਸ ਦੀ ਸਪਲਾਈ ਦਾ ਲਗਭਗ 20 ਫੀਸਦੀ ਹਿੱਸਾ ਸੰਭਾਲਦੀ ਹੈ।
ਟਰੰਪ ਦੀ ਈਰਾਨ ਨੂੰ ਸਖ਼ਤ ਚਿਤਾਵਨੀ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੇਹਰਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਇਹ ਸੁਰੰਗਾਂ ਨਾ ਹਟਾਈਆਂ ਗਈਆਂ ਤਾਂ ਈਰਾਨ ਨੂੰ ਅਜਿਹੇ ਨਤੀਜੇ ਭੁਗਤਣੇ ਪੈਣਗੇ ਜੋ ਪਹਿਲਾਂ ਕਦੇ ਨਹੀਂ ਦੇਖੇ ਗਏ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਸਪੱਸ਼ਟ ਕੀਤਾ ਹੈ ਕਿ ਅਮਰੀਕੀ ਫੌਜਾਂ ਸੁਰੰਗਾਂ ਵਿਛਾਉਣ ਵਾਲੇ ਸ਼ੱਕੀ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਅਤੇ ਅਮਰੀਕਾ "ਅੱਤਵਾਦੀਆਂ ਨੂੰ ਹੋਰਮੁਜ਼ ਦੀ ਖਾੜੀ ਨੂੰ ਬੰਧਕ ਨਹੀਂ ਬਣਾਉਣ ਦੇਵੇਗਾ"।
ਈਰਾਨ ਦਾ ਇਨਕਾਰ ਤੇ ਗੁੰਝਲਦਾਰ ਸਥਿਤੀ
ਦੂਜੇ ਪਾਸੇ ਈਰਾਨ ਦੇ ਉਪ ਵਿਦੇਸ਼ ਮੰਤਰੀ ਮਾਜਿਦ ਤਖਤ-ਰਵਾਂਚੀ ਨੇ ਇਹਨਾਂ ਕਾਰਵਾਈਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਕੁਝ ਰਿਪੋਰਟਾਂ ਇਹ ਵੀ ਸੁਝਾਅ ਦਿੰਦੀਆਂ ਹਨ ਕਿ ਖੁਦ ਈਰਾਨੀ ਫੌਜ ਸ਼ਾਇਦ ਉਹਨਾਂ ਸਾਰੀਆਂ ਸੁਰੰਗਾਂ ਦੀ ਸਹੀ ਸਥਿਤੀ ਦਾ ਪਤਾ ਲਗਾਉਣ 'ਚ ਅਸਮਰੱਥ ਹੈ ਜੋ ਉਨ੍ਹਾਂ ਨੇ ਤਾਇਨਾਤ ਕੀਤੀਆਂ ਸਨ, ਜਿਸ ਨਾਲ ਖਤਰਾ ਹੋਰ ਵੱਧ ਗਿਆ ਹੈ।
ਅਮਰੀਕੀ ਸਿਆਸਤ 'ਤੇ ਅਸਰ
ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਇਸ ਟਕਰਾਅ ਕਾਰਨ ਅਮਰੀਕਾ ਵਿੱਚ ਜਨਤਕ ਅਸੰਤੁਸ਼ਟੀ ਵੱਧ ਰਹੀ ਹੈ, ਜਿਸਦਾ ਸਿੱਧਾ ਅਸਰ ਆਉਣ ਵਾਲੀਆਂ ਮੱਧਕਾਲੀ (Midterm) ਚੋਣਾਂ 'ਚ ਟਰੰਪ ਦੀ ਲੋਕਪ੍ਰਿਯਤਾ 'ਤੇ ਪੈ ਰਿਹਾ ਹੈ। ਈਰਾਨ ਨੇ ਸਮੁੰਦਰੀ ਰਸਤੇ ਨੂੰ ਖੋਲ੍ਹਣ ਦੀ ਸ਼ਰਤ ਅਮਰੀਕੀ ਸਮੁੰਦਰੀ ਘੇਰਾਬੰਦੀ ਹਟਾਉਣ ਨਾਲ ਜੋੜੀ ਹੈ, ਜਦੋਂ ਕਿ ਟਰੰਪ ਪ੍ਰਸ਼ਾਸਨ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਤਿਆਗਣ ਦੀ ਮੰਗ 'ਤੇ ਅੜਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
