ਰਾਫੇਲ ਸੌਦੇ ''ਚ ਮੋਦੀ ਨੇ ਅਨਿਲ ਅੰਬਾਨੀ ਨੂੰ ਲਾਭ ਪਹੁੰਚਾਇਆ : ਕਾਂਗਰਸ
Wednesday, Aug 29, 2018 - 02:57 AM (IST)
ਨਵੀਂ ਦਿੱਲੀ — ਕਾਂਗਰਸ ਨੇ ਰਾਫੇਲ ਸੌਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਹੈ ਕਿ ਇਹ ਉਨ੍ਹਾਂ ਅਤੇ ਉਦਯੋਗਪਤੀ ਅਨਿਲ ਅੰਬਾਨੀ ਦਰਮਿਆਨ ਡੀਲ ਹੈ। ਮੋਦੀ ਨੇ ਇਸ ਸੌਦੇ 'ਚ ਨਿਯਮਾਂ ਨੂੰ ਛਿੱਕੇ 'ਤੇ ਟੰਗ ਕੇ ਉਦਯੋਗਪਤੀ ਅਨਿਲ ਅੰਬਾਨੀ ਨੂੰ ਲਾਭ ਪਹੁੰਚਾਇਆ ਹੈ।
ਕਾਂਗਰਸ ਦੇ ਬੁਲਾਰੇ ਜੈਪਾਲ ਰੈੱਡੀ ਨੇ ਇਥੇ ਪਾਰਟੀ ਹੈੱਡ ਕੁਆਰਟਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸੌਦੇ ਲਈ ਰੱਖਿਆ ਖਰੀਦ ਸਬੰਧੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ। ਰੱਖਿਆ ਮੰਤਰੀ ਅਤੇ ਵਿਦੇਸ਼ ਸਕੱਤਰ ਨੂੰ ਭਰੋਸੇ 'ਚ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਸੌਦੇ ਨੂੰ ਮੋਦੀ ਅਤੇ ਅੰਬਾਨੀ ਦਰਮਿਆਨ ਸਿੱਧੀ ਡੀਲ ਇਸ ਲਈ ਕਹਿ ਰਹੀ ਹੈ ਕਿਉਂਕਿ ਵਿਦੇਸ਼ ਸਕੱਤਰ ਨੇ ਇਸ ਸਬੰਧੀ ਬਿਆਨ ਦਿੰਦਿਆਂ ਕਿਹਾ ਸੀ ਕਿ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਦਰਮਿਆਨ ਸੌਦੇ ਦਾ ਸਬੰਧ ਨਹੀਂ ਹੈ। ਦੂਜੀ ਗੱਲ ਇਹ ਹੈ ਕਿ ਜਦੋਂ ਸੌਦਾ ਹੋਇਆ ਤਾਂ ਰੱਖਿਆ ਮੰਤਰੀ ਉਥੇ ਮੌਜੂਦ ਨਹੀਂ ਸੀ। ਤੀਜੀ ਗੱਲ ਇਹ ਕਿ ਸੌਦੇ 'ਤੇ ਹਸਤਾਖਰ ਹੋਣ ਤੋਂ ਸਿਰਫ 12 ਦਿਨ ਪਹਿਲਾਂ ਅਨਿਲ ਅੰਬਾਨੀ ਨੇ ਆਪਣੀ ਉਸ ਕੰਪਨੀ ਦੀ ਰਜਿਸਟ੍ਰੇਸ਼ਨ ਕਰਵਾਈ, ਜਿਸ ਨੂੰ ਇਨ੍ਹਾਂ ਹਵਾਈ ਜਹਾਜ਼ਾਂ ਦਾ ਠੇਕਾ ਦਿੱਤਾ ਜਾਣਾ ਸੀ।
