ਪੀ. ਐੱਮ. ਮੋਦੀ ਨੇ ਨੇਪਾਲ ਦੇ ਪ੍ਰਸਿੱਧ ਮੁਕਤੀਨਾਥ ਮੰਦਰ ''ਚ ਕੀਤੀ ਪੂਜਾ

05/12/2018 10:18:52 AM

ਕਾਠਮੰਡੂ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੇਪਾਲ ਦੇ ਪ੍ਰਸਿੱਧ ਮੁਕਤੀਨਾਥ ਮੰਦਰ ਵਿਚ ਪੂਜਾ ਕੀਤੀ, ਜਿਸ ਨੂੰ ਹਿੰਦੂ ਅਤੇ ਬੌਧ ਦੋਵਾਂ ਲਈ ਪਵਿੱਤਰ ਸਥਾਨ ਮੰਨਿਆਂ ਜਾਂਦਾ ਹੈ। ਮੋਦੀ ਨੇ ਬੌਧਾਂ ਦਾ ਰਵਾਇਤੀ ਲਾਲ ਲਿਬਾਸ ਧਾਰਨ ਕੀਤਾ ਸੀ ਅਤੇ ਹਿੰਦੂ ਅਤੇ ਬੌਧ ਦੋਵਾਂ ਰੀਤੀ-ਰਿਵਾਜ਼ਾਂ ਅਨੁਸਾਰ ਪੂਜਾ ਕੀਤੀ। ਮੋਦੀ ਅੱਜ ਮੁਕਤੀਨਾਥ ਤੋਂ ਪਰਤਣ ਤੋਂ ਬਾਅਦ ਪਸ਼ੁਪਤੀਨਾਥ ਮੰਦਰ ਵਿਚ ਵੀ ਪੂਜਾ ਕਰਨਗੇ। ਜਿਸ ਤੋਂ ਬਾਅਦ ਨੇਪਾਲ ਦੇ ਰਾਜਨੀਤਕ ਦਲਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ।
ਨਵੀਂ ਦਿੱਲੀ ਪਰਤਣ ਤੋਂ ਪਹਿਲਾਂ ਪੀ. ਐਮ ਰਾਸ਼ਟਰੀ ਸਭਾ ਗ੍ਰਹਿ ਵਿਚ ਕਾਠਮੰਡੂ ਮੈਟਰੋਪਾਲਿਟਨ ਸਿਟੀ ਵੱਲੋਂ ਆਯੋਜਿਤ ਨਾਗਰਿਕ ਸਵਾਗਤ ਸਮਾਰੋਹ ਵਿਚ ਵੀ ਸ਼ਾਮਲ ਹੋਣਗੇ। ਮੋਦੀ ਦੀ ਯਾਤਰਾ ਨੂੰ ਦੇਖਦੇ ਹੋਏ ਮੁਸਤਾਂਗ ਵਿਚ ਭਾਰੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਸਥਾਨਕ ਪ੍ਰਸ਼ਾਸਨ ਨੇ ਮੋਦੀ ਦੀ ਯਾਤਰਾ ਨੂੰ ਸੁਰੱਖਿਅਤ ਅਤੇ ਯੋਜਨਾਬੱਧ ਬਣਾਉਣ ਲਈ ਵਿਸ਼ੇਸ਼ ਸੁਰੱਖਿਆ ਵਿਵਸਥਾ ਕੀਤੀ ਹੈ। ਮੁਕਤੀਨਾਥ ਘਾਟੀ ਵਿਚ ਸਥਿਤ ਮੁਕਤੀਨਾਥ ਮੰਦਰ ਹਿੰਦੂਆਂ ਅਤੇ ਬੌਧਾਂ ਦੋਵਾਂ ਲਈ ਪਵਿੱਤਰ ਸਥਾਨ ਹੈ। ਇਹ ਮੰਦਰ ਪਹਾੜੀ ਮੁਸਤਾਂਗ ਜ਼ਿਲੇ ਵਿਚ ਥੋਰਾਂਗ ਲਾ ਦਰਰੇ ਤੋਂ 3,710 ਮੀਟਰ ਦੀ ਉਚਾਈ 'ਤੇ ਸਥਿਤ ਹੈ।


Related News