ਲਾਕਡਾਊਨ ਦਾ ਦਰਦ : ਲੰਮਾ ਪੈਂਡਾ ਪਰ ਪਿੰਡ ਮੁੜਨਾ ਹੀ ਸੀ, 28 ਦਿਨਾਂ ''ਚ ਮੁੰਬਈ ਤੋਂ ਬਿਹਾਰ ਪੁੱਜਾ ਸ਼ਖਸ
Sunday, Apr 26, 2020 - 03:25 PM (IST)
ਮੁੰਬਈ— ਲਾਕਡਾਊਨ ਦਾ ਸਭ ਤੋਂ ਜ਼ਿਆਦਾ ਅਸਰ ਮਜ਼ਦੂਰਾਂ 'ਤੇ ਪਿਆ ਹੈ, ਕਿਉਂਕਿ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਏ। ਮਜ਼ਦੂਰਾਂ ਕੋਲ ਆਪਣੇ ਘਰਾਂ ਨੂੰ ਵਾਪਸ ਜਾਣ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਸੀ। ਉਨ੍ਹਾਂ ਦੇ ਮਨਾਂ 'ਚ ਇਕ ਡਰ ਬੈਠ ਗਿਆ ਕਿ ਬਿਨਾਂ ਕਮਾਈ ਦੇ ਜ਼ਿੰਦਗੀ ਕਿਵੇਂ ਬੀਤੇਗੀ। ਇਹ ਗੱਲ ਸੋਚ ਕੇ ਮੁੰਬਈ 'ਚ ਰਹਿ ਰਿਹਾ ਮਜ਼ਦੂਰ ਬਿਹਾਰ ਆਪਣੇ ਪਿੰਡ ਨਿਕਲ ਗਿਆ। ਰਾਹ 'ਚ ਕਈ ਮੁਸ਼ਕਲਾਂ ਆਈਆਂ। ਮੁੰਬਈ ਤੋਂ ਦਰਭੰਗਾ 28 ਦਿਨ 'ਚ 2 ਹਜ਼ਾਰ ਕਿਲੋਮੀਟਰ ਚੱਲ ਕੇ ਇਹ ਸ਼ਖਸ ਆਪਣੇ ਪਿੰਡ ਪੁੱਜਾ। ਰਸਤੇ ਵਿਚ ਪੁਲਸ ਵਾਲਿਆਂ ਨੇ ਖਾਣੇ ਲਈ 200 ਰੁਪਏ ਵੀ ਦਿੱਤੇ ਅਤੇ ਕੁਝ ਲੋਕਾਂ ਨੇ ਖਾਣਾ ਵੀ ਖਵਾਇਆ।
ਕੋਰੋਨਾ ਮਹਾਮਾਰੀ ਕਾਰਨ ਜਿਵੇਂ ਹੀ ਦੇਸ਼ ਵਿਆਪੀ ਲਾਕਡਾਊਨ ਦੀ ਹਰਬੰਸ਼ ਨੂੰ ਸੂਚਨਾ ਮਿਲੀ ਤਾਂ ਉਸ ਦੇ ਹੋਸ਼ ਉਡ ਗਏ। ਹਰਬੰਸ਼ ਨੇ ਦੱਸਿਆ ਕਿ ਜੇਕਰ ਪਿੰਡ ਨਾ ਮੁੜਦਾ ਤਾਂ ਮੁੰਬਈ 'ਚ ਖਾਣੇ ਦੇ ਬਿਨਾਂ ਮਰ ਜਾਂਦਾ। ਇਸ ਲਈ ਲਾਕਡਾਊਨ ਦਾ ਐਲਾਨ ਹੋਣ ਦੇ ਨਾਲ ਹੀ ਇਹ ਸ਼ਖਸ ਮੁੰਬਈ ਦੇ ਰੇਲਵੇ ਸਟੇਸ਼ਨ ਵੱਲ ਦੌੜਿਆ। ਉੱਥੋਂ ਜਾਣ ਵਾਲੀ ਇਕ ਟਰੇਨ 'ਚ ਉਹ ਬੈਠ ਗਿਆ। ਟਰੇਨ ਕੁਝ ਹੀ ਦੂਰੀ 'ਤੇ ਚੱਲੀ ਹੋਵੇਗੀ ਕਿ ਉਸ ਨੂੰ ਰੱਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਉਸ ਨੇ ਲਗਾਤਾਰ ਪੈਦਲ ਚੱਲਣਾ ਸ਼ੁਰੂ ਕੀਤਾ। ਉਸ ਦੇ ਨਾਲ 3 ਹੋਰ ਮਜ਼ਦੂਰ ਸਾਥੀ ਸਨ, ਜੋ ਬਿਹਾਰ ਦੇ ਸਨ। ਸਾਰਿਆਂ ਨੇ ਠਾਣ ਲਿਆ ਕਿ ਪੈਦਲ ਹੀ ਹੁਣ ਪਿੰਡ ਮੁੜਣਾ ਹੈ ਅਤੇ ਮਜਬੂਰਨ ਪੈਦਲ ਚੱਲਣਾ ਸ਼ੁਰੂ ਕਰ ਦਿੱਤਾ।
ਰਾਹ 'ਚ ਪੈਦਲ ਚੱਲਦੇ ਹੋਏ ਹਰਬੰਸ਼ ਦੇ ਪੈਰ ਫੱਟ ਗਏ ਪਰ ਫਿਰ ਵੀ ਪੈਦਲ ਚੱਲਦੇ ਰਹੇ। ਪਿੰਡ ਦੇ ਮੁਖੀਆ ਰਾਜੀਵ ਦੱਸਦੇ ਹਨ ਕਿ ਜਿਵੇਂ ਹੀ ਉਹ ਪਿੰਡ ਪਹੁੰਚੇ, ਉੱਥੇ ਚਾਰੋਂ ਪਾਸੇ ਰੌਲਾ ਪੈ ਗਿਆ ਕਿ ਇਹ ਸ਼ਖਸ ਮੁੰਬਈ ਤੋਂ ਆਇਆ ਹੈ। ਇਹ ਸ਼ਖਸ 28 ਦਿਨਾਂ 'ਚ ਮੁੰਬਈ ਤੋਂ ਪਿੰਡ ਪੁੱਜਾ। ਪਿੰਡ ਦੇ ਵਲੰਟੀਅਰ ਕਾਫੀ ਸੁਚੇਤ ਰਹਿੰਦੇ ਹਨ। ਪਿੰਡ ਦੇ ਬਾਹਰ ਸਕੂਲ ਵਿਚ ਕੁਆਰੰਟੀਨ ਸੈਂਟਰ ਬਣਾਇਆ ਗਿਆ, ਜਿਸ 'ਚ ਹਰਬੰਸ਼ ਨੂੰ ਰੱਖਿਆ ਗਿਆ। ਇਸ ਦੌਰਾਨ ਬਲਾਕ ਦੇ ਡਾਕਟਰਾਂ ਨੇ ਉਸ ਦਾ ਚੈਕਅੱਪ ਕੀਤਾ। ਉਹ ਬਿਲਕੁੱਲ ਠੀਕ ਹੈ। ਇਸ ਤੋਂ ਬਾਅਦ ਦਰਭੰਗਾ ਮੈਡੀਕਲ ਕਾਲਜ ਹਸਪਤਾਲ ਦੀ ਟੀਮ ਆਈ ਅਤੇ ਐਂਬੂਲੈਂਸ 'ਚ ਲੈ ਗਈ ਅਤੇ ਉੱਥੇ ਉਸ ਦਾ ਕੋਰੋਨਾ ਟੈਸਟ ਕੀਤਾ ਗਿਆ, ਜੋ ਨੈਗੇਟਿਵ ਆਇਆ। ਇਸ ਤੋਂ ਬਾਅਦ ਇਸ ਨੂੰ ਵਾਪਸ ਭੇਜਿਆ ਗਿਆ ਅਤੇ ਨਿਰਦੇਸ਼ ਦਿੱਤਾ ਗਿਆ ਕਿ ਉਹ ਆਪਣੇ ਘਰ 'ਚ ਹੀ ਕੁਆਰੰਟੀਨ ਰਹੇ।