ਪੰਜਾਬ ''ਚ ਭੀਖ ਮੰਗਦੇ ਬੱਚਿਆਂ ਦੇ DNA ਟੈਸਟ ਤੋਂ ਵੱਡੇ ਖ਼ੁਲਾਸੇ
Monday, Oct 27, 2025 - 01:43 PM (IST)
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੂਬੇ ਭਰ 'ਚੋਂ ਬਾਲ ਭਿਖਾਰੀਆਂ ਰੈਸਕਿਊ ਕੀਤਾ ਜਾ ਰਿਹਾ ਹੈ। ਬੱਚਿਆਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਦੀ ਸਿੱਖਿਆ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾਂ ਬੱਚਿਆਂ ਦੇ DNA ਟੈਸਟ ਕਰਵਾ ਕੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਤੋਂ ਭੀਖ ਮੰਗਵਾਉਣ ਵਾਲੇ ਉਨ੍ਹਾਂ ਦੇ ਅਸਲ ਮਾਪੇ ਹਨ ਜਾਂ ਉਨ੍ਹਾਂ ਨੂੰ ਅਗਵਾ ਜਾਂ ਚੋਰੀ ਕੀਤਾ ਗਿਆ ਹੈ। ਇਸ ਪ੍ਰਾਜੈਕਟ ਤਹਿਤ ਰੈਸਕਿਊ ਕੀਤੇ ਗਏ 15 ਬੱਚਿਆਂ ਵਿਚੋਂ 13 ਦੀ ਡੀ.ਐੱਨ.ਏ. ਰਿਪੋਰਟ ਪੰਜਾਬ ਸਰਕਾਰ ਨੂੰ ਮਿਲ ਗਈ ਹੈ।
ਇਨ੍ਹਾਂ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਜਿਨ੍ਹਾਂ ਤੋਂ ਵੀ ਬੱਚਿਆਂ ਨੂੰ ਬਰਾਮਦ ਕੀਤਾ ਗਿਆ ਹੈ, ਉਹੀ ਉਨ੍ਹਾਂ ਦੇ ਅਸਲ ਮਾਪੇ ਹਨ। ਇਸ ਦੇ ਨਾਲ ਹੀ ਇਹ ਗੱਲ ਵੀ ਸਪਸ਼ਟ ਹੋ ਗਈ ਹੈ ਕਿ ਇਨ੍ਹਾਂ ਸਾਰੇ ਬੱਚਿਆਂ ਨੂੰ ਅਗਵਾ ਜਾਂ ਚੋਰੀ ਨਹੀਂ ਕੀਤਾ ਗਿਆ। ਫ਼ਿਲਹਾਲ ਬਠਿੰਡਾ ਤੋਂ ਰੈਸਕਿਊ ਕੀਤੇ ਗਏ 2 ਬੱਚਿਆਂ ਦੀ DNA ਰਿਪੋਰਟ ਆਉਣ ਅਜੇ ਬਾਕੀ ਹੈ, ਇਸ ਤੋਂ ਬਾਅਦ ਹੀ ਉਨ੍ਹਾਂ ਬਾਰੇ ਸਥਿਤੀ ਸਾਫ਼ ਹੋ ਸਕੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਦਲੀਆਂ Milk Products ਦੀਆਂ ਕੀਮਤਾਂ! ਜਾਣੋ ਕਿੰਨਾ ਹੋਇਆ ਵਾਧਾ
DNA ਰਿਪੋਰਟਾਂ ਮਿਲਣ ਤੋਂ ਬਾਅਦ ਹੁਣ ਸਾਰੇ ਬੱਚਿਆਂ ਨੂੰ ਉਨ੍ਹਾਂ ਦੇ ਪਰਿਜਨਾਂ/ਰਿਸ਼ਤੇਦਾਰਾਂ ਦੇ ਹਵਾਲੇ ਕੀਤਾ ਜਾਵੇਗਾ। ਪਰਿਵਾਰਾਂ ਤੋਂ ਲਿਖਤੀ ਰੂਪ ਵਿੱਚ ਇਹ ਯਕੀਨੀ ਬਣਾਇਆ ਜਾਵੇਗਾ ਕਿ ਬੱਚਿਆਂ ਨੂੰ ਦੁਬਾਰਾ ਭੀਖ ਨਹੀਂ ਮੰਗਵਾਈ ਜਾਵੇਗੀ। ਇੱਥੇ ਇਹ ਵੀ ਦੱਸ ਦਈਏ ਕਿ ਪ੍ਰਾਜੈਕਟ 'ਜੀਵਨਜੋਤ-2' ਦੇ ਤਹਿਤ ਢਾਈ ਮਹੀਨੇ (2.5 ਮਹੀਨੇ) ਤੱਕ ਚੱਲੇ ਰੈਸਕਿਊ ਅਭਿਆਨ ਦੌਰਾਨ ਇਹ ਬੱਚੇ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਹੋਰ ਜਨਤਕ ਥਾਵਾਂ ਤੋਂ ਰੈਸਕਿਊ ਕੀਤੇ ਗਏ ਸਨ।
ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਭੀਖ ਮੰਗਣ ਵਾਲੇ ਬੱਚਿਆਂ ਨੂੰ ਰੈਸਕਿਊ ਕਰਕੇ ਪੜ੍ਹਣ ਲਈ ਸਕੂਲ ਭੇਜਿਆ ਜਾਵੇਗਾ। ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਜੋ ਮਾਤਾ-ਪਿਤਾ ਬੱਚਿਆਂ ਤੋਂ ਭੀਖ ਮੰਗਵਾਉਂਦੇ ਹਨ, ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ ਵਿਚ, ਭੀਖ ਮੰਗਦੇ ਕਿਸੇ ਵੀ ਬੱਚੇ ਨੂੰ ਦੇਖਣ 'ਤੇ ਤੁਰੰਤ ਸੂਚਿਤ ਕਰਨ ਲਈ ਚਾਈਲਡ ਹੈਲਪਲਾਈਨ ਨੰਬਰ 1098 ਵੀ ਜਾਰੀ ਕੀਤਾ ਗਿਆ ਹੈ।
