ਜੰਮੂ-ਕਸ਼ਮੀਰ ’ਚ ਸਰਕਾਰ ਦੀ ਨਾਜਾਇਜ਼ ਕਬਜ਼ਿਆਂ ਵਿਰੋਧੀ ਮੁਹਿੰਮ ਖਿਲਾਫ ਦਿੱਲੀ ਪਹੁੰਚੀ ਮਹਿਬੂਬਾ ਗ੍ਰਿਫਤਾਰ

02/09/2023 4:47:32 PM

ਨਵੀਂ ਦਿੱਲੀ, ਸ੍ਰੀਨਗਰ (ਏਜੰਸੀਆਂ)- ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀ.ਡੀ.ਪੀ.) ਦੀ ਮੁਖੀ ਮਹਿਬੂਬਾ ਮੁਫ਼ਤੀ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਹ ਜੰਮੂ -ਕਸ਼ਮੀਰ ਪ੍ਰਸ਼ਾਸਨ ਦੇ ਨਾਜਾਇਜ਼ ਕਬਜ਼ਿਆਂ ਵਿਰੋਧੀ ਮੁਹਿੰਮ ਦਾ ਵਿਰੋਧ ਕਰਨ ਲਈ ਸੰਸਦ ਤਕ ਮਾਰਚ ਕਰਨਾ ਚਾਹੁੰਦੀ ਜਿੱਥੇ ਉਨ੍ਹਾਂ ਦੇ ਦਰਜਨਾਂ ਸਮਰਥਕ ਇਕੱਠੇ ਹੋਏ ਸਨ। ਪੁਲਸ ਮੁਫਤੀ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਜੰਤਰ-ਮੰਤਰ ਲੈ ਗਈ।

ਪ੍ਰਦਰਸ਼ਨ ਦੌਰਾਨ ਮਹਿਬੂਬਾ ਮੁਫਤੀ ਨੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ’ਤੇ ਕੇਂਦਰ ਸ਼ਾਸਤ ਪ੍ਰਦੇਸ਼ ’ਚ ਵੱਡੇ ਪੱਧਰ ’ਤੇ ਭੰਨਤੋੜ ਕਰਨ ਅਤੇ ਇਸ ਨੂੰ ‘ਅਫਗਾਨਿਸਤਾਨ’ ਬਣਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਮੈਂ ਇੱਥੇ ਵਿਰੋਧੀ ਪਾਰਟੀਆਂ ਅਤੇ ਸੱਤਾਧਾਰੀ ਭਾਜਪਾ ਨੂੰ ਜੰਮੂ-ਕਸ਼ਮੀਰ ਦੇ ਲੋਕਾਂ ਦੇ ਦੁੱਖਾਂ ਬਾਰੇ ਦੱਸਣ ਆਈ ਹਾਂ। ਜੇ ਅਸੀਂ ਸੰਸਦ ਵੱਲ ਨਹੀਂ ਜਾ ਸਕਦੇ ਤਾਂ ਫਿਰ ਸਾਨੂੰ ਕਿੱਥੇ ਜਾਣਾ ਚਾਹੀਦਾ ਹੈ। ਕੀ ਸਰਕਾਰ ਚਾਹੁੰਦੀ ਹੈ ਕਿ ਅਸੀਂ ਸੰਯੁਕਤ ਰਾਸ਼ਟਰ ਵਿਚ ਆਪਣੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰੀਏ?

ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਕਾਨੂੰਨ ਦਾ ਰਾਜ ਨਹੀਂ ਹੈ। ਅਸੀਂ ਆਪਣੇ ਮਨ ਦੀ ਗੱਲ ਕਹਿਣ ਦਿੱਲੀ ਆਏ ਸੀ, ਪਰ ਲੱਗਦਾ ਹੈ ਕਿ ਇੱਥੇ ਵੀ ਆਮ ਜਨਤਾ ਦੀ ਆਵਾਜ਼ ਨੂੰ ਦਬਾ ਦਿੱਤਾ ਗਿਆ ਹੈ। ਓਧਰ ਸ਼੍ਰੀਨਗਰ ’ਚ ਵੀ ਕੁਝ ਪ੍ਰਦਰਸ਼ਨਕਾਰੀਆਂ ਨੇ ਲਾਲ ਚੌਕ ਵੱਲ ਵਧਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਵੀ ਪੁਲਸ ਨੇ ਉਨ੍ਹਾਂ ਨੂੰ ਰੋਕ ਦਿੱਤਾ।

‘ਹੜਤਾਲ ਅਤੇ ਪਥਰਾਅ’ ਦੀ ਸੰਸਕ੍ਰਿਤੀ ਦੀ ਵਾਪਸੀ ਦਾ ਖਤਰਾ : ਆਜ਼ਾਦ

ਡੈਮੋਕ੍ਰੇਟਿਕ ਆਜ਼ਾਦ ਪਾਰਟੀ (ਡੀ. ਏ. ਪੀ.) ਦੇ ਪ੍ਰਧਾਨ ਗੁਲਾਮ ਨਬੀ ਆਜ਼ਾਦ ਨੇ ਨਾਜਾਇਜ਼ ਕਬਜ਼ੇ ਵਿਰੋਧੀ ਮੁਹਿੰਮ ’ਤੇ ਇਹ ਕਹਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇ ਮਕਾਨ ਤੇ ਛੋਟੀਆਂ ਦੁਕਾਨਾਂ ਡੇਗੀਆਂ ਗਈਆਂ ਤਾਂ ਹੜਤਾਲ ਤੇ ਪਥਰਾਅ ਦੀ ਸੰਸਕ੍ਰਿਤੀ ਦੀ ਵਾਪਸੀ ਹੋ ਸਕਦੀ ਹੈ।

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਉੱਪ ਰਾਜਪਾਲ ਮਨੋਜ ਸਿਨਹਾ ਤੋਂ ਮੰਗ ਕੀਤੀ ਹੈ ਕਿ ਪੀੜਤ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰੀ ਹੁਕਮ ਜਾਰੀ ਕੀਤਾ ਜਾਣਾ ਚਾਹੀਦਾ।


Rakesh

Content Editor

Related News