ਡਾਕਟਰਾਂ ਨੇ ਜਨਾਨੀ ਦੇ ਪੇਟ ''ਚੋਂ 24 ਕਿਲੋ ਦਾ ਟਿਊਮਰ ਕੱਢਿਆ, 3 ਘੰਟੇ ਚੱਲਿਆ ਸੀ ਆਪਰੇਸ਼ਨ
Wednesday, Aug 05, 2020 - 05:05 PM (IST)

ਸ਼ਿਲਾਂਗ- ਮੇਘਾਲਿਆ ਦੇ ਵੇਸਟ ਗਾਰੋ ਹਿਲਸ ਜ਼ਿਲ੍ਹੇ ਦੇ ਇਕ ਹਸਪਤਾਲ 'ਚ ਡਾਕਟਰਾਂ ਨੇ ਇਕ ਜਨਾਨੀ ਦੇ ਪੇਟ 'ਚੋਂ 24 ਕਿਲੋ ਦਾ ਟਿਊਮਰ ਕੱਢਿਆ। ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਈਸਟ ਗਾਰੋ ਹਿਲਸ ਜ਼ਿਲ੍ਹੇ ਦੇ ਜਾਮਗੇ ਪਿੰਡ ਦੀ 37 ਸਾਲਾ ਜਨਾਨੀ ਨੂੰ ਪੇਟ 'ਚ ਤੇਜ਼ ਦਰਦ ਤੋਂ ਬਾਅਦ 29 ਜੁਲਾਈ ਨੂੰ ਤੂਰਾ ਮੈਟਰਨਿਟੀ ਅਤੇ ਬਾਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਦੀ ਸੁਪਰਡੈਂਟ ਡਾ. ਈਸਿਲਡਾ ਸੰਗਮਾ ਨੇ ਦੱਸਿਆ ਕਿ ਤਿੰਨ ਅਗਸਤ ਨੂੰ 2 ਜਣੇਪਾ ਰੋਗ ਮਾਹਰਾਂ ਸਮੇਤ ਡਾਕਟਰਾਂ ਦੇ ਇਕ ਦਲ ਨੇ ਆਪਰੇਸ਼ਨ ਕੀਤਾ, ਜੋ ਕਰੀਬ 3 ਘੰਟੇ ਚੱਲਿਆ। ਉਨ੍ਹਾਂ ਨੇ ਕਿਹਾ ਕਿ ਮਰੀਜ਼ ਦੀ ਹਾਲਤ ਠੀਕ ਹੈ ਅਤੇ ਡਾਕਟਰ ਉਸ 'ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਟਿਊਮਰ ਨੂੰ ਬਾਓਪਸੀ ਲਈ ਭੇਜਿਆ ਗਿਆ ਹੈ, ਜਿਸ ਤੋਂ ਪਤਾ ਲੱਗ ਸਕੇ ਕਿ ਇਸ 'ਚ ਕੈਂਸਰ ਤਾਂ ਨਹੀਂ ਹੈ।
ਮੁੱਖ ਮੰਤਰੀ ਕੋਨਰਾਡ ਕੇ ਸੰਗਮਾ ਨੇ ਇਸ ਸਫ਼ਲ ਆਪਰੇਸ਼ਨ ਨੂੰ ਕਰਨ ਵਾਲੇ ਡਾਕਟਰਾਂ ਨੂੰ ਬੁੱਧਵਾਰ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਨੇ ਟਵੀਟ ਕੀਤਾ,''ਤੂਰਾ ਜ਼ਿਲ੍ਹਾ ਮੈਟਰਨਿਟੀ ਅਤੇ ਬਾਲ ਹਸਪਤਾਲ (ਡੀ.ਐੱਮ.ਸੀ.ਐੱਚ.) ਦੇ ਡਾਕਟਰਾਂ ਨੇ ਈਸਟ ਗਾਰੋ ਹਿਲਸ ਦੀ ਰਹਿਣ ਵਾਲੀ ਇਕ ਜਨਾਨੀ ਦੇ ਪੇਟ 'ਚੋਂ ਸਫ਼ਲਤਾਪੂਰਵਕ 24 ਕਿਲੋ ਦਾ ਟਿਊਮਰ ਕੱਢਿਆ ਹੈ। ਮੈਂ ਡਾ. ਵਿੰਸ ਮੋਮਿਨ ਅਤੇ ਦਲ ਨੂੰ ਇਸ ਸਫ਼ਲ ਆਪਰੇਸ਼ਨ ਲਈ ਵਧਾਈ ਦਿੰਦਾ ਹਾਂ ਅਤੇ ਮਰੀਜ਼ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।'' ਜ਼ਿਲ੍ਹੇ ਦੇ ਅਧਿਕਾਰੀਆਂ ਅਨੁਸਾਰ ਇਕ ਡਾਕਟਰ ਨੇ ਮਰੀਜ਼ ਨੂੰ ਖੂਨ ਵੀ ਦਿੱਤਾ ਅਤੇ ਭਾਈਚਾਰੇ ਦੇ ਮੈਂਬਰ ਆਪਰੇਸ਼ਨ ਲਈ ਆਰਥਿਕ ਮਦਦ ਕਰਨ ਲਈ ਅੱਗੇ ਆਏ। ਵੇਸਟ ਗਾਰੋ ਹਿਲਸ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਮ ਸਿੰਘ ਨੇ ਵੀ ਇਸ ਦੀ ਸ਼ਲਾਘਾ ਕੀਤੀ।