ਜਨਤਾ ਮੋਦੀ ਨੂੰ ਸੱਤਾ ਤੋਂ ਉਖਾੜ ਸੁੱਟੇਗੀ : ਮਾਇਆਵਤੀ

Wednesday, May 15, 2019 - 12:31 PM (IST)

ਜਨਤਾ ਮੋਦੀ ਨੂੰ ਸੱਤਾ ਤੋਂ ਉਖਾੜ ਸੁੱਟੇਗੀ : ਮਾਇਆਵਤੀ

ਲਖਨਊ (ਵਾਰਤਾ)— ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਅਣਫਿੱਟ' ਪ੍ਰਧਾਨ ਮੰਤਰੀ ਕਰਾਰ ਦਿੱਤਾ। ਮਾਇਆਵਤੀ ਨੇ ਦੋਸ਼ ਲਾਇਆ ਕਿ ਜਨਤਾ ਉਨ੍ਹਾਂ ਦੀ ਕਾਰਜਸ਼ੈਲੀ ਤੋਂ ਦੁਖੀ ਹੈ, ਜਿਸ ਕਾਰਨ ਉਨ੍ਹਾਂ ਨੂੰ ਮੁੜ ਸੱਤਾ ਵਿਚ ਨਹੀਂ ਲਿਆਵੇਗੀ। ਮਾਇਆਵਤੀ ਨੇ ਲਖਨਊ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਨਤਾ ਨੇ ਮੋਦੀ ਨੂੰ ਸੱਤਾ ਤੋਂ ਉਖਾੜ ਸੁੱਟਣ ਦੀ ਸਹੁੰ ਖਾ ਲਈ ਹੈ। ਜਨਤਾ ਮੋਦੀ ਸਰਕਾਰ ਨੂੰ ਉਖਾੜ ਸੁਟੇਗੀ। 

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਕਾਰਜਕਾਲ ਅਰਾਜਕਤਾ, ਤਣਾਅ, ਨਫਰਤ ਅਤੇ ਅਫੜਾ-ਦਫੜੀ ਵਾਲਾ ਰਿਹਾ ਹੈ। ਮੋਦੀ ਸੰਵਿਧਾਨ, ਕਾਨੂੰਨ ਅਤੇ ਰਾਜ ਧਰਮ ਨੂੰ ਨਿਭਾਉਣ ਵਿਚ 'ਅਣਫਿੱਟ' ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਰਹੇ ਹਨ। ਆਮ ਚਰਚਾ ਹੈ ਕਿ ਨੋਟਬੰਦੀ ਵੱਡਾ ਘਪਲਾ ਸੀ ਅਤੇ ਹੁਣ ਇਹ ਜਾਂਚ ਦਾ ਵਿਸ਼ਾ ਹੈ। ਵਿਦੇਸ਼ਾਂ ਤੋਂ ਕਾਲਾ ਧਨ ਲਿਆਉਣ 'ਚ ਮੋਦੀ ਸਰਕਾਰ ਫੇਲ ਰਹੀ ਹੈ। ਕਾਲਾ ਧਨ ਨਾ ਲਿਆਉਣ ਪਿੱਛੇ ਕੀ ਰਾਜਨੀਤੀ ਹੈ, ਇਸ ਦੀ ਜਾਣਕਾਰੀ ਉਨ੍ਹਾਂ ਨੂੰ ਨਹੀਂ ਹੈ। 

ਮਾਇਆਵਤੀ ਨੇ ਕਿਹਾ ਕਿ ਮੈਂ 4 ਵਾਰ ਮੁੱਖ ਮੰਤਰੀ ਰਹੀ ਹਾਂ ਪਰ ਮੇਰੀ ਵਿਰਾਸਤ ਪਾਕ-ਸਾਫ ਅਤੇ ਵਿਕਾਸ ਪੂਰਨ ਰਹੀ ਹੈ, ਉੱਥੇ ਹੀ ਨਰਿੰਦਰ ਮੋਦੀ ਦੀ ਵਿਰਾਸਤ ਨਾ ਸਿਰਫ ਉਨ੍ਹਾਂ 'ਤੇ ਸਗੋਂ ਕਿ ਭਾਜਪਾ 'ਤੇ ਵੀ ਕਾਲਾ ਧੱਬਾ ਹੈ। ਖੁਦ ਨੂੰ ਪਾਕ-ਸਾਫ ਅਤੇ ਦੂਜਿਆਂ ਨੂੰ ਗਲਤ ਅਤੇ ਭ੍ਰਿਸ਼ਟ ਸਮਝਣਾ ਇਨ੍ਹਾਂ ਦੀ ਇਕ ਬੀਮਾਰੀ ਵੀ ਹੈ, ਹਾਲਾਂਕਿ ਪੂਰੇ ਦੇਸ਼ ਨੂੰ ਇਹ ਪਤਾ ਹੈ ਕਿ ਸਭ ਤੋਂ ਜ਼ਿਆਦਾ ਬੇਨਾਮੀ ਜਾਇਦਾਦ ਵਾਲੇ ਭ੍ਰਿਸ਼ਟ ਲੋਕ ਭਾਜਪਾ ਨਾਲ ਹੀ ਜੁੜੇ ਹੋਏ ਹਨ ਪਰ ਨਰਿੰਦਰ ਮੋਦੀ ਸਿਰਫ ਕਾਗਜਾਂ 'ਚ ਹੀ ਈਮਾਨਦਾਰ ਹਨ। ਭਾਜਪਾ ਅਤੇ ਪ੍ਰਧਾਨ ਮੰਤਰੀ ਅਸਲ 'ਚ ਹੈ ਕੁਝ ਪਰ ਜਨਤਾ ਦੇ ਸਾਹਮਣੇ ਕੁਝ ਹੋਰ ਬਣਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।


author

Tanu

Content Editor

Related News