ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੀ ਸ਼ਰਧਾਲੂਆਂ ਨੂੰ ਅਪੀਲ- ਅਫਵਾਹਾਂ ''ਤੇ ਨਾ ਕਰੋ ਯਕੀਨ
Tuesday, Aug 13, 2019 - 05:07 PM (IST)

ਜੰਮੂ (ਵਾਰਤਾ)— ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਦੇਸ਼ ਭਰ ਦੇ ਸ਼ਰਧਾਲੂਆਂ ਨੂੰ ਕਿਸੇ ਵੀ ਅਫਵਾਹਾਂ 'ਤੇ ਯਕੀਨ ਨਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਮਾਤਾ ਵੈਸ਼ਨੋ ਦੇਵੀ ਤੀਰਥ ਯਾਤਰਾ ਸੁਚਾਰੂ ਰੂਪ ਨਾਲ ਜਾਰੀ ਹੈ। ਸ਼ਰਾਈਨ ਬੋਰਡ ਨੇ ਮੰਗਲਵਾਰ ਨੂੰ ਟਵੀਟ ਕੀਤਾ, ''ਇੱਥੇ ਕੋਈ ਅਣਹੋਣੀ ਘਟਨਾ ਨਹੀਂ ਵਾਪਰੀ। ਨਾ ਤਾਂ ਯਾਤਰਾ ਨੂੰ ਰੱਦ ਕੀਤਾ ਗਿਆ ਅਤੇ ਨਾ ਹੀ ਉਸ ਨੂੰ ਰੋਕਿਆ ਗਿਆ ਹੈ।''
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਹਟਾਉਣ ਤੋਂ ਬਾਅਦ ਸੂਬੇ ਵਿਚ ਹਾਲਾਤ ਸ਼ਾਂਤੀਪੂਰਨ ਬਣੇ ਹੋਏ ਹਨ। ਪ੍ਰਸ਼ਾਸਨ ਵਲੋਂ ਕੁਝ ਪਾਬੰਦੀਆਂ ਲਾਈਆਂ ਗਈਆਂ ਹਨ, ਜਿਨ੍ਹਾਂ ਨੂੰ ਬਾਅਦ ਵਿਚ ਹਟਾ ਲਿਆ ਗਿਆ, ਜਦਕਿ ਮੋਬਾਈਲ, ਇੰਟਰਨੈੱਟ ਸੇਵਾ 'ਤੇ ਅਜੇ ਵੀ ਰੋਕ ਜਾਰੀ ਹੈ।
ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਨੂੰ ਯਾਤਰਾ ਦੇ ਸੰਬੰਧ ਵਿਚ ਕਿਸੇ ਵੀ ਪ੍ਰਕਾਰ ਦੀ ਅਫਵਾਹਾਂ 'ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ ਹੈ। ਇਸ ਦਰਮਿਆਨ ਇਕ ਅਧਿਕਾਰੀ ਨੇ ਦੱਸਿਆ ਕਿ ਧਾਰਾ 370 ਨੂੰ ਹਟਾਉਣ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਮੌਜੂਦਾ ਹਾਲਾਤ ਦਾ ਯਾਤਰਾ 'ਤੇ ਪ੍ਰਭਾਵ ਪਿਆ ਹੈ, ਇਸ ਦੇ ਬਾਵਜੂਦ ਵੱਡੀ ਗਿਣਤੀ ਵਿਚ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆ ਰਹੇ ਹਨ। ਅਧਿਕਾਰੀ ਮੁਤਾਬਕ ਰੋਜ਼ਾਨਾ 12 ਤੋਂ 15 ਹਜ਼ਾਰ ਤੀਰਥ ਯਾਤਰੀ ਕਟੜਾ ਪਹੁੰਚ ਰਹੇ ਹਨ ਅਤੇ ਹਫਤੇ ਦੇ ਅਖੀਰ ਵਿਚ ਇਹ ਅੰਕੜਾ 18 ਤੋਂ 20 ਹਜ਼ਾਰ ਤਕ ਪਹੁੰਚ ਜਾਂਦਾ ਹੈ, ਜੋ ਕਿ ਹਰੇਕ ਮਾਨਸੂਨ ਵਿਚ ਇੰਨਾ ਹੀ ਰਹਿੰਦਾ ਹੈ। ਹਾਲਾਂਕਿ ਖਰਾਬ ਮੌਸਮ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਕਟੜਾ ਤੋਂ ਸਾਂਝੀ ਛੱਤ ਤਕ ਚੱਲਣ ਵਾਲੀ ਹੈਲੀਕਾਪਟਰ ਸੇਵਾ ਰੱਦ ਹੈ।