ਵਿਆਹ ਤੋਂ 2 ਸਾਲਾਂ ਬਾਅਦ ਪਤਾ ਲੱਗਾ ਘਰਵਾਲਾ ''ਗੰਜਾ'', ਥਾਣੇ ਪਹੁੰਚ ਗਿਆ ਮਾਮਲਾ
Monday, Jan 05, 2026 - 05:46 PM (IST)
ਨੋਇਡਾ- ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਬਿਸਰਖ ਇਲਾਕੇ 'ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਨੇ ਵਿਆਹ ਤੋਂ ਬਾਅਦ ਪਤੀ ਦੇ ਗੰਜੇ ਹੋਣ ਦੀ ਗੱਲ ਪਤਾ ਲੱਗਣ 'ਤੇ ਉਸ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਔਰਤ ਦੇ ਪਤੀ ਤੋਂ ਇਲਾਵਾ ਸਹੁਰੇ ਪੱਖ ਦੇ ਹੋਰ ਮੈਂਬਰਾਂ 'ਤੇ ਵੀ ਗੰਭੀਰ ਦੋਸ਼ ਲਗਾਏ ਹਨ, ਜਿਸ ਦੇ ਆਧਾਰ 'ਤੇ ਪਤੀ ਸੰਯਮ ਜੈਨ, ਸਹੁਰੇ ਸੰਜੇ ਜੈਨ, ਸੱਸ ਸੁਸ਼ਮਾ ਜੈਨ, ਜੀਜਾ ਕੁਨਾਲ ਜੈਨ ਅਤੇ ਮਾਮਾ ਹੇਮੰਤ ਜੈਨ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਇੰਚਾਰਜ ਮਨੋਜ ਕੁਮਾਰ ਸਿੰਘ ਨੇ ਦੱਸਿਆ ਕਿ ਗੌਰ ਸਿਟੀ ਐਵੇਨਿਊ-ਇਕ ਵਾਸੀ ਲਵਿਕਾ ਗੁਪਤਾ ਨੇ ਐਤਵਾਰ ਨੂੰ ਸ਼ਿਕਾਇਤ ਦਰਜ ਕਰਵਾਈ, ਜਿਸ 'ਚ ਦੱਸਿਆ ਕਿ ਉਸ ਦਾ ਵਿਆਹ 16 ਜਨਵਰੀ 2024 ਨੂੰ ਦਿੱਲੀ ਦੇ ਰਾਣਾ ਪ੍ਰਤਾਪ ਬਾਗ ਵਾਸੀ ਸੰਯਮ ਜੈਨ ਨਾਲ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਔਰਤ ਨੇ ਦੋਸ਼ ਲਗਾਇਆ ਕਿ ਵਿਆਹ ਤੋਂ ਪਹਿਲਾਂ ਕਈ ਅਹਿਮ ਤੱਥ ਉਨ੍ਹਾਂ ਤੋਂ ਲੁਕਾਏ ਗਏ। ਸਿੰਘ ਨੇ ਕਿਹਾ,''ਔਰਤ ਦਾ ਦੋਸ਼ ਹੈ ਕਿ ਉਸ ਦਾ ਪਤੀ ਪੂਰੀ ਤਰ੍ਹਾਂ ਗੰਜਾ ਹੈ ਅਤੇ ਨਕਲੀ ਹੇਅਰ ਪੈਚ (ਨਕਲੀ ਵਾਲ) ਦਾ ਇਸਤੇਮਾਲ ਕਰਦਾ ਹੈ, ਜਦੋਂ ਕਿ ਵਿਆਹ ਦੇ ਸਮੇਂ ਦੱਸਿਆ ਗਿਆ ਸੀ ਕਿ ਉਸ ਦੇ ਸੰਘਣੇ ਵਾਲ ਹਨ।'' ਪੁਲਸ ਅਨੁਸਾਰ ਔਰਤ ਨੇ ਪਤੀ ਦੀ ਸਿੱਖਿਆ ਯੋਗਤਾ ਅਤੇ ਆਮਦਨ ਬਾਰੇ ਵੀ ਜਾਣਕਾਰੀ ਲੁਕਾਉਣ ਦਾ ਦੋਸ਼ ਲਗਾਇਆ ਗਿਆ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਵਿਆਹ ਦੇ ਬਾਅਦ ਤੋਂ ਪਤੀ ਉਸ ਨੂੰ ਬਲੈਕਮੇਲ ਕਰਦਾ ਰਿਹਾ ਅਤੇ ਮੋਬਾਇਲ ਫੋਨ ਤੋਂ ਨਿੱਜੀ ਤਸਵੀਰਾਂ ਕੱਢ ਕੇ ਉਨ੍ਹਾਂ ਨੂੰ ਜਨਤਕ ਕਰਨ ਦੀ ਧਮਕੀ ਦਿੰਦਾ ਸੀ। ਥਾਣਾ ਇੰਚਾਰਜ ਨੇ ਦੱਸਿਆ,''ਔਰਤ ਨੇ ਵਿਦੇਸ਼ ਯਾਤਰਾ ਦੌਰਾਨ ਪਤੀ ਵਲੋਂ ਕੁੱਟਮਾਰ ਕੀਤੇ ਜਾਣ ਅਤੇ ਥਾਈਲੈਂਡ ਤੋਂ ਭਾਰਤ ਆਉਂਦੇ ਸਮੇਂ ਗਾਂਜਾ ਲਿਆਉਣ ਲਈ ਦਬਾਅ ਪਾਉਣ ਦਾ ਵੀ ਦੋਸ਼ ਲਗਾਇਆ ਹੈ।'' ਪੁਲਸ ਨੇ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਸਾਰੇ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ 'ਚ ਮਾਮਲਾ ਦਰਜ ਕਰ ਲਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
