ਕਬਾੜ ''ਚ ਵੇਚ ''ਤੇ 15 ਲੱਖ ਦੇ ਗਹਿਣੇ, 6 ਮਹੀਨੇ ਬਾਅਦ ਲੱਗਾ ਪਤਾ ਤੇ ਫਿਰ....
Thursday, Feb 19, 2026 - 07:11 PM (IST)
ਬੱਲਭਗੜ੍ਹ : ਫਰੀਦਾਬਾਦ ਦੇ ਬੱਲਭਗੜ੍ਹ ਇਲਾਕੇ ਵਿੱਚੋਂ ਇਕ ਬੇਹੱਦ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਪਰਿਵਾਰ ਨੇ 6 ਮਹੀਨੇ ਪਹਿਲਾਂ ਆਪਣੇ ਸਾਰੇ ਸੋਨੇ ਦੇ ਗਹਿਣੇ ਜਿਨ੍ਹਾਂ ਦੀ ਕੀਮਤ ਲਗਭਗ 15 ਲੱਖ ਰੁਪਏ ਦੱਸੀ ਜਾ ਰਹੀ ਹੈ, ਕਬਾੜ ਸਣੇ ਕਬਾੜੀਏ ਨੂੰ ਵੇਚ ਦਿੱਤੇ। ਜਦ ਪਰਿਵਾਰ ਨੂੰ ਹੁਣ ਗਹਿਣੀਆਂ ਦੀ ਲੋੜ ਪਈ ਤਾਂ ਸਾਰਾ ਮਾਮਲਾ ਖੁੱਲਿਆ ਤੇ ਪਰਿਵਾਰ ਦੇ ਹੋਸ਼ ਉੱਡ ਗਏ।
ਜਾਣਕਾਰੀ ਮੁਤਾਬਕ ਅਸ਼ੋਕ ਸ਼ਰਮਾ ਪਿਛਲੇ ਸਾਲ ਜਨਵਰੀ ਵਿੱਚ ਆਪਣੇ ਪਰਿਵਾਰ ਨਾਲ ਕੁੰਭ ਦੇ ਮੇਲੇ ਵਿੱਚ ਗਏ ਸਨ। ਘਰੋਂ ਬਾਹਰ ਜਾਣ ਕਾਰਨ ਉਨ੍ਹਾਂ ਨੂੰ ਚੋਰੀ ਦਾ ਡਰ ਸੀ, ਜਿਸ ਕਾਰਨ ਉਨ੍ਹਾਂ ਨੇ ਆਪਣੇ 100 ਗ੍ਰਾਮ (ਲਗਭਗ 10 ਤੋਲੇ) ਸੋਨੇ ਦੇ ਗਹਿਣੇ ਇੱਕ ਡੱਬੇ ਵਿੱਚ ਬੰਦ ਕਰਕੇ ਇੱਕ ਬੋਰੇ ਵਿੱਚ ਛੁਪਾ ਦਿੱਤੇ ਸਨ। ਯਾਤਰਾ ਤੋਂ ਵਾਪਸ ਆਉਣ ਤੋਂ ਬਾਅਦ ਪਰਿਵਾਰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਇੰਨਾ ਰੁੱਝ ਗਿਆ ਕਿ ਉਹ ਉਸ ਡੱਬੇ ਬਾਰੇ ਬਿਲਕੁਲ ਭੁੱਲ ਹੀ ਗਿਆ।
ਕੁਝ ਮਹੀਨਿਆਂ ਬਾਅਦ ਦੀਵਾਲੀ ਦੀ ਸਫਾਈ ਦੌਰਾਨ, ਘਰ ਦਾ ਪੁਰਾਣਾ ਸਮਾਨ ਛਾਂਟਦੇ ਸਮੇਂ ਉਸ ਬੋਰੇ ਨੂੰ ਵੀ ਹੋਰ ਬੇਕਾਰ ਸਮਾਨ ਦੇ ਨਾਲ ਕਬਾੜ ਸਮਝ ਲਿਆ ਗਿਆ। ਇਹ ਸਾਰਾ ਸਮਾਨ ਸਥਾਨਕ ਕਬਾੜੀਏ ਖਾਨ ਸਾਹਿਬ ਨੂੰ ਵੇਚ ਦਿੱਤਾ ਗਿਆ। ਪਰਿਵਾਰ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਜਿਸ ਸਮਾਨ ਨੂੰ ਉਹ ਕਬਾੜ ਵਿੱਚ ਵੇਚ ਰਹੇ ਹਨ, ਉਸ ਵਿੱਚ ਲੱਖਾਂ ਦੀ ਜਵੈਲਰੀ ਹੈ।
ਦੱਸਿਆ ਜਾ ਰਿਹਾ ਕਿ ਜਦ ਪਰਿਵਾਰ ਵਲੋਂ ਇਕ ਧਾਰਮਿਕ ਪੂਜਾ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਪਰਿਵਾਰ ਨੂੰ ਆਪਣੇ ਗਹਿਣੀਆਂ ਦੀ ਲੋੜ ਪਈ। ਜਦ ਗਹਿਣੇ ਲੱਭਣੇ ਸ਼ੁਰੂ ਕੀਤਾ ਤਾਂ ਪਰਿਵਾਰ ਮੁਤਾਬਕ ਉਨ੍ਹਾਂ ਨੂੰ ਪਹਿਲਾਂ ਦਾ ਕੁਝ ਨਾ ਸੁਝਾ ਪਰ ਆਖਿਰਕਾਰ ਚੇਤੇ ਆਇਆ ਕਿ ਸਾਰੇ ਗਹਿਣੇ ਤਾਂ ਬਕਸੇ ਵਿੱਚ ਪਾ ਕੇ ਬੋਰੇ ਅੰਦਰ ਰੱਖੇ ਸਨ। ਪਰਿਵਾਰ ਨੂੰ ਜਦ ਬੋਰੇ ਬਾਰੇ ਚੇਤੇ ਆਇਆ ਤਾਂ ਪਰਿਵਾਰ ਤੁਰੰਤ ਉਸ ਕਬਾੜ ਵਾਲੇ ਵੱਲ ਭੱਜਿਆ।
ਪਰਿਵਾਰ ਨੇ ਕਬਾੜੀਏ ਨਾਲ ਸੰਪਰਕ ਕੀਤਾ ਤਾਂ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਗਹਿਣੇ ਸੁਰੱਖਿਅਤ ਹਨ। ਇਸ ਬਾਰੇ ਕਬਾੜੀਏ ਖਾਨ ਸਾਬ੍ਹ ਦਾ ਕਹਿਣਾ ਹੈ ਕਿ ਉਸਨੂੰ ਆਪਣੇ ਗੋਦਾਮ ਵਿੱਚ ਸਮਾਨ ਦੀ ਛਾਂਟੀ ਕਰਦੇ ਸਮੇਂ ਇਹ ਡੱਬਾ ਮਿਲਿਆ ਸੀ। ਉਨ੍ਹਾਂ ਨੇ ਬਿਨਾਂ ਕਿਸੇ ਲਾਲਚ ਦੇ ਗਹਿਣਿਆਂ ਨੂੰ ਸੁਰੱਖਿਅਤ ਰੱਖ ਲਿਆ ਅਤੇ ਸਹੀ ਮਾਲਕ ਦੀ ਪਛਾਣ ਹੋਣ ਦਾ ਇੰਤਜ਼ਾਰ ਕੀਤਾ। ਕਰੀਬ ਚਾਰ ਮਹੀਨਿਆਂ ਬਾਅਦ ਜਦੋਂ ਪੁਸ਼ਟੀ ਹੋ ਗਈ ਕਿ ਇਹ ਗਹਿਣੇ ਅਸ਼ੋਕ ਸ਼ਰਮਾ ਦੇ ਹੀ ਹਨ, ਤਾਂ ਉਨ੍ਹਾਂ ਨੇ ਵਾਪਸ ਕਰਨ ਦਾ ਫੈਸਲਾ ਕੀਤਾ। ਗਹਿਣੇ ਵਾਪਸ ਕਰਨ ਵੇਲੇ ਏਸੀਪੀ ਜਤਿੰਦਰ ਮਲਹੋਤਰਾ ਨੂੰ ਸੱਦਿਆ ਗਿਆ। ਪੁਲਸ ਅਧਿਕਾਰੀ ਦੀ ਮੌਜੂਦਗੀ ਵਿੱਚ ਕਬਾੜੀਏ ਨੇ ਗਹਿਣੇ ਪਰਿਵਾਰ ਨੂੰ ਸੌਂਪ ਦਿੱਤੇ। ਗਹਿਣੇ ਵਾਪਸ ਮਿਲਣ 'ਤੇ ਪਰਿਵਾਰ ਨੇ ਕਬਾੜੀਏ ਦੀ ਇਮਾਨਦਾਰੀ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਤੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।
