ਆਸ਼ਕ ਨਾਲ ਮੌਜਾਂ ਕਰਦੀ ਫੜੀ ਗਈ ਪਤਨੀ, ਜਿਸ ਦੇ ਕਤਲ ਦੇ ਦੋਸ਼ ''ਚ ਪਤੀ ਕੱਟ ਰਿਹਾ ਜੇਲ੍ਹ
Thursday, Nov 27, 2025 - 05:28 PM (IST)
ਨੈਸ਼ਨਲ ਡੈਸਕ- ਬਿਹਾਰ ਤੋਂ ਇਕ ਬੇਹੱਦ ਹੈਰਾਨੀਜਨਕ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਨੇ ਪਤੀ-ਪਤਨੀ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਕੇ ਰੱਖ ਦਿੱਤਾ ਹੈ। ਇਹ ਮਾਮਲਾ ਸੂਬੇ ਦੇ ਮੋਤੀਹਾਰੀ ਜ਼ਿਲ੍ਹੇ ਦੇ ਅਰੇਰਾਜ ਥਾਣਾ ਖੇਤਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਅਜਿਹੀ ਔਰਤ ਨੂੰ ਦਿੱਲੀ ਨੇੜੇ ਨੋਇਡਾ ਤੋਂ ਜ਼ਿੰਦਾ ਬਰਾਮਦ ਕੀਤਾ ਹੈ, ਜਿਸ ਦੇ ਕਤਲ ਦੇ ਦੋਸ਼ 'ਚ ਉਸ ਦਾ ਪਤੀ ਪਿਛਲੇ ਕਰੀਬ 4 ਮਹੀਨਿਆਂ ਤੋਂ ਜੇਲ੍ਹ 'ਚ ਸਜ਼ਾ ਕੱਟ ਰਿਹਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਔਰਤ ਆਪਣੇ ਪ੍ਰੇਮੀ ਨਾਲ ਨੋਇਡਾ ਵਿੱਚ ਰਹਿ ਰਹੀ ਸੀ ਅਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ, ਪੂਰਬੀ ਚੰਪਾਰਨ ਜ਼ਿਲ੍ਹੇ ਦੀ ਗੁੰਜਾ ਨਾਮਕ ਲੜਕੀ ਦਾ ਵਿਆਹ 2 ਮਾਰਚ 2025 ਨੂੰ ਅਰੇਰਾਜ ਦੇ ਰਣਜੀਤ ਕੁਮਾਰ ਨਾਲ ਹੋਇਆ ਸੀ। ਰਣਜੀਤ 1 ਜੁਲਾਈ 2025 ਨੂੰ ਆਪਣੀ ਪਤਨੀ ਨੂੰ ਦੂਜੀ ਵਾਰ (ਦੋਂਗਾ) ਵਿਦਾ ਕਰਵਾ ਕੇ ਘਰ ਲੈ ਆਇਆ, ਪਰ ਅਗਲੀ ਰਾਤ 2 ਜੁਲਾਈ ਨੂੰ ਪਤਨੀ ਗੁੰਜਾ ਆਪਣੇ ਸੁੱਤੇ ਪਏ ਪਤੀ ਨੂੰ ਛੱਡ ਕੇ ਘਰ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਕੇ ਭੱਜ ਗਈ।
ਪਤੀ ਰਣਜੀਤ ਨੇ 3 ਜੁਲਾਈ ਨੂੰ ਥਾਣੇ ਵਿੱਚ ਮਾਮਲਾ ਦਰਜ ਕਰਵਾਇਆ ਅਤੇ ਸਬੂਤ ਵਜੋਂ ਸੀ.ਸੀ.ਟੀ.ਵੀ. ਫੁਟੇਜ ਵੀ ਪੇਸ਼ ਕੀਤੀ। ਹਾਲਾਂਕਿ 7 ਜੁਲਾਈ ਨੂੰ ਗੁੰਜਾ ਦੇ ਸਹੁਰੇ ਨੇ ਰਣਜੀਤ ਖਿਲਾਫ਼ ਦਹੇਜ ਲਈ ਉਨ੍ਹਾਂ ਦੀ ਧੀ ਦਾ ਕਤਲ ਕਰਨ ਅਤੇ ਲਾਸ਼ ਨੂੰ ਲੁਕਾਉਣ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ।
ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ 9 ਜੁਲਾਈ ਨੂੰ ਰਣਜੀਤ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਰਣਜੀਤ ਦੀ ਮਾਂ ਪ੍ਰਤਿਮਾ ਦੇਵੀ ਲਗਾਤਾਰ ਕਹਿੰਦੀ ਰਹੀ ਸੀ ਕਿ ਉਨ੍ਹਾਂ ਦਾ ਬੇਟਾ ਬੇਕਸੂਰ ਹੈ ਅਤੇ ਉਸ ਦੀ ਨੂੰਹ ਕਿਤੇ ਚਲੀ ਗਈ ਹੈ। ਹੁਣ ਚਾਰ ਮਹੀਨਿਆਂ ਬਾਅਦ ਮੋਤੀਹਾਰੀ ਪੁਲਸ ਨੇ ਔਰਤ ਨੂੰ ਉਸ ਦੇ ਪ੍ਰੇਮੀ ਸਮੇਤ ਨੋਇਡਾ ਤੋਂ ਜ਼ਿੰਦਾ ਬਰਾਮਦ ਕੀਤਾ ਹੈ, ਜਿਸ ਨਾਲ ਪਤੀ 'ਤੇ ਲੱਗੇ ਕਤਲ ਦੇ ਦੋਸ਼ ਝੂਠੇ ਸਾਬਤ ਹੋ ਗਏ ਹਨ, ਪਰ ਉਸ ਦੀ ਜ਼ਿੰਦਗੀ ਦੇ 4 ਮਹੀਨੇ ਉਸ ਨੂੰ ਇਕ ਕਾਤਲ ਵਾਂਗ ਜੇਲ੍ਹ 'ਚ ਕੱਟਣੇ ਪਏ ਹਨ।
