ਹੁਣ ਰਿਸ਼ਤਿਆਂ ''ਤੇ ਪੈਣ ਲੱਗਾ LPG ਦਾ ਅਸਰ, ਪੇਕੇ ਗਈ ਪਤਨੀ ਬੋਲੀ- ''ਜਦੋਂ ਸਿਲੰਡਰ ਆਏਗਾ ਉਦੋਂ ਆਵਾਂਗੀ...''
Tuesday, Mar 17, 2026 - 12:09 PM (IST)
ਗ੍ਰੇਟਰ ਨੋਇਡਾ- ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਦੇ ਰਬੂਪੁਰਾ ਇਲਾਕੇ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਰਸੋਈ ਗੈਸ ਸਿਲੰਡਰ ਦੀ ਘਾਟ ਕਾਰਨ ਪਤੀ-ਪਤਨੀ ਦੇ ਰਿਸ਼ਤੇ 'ਚ ਦਰਾਰ ਪੈ ਗਈ। ਮਿਲੀ ਜਾਣਕਾਰੀ ਅਨੁਸਾਰ, ਘਰ 'ਚ ਗੈਸ ਖਤਮ ਹੋਣ ਅਤੇ ਸਮੇਂ ਸਿਰ ਨਵਾਂ ਸਿਲੰਡਰ ਨਾ ਆਉਣ ਤੋਂ ਨਾਰਾਜ਼ ਹੋ ਕੇ ਇਕ ਔਰਤ ਆਪਣੇ ਬੱਚਿਆਂ ਅਤੇ ਪਤੀ ਨੂੰ ਛੱਡ ਕੇ ਪੇਕੇ ਘਰ ਚਲੀ ਗਈ ਹੈ।
ਇਹ ਘਟਨਾ ਰਬੂਪੁਰਾ ਖੇਤਰ ਦੇ ਪਿੰਡ ਭੰਨਾਤਾਗਾ ਦੀ ਹੈ। ਇੱਥੋਂ ਦਾ ਰਹਿਣ ਵਾਲਾ ਦਿਨੇਸ਼, ਜੋ ਕਿ ਖੁਰਜਾ 'ਚ ਬਿਲਡਿੰਗ ਮਟੀਰੀਅਲ ਸਪਲਾਇਰ ਕੋਲ ਟਰੈਕਟਰ ਚਾਲਕ ਵਜੋਂ ਕੰਮ ਕਰਦਾ ਹੈ, ਦਾ ਵਿਆਹ ਕਰੀਬ ਸੱਤ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਦੇ ਘਰ ਦਾ ਰਸੋਈ ਗੈਸ ਸਿਲੰਡਰ ਖਤਮ ਹੋ ਗਿਆ ਸੀ, ਜਿਸ ਕਾਰਨ ਘਰ 'ਚ ਖਾਣਾ ਬਣਾਉਣ 'ਚ ਦਿੱਕਤਾਂ ਆਉਣ ਲੱਗੀਆਂ।
ਗੈਸ ਖਤਮ ਹੋਣ ਤੋਂ ਬਾਅਦ ਔਰਤ ਨੂੰ ਮਜ਼ਬੂਰਨ ਲੱਕੜਾਂ ਅਤੇ ਪਾਥੀਆਂ 'ਤੇ ਖਾਣਾ ਬਣਾਉਣਾ ਪੈ ਰਿਹਾ ਸੀ। ਦੋਸ਼ ਹੈ ਕਿ ਪਤੀ ਕਈ ਦਿਨਾਂ ਤੋਂ ਨਵਾਂ ਸਿਲੰਡਰ ਲਿਆਉਣ 'ਚ ਟਾਲ-ਮਟੋਲ ਕਰ ਰਿਹਾ ਸੀ, ਜਿਸ ਕਾਰਨ ਦੋਵਾਂ ਵਿਚਾਲੇ ਤਣਾਅ ਵਧ ਗਿਆ ਅਤੇ ਗੱਲ ਝਗੜੇ ਤੱਕ ਪਹੁੰਚ ਗਈ। ਨਾਰਾਜ਼ ਪਤਨੀ ਨੇ ਸਾਫ ਕਹਿ ਦਿੱਤਾ ਕਿ ਜਦੋਂ ਤੱਕ ਘਰ ਵਿੱਚ ਗੈਸ ਦੀ ਵਿਵਸਥਾ ਨਹੀਂ ਹੋਵੇਗੀ, ਉਹ ਵਾਪਸ ਨਹੀਂ ਪਰਤੇਗੀ ਅਤੇ ਸੋਮਵਾਰ ਨੂੰ ਉਹ ਆਪਣੇ ਪੇਕੇ ਚਲੀ ਗਈ। ਇਹ ਮਾਮਲਾ ਹੁਣ ਪੂਰੇ ਪਿੰਡ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੈਸ ਸਿਲੰਡਰ ਦੀਆਂ ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਸਮੱਸਿਆ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਮਾਮਲੇ ਹੋਰਨਾਂ ਇਲਾਕਿਆਂ ਤੋਂ ਵੀ ਸਾਹਮਣੇ ਆ ਰਹੇ ਹਨ, ਜਿੱਥੇ ਘਰੇਲੂ ਲੋੜਾਂ ਦੀ ਪੂਰਤੀ ਨਾ ਹੋਣ ਕਾਰਨ ਪਰਿਵਾਰਕ ਰਿਸ਼ਤਿਆਂ 'ਚ ਕੁੜੱਤਣ ਪੈਦਾ ਹੋ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
