ਝਗੜੇ ਤੋਂ ਬਾਅਦ ਪਤਨੀ ਦਾ ਸਿਰ ਵੱਢਿਆ, ਫਿਰ ਲਾਸ਼ ਦੇ ਕਰ’ਤੇ ਟੋਟੇ
Tuesday, May 28, 2024 - 11:12 PM (IST)

ਬੈਂਗਲੁਰੂ, (ਅਨਸ)- ਕਰਨਾਟਕ ਦੇ ਤੁਮਕੁਰੂ ਜ਼ਿਲੇ ’ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਵਿਅਕਤੀ ਨੇ ਝਗੜੇ ਤੋਂ ਬਾਅਦ ਆਪਣੀ ਪਤਨੀ ਦਾ ਕਤਲ ਕਰ ਕੇ ਲਾਸ਼ ਦੇ ਟੋਟੇ-ਟੋਟੇ ਕਰ ਦਿੱਤੇ। ਇਹ ਘਟਨਾ ਤੁਮਾਕੁਰੂ ਜ਼ਿਲੇ ਦੇ ਹੋਸਪੇਟ ਪਿੰਡ ਦੀ ਹੈ। ਮ੍ਰਿਤਕਾ ਦੀ ਪਛਾਣ ਪੁਸ਼ਪਾ (32) ਦੇ ਰੂਪ ’ਚ ਹੋਈ ਹੈ। ਉਹ ਸ਼ਿਵਮੋਗਾ ਜ਼ਿਲੇ ਦੇ ਸਾਗਰ ਸ਼ਹਿਰ ਦੀ ਰਹਿਣ ਵਾਲੀ ਸੀ। ਮੁਲਜ਼ਮ ਪਤੀ ਸ਼ਿਵਰਾਮ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਮੁਤਾਬਕ ਸੋਮਵਾਰ ਰਾਤ ਪਤਨੀ ਨਾਲ ਝਗੜੇ ਤੋਂ ਬਾਅਦ ਗੁੱਸੇ ’ਚ ਆਏ ਸ਼ਿਵਰਾਮ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਨੇ ਪਹਿਲਾਂ ਪੁਸ਼ਪਾ ਦਾ ਸਿਰ ਵੱਢਿਆ ਅਤੇ ਰਸੋਈ ’ਚ ਉਸ ਦੀ ਲਾਸ਼ ਦੇ ਟੁਕੜੇ ਕਰ ਦਿੱਤੇ। ਪਤੀ-ਪਤਨੀ ਆਪਣੇ 8 ਸਾਲ ਦੇ ਬੱਚੇ ਨਾਲ ਕਿਰਾਏ ਦੇ ਮਕਾਨ ’ਚ ਰਹਿੰਦੇ ਸੀ। ਮੁਲਜ਼ਮ ਇਕ ਆਰਾ ਮਸ਼ੀਨ ’ਤੇ ਹੈਲਪਰ ਵਜੋਂ ਕੰਮ ਕਰਦਾ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੋੜੇ ਦਾ ਅਕਸਰ ਝਗੜਾ ਹੁੰਦਾ ਸੀ।