ਮਮਤਾ ‘ਹਿਟਲਰ ਵਰਗਾ ਸ਼ਾਸਨ’ ਚਲਾ ਰਹੀ ਹੈ : ਸ਼ਾਹ

Saturday, Apr 15, 2023 - 11:52 AM (IST)

ਮਮਤਾ ‘ਹਿਟਲਰ ਵਰਗਾ ਸ਼ਾਸਨ’ ਚਲਾ ਰਹੀ ਹੈ : ਸ਼ਾਹ

ਸੂਰੀ (ਪੱਛਮੀ ਬੰਗਾਲ), (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਲੋਕਾਂ ਨੂੰ ਅਗਲੀਆਂ ਲੋਕ ਸਭਾ ਚੋਣਾਂ ’ਚ ਪੱਛਮੀ ਬੰਗਾਲ ਦੀਆਂ 42 ’ਚੋਂ 35 ਸੀਟਾਂ ’ਤੇ ਜਿੱਤ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਟੀਚਾ ਹਾਸਲ ਕਰ ਲਿਆ ਗਿਆ ਤਾਂ ਤ੍ਰਿਣਮੂਲ ਕਾਂਗਰਸ ਸਰਕਾਰ 2025 ਤੋਂ ਅੱਗੇ ਨਹੀਂ ਚੱਲ ਸਕੇਗੀ। ਮਮਤਾ ਬੈਨਰਜੀ ਸਰਕਾਰ ’ਤੇ ‘ਹਿਟਲਰ ਵਰਗਾ ਸ਼ਾਸਨ’ ਚਲਾਉਣ ਲਈ ਨਿਸ਼ਾਨਾ ਸਾਧਦੇ ਹੋਏ, ਸ਼ਾਹ ਨੇ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ 2024 ’ਚ ਸੂਬੇ ’ਚ 35 ਤੋਂ ਵੱਧ ਸੀਟਾਂ ਜਿੱਤ ਕੇ ਸੱਤਾ ’ਚ ਵਾਪਸ ਆਉਂਦੀ ਹੈ, ਤਾਂ ਕੋਈ ਵੀ ਸੂਬੇ ’ਚ ਰਾਮ ਨੌਮੀ ਦੀਆਂ ਰੈਲੀਆਂ ’ਤੇ ਹਮਲਾ ਕਰਨ ਦੀ ਹਿੰਮਤ ਨਹੀਂ ਕਰੇਗਾ। ਇਸ ਮਹੀਨੇ ਦੀ ਸ਼ੁਰੂਆਤ ’ਚ ਰਾਮ ਨੌਮੀ ਤਿਉਹਾਰ ਦੌਰਾਨ ਸੂਬੇ ’ਚ ਵੱਖ-ਵੱਖ ਥਾਵਾਂ ’ਤੇ ਹਿੰਸਾ ਹੋਈ ਸੀ।

ਸ਼ਾਹ ਨੇ ਇੱਥੇ ਬੀਰਭੂਮ ਜ਼ਿਲੇ ’ਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਮੈਂ ਸਪੱਸ਼ਟ ਤੌਰ ’ਤੇ ਕਹਿ ਦੇਵਾਂ ਕਿ ਨਰਿੰਦਰ ਮੋਦੀ ਫਿਰ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। 2024 ਦੀਆਂ ਲੋਕ ਸਭਾ ਚੋਣਾਂ ’ਚ ਸਾਨੂੰ ਪੱਛਮੀ ਬੰਗਾਲ ਤੋਂ 35 ਤੋਂ ਵੱਧ ਸੀਟਾਂ ਦਿਓ ਅਤੇ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਮਮਤਾ ਬੈਨਰਜੀ ਦੀ ਸਰਕਾਰ 2025 ਤੋਂ ਅੱਗੇ ਨਹੀਂ ਟਿੱਕ ਸਕੇਗੀ। ਮਮਤਾ ਬੈਨਰਜੀ ਸਰਕਾਰ 2026 ’ਚ ਆਪਣਾ ਤੀਜਾ ਕਾਰਜਕਾਲ ਪੂਰਾ ਕਰਨ ਵਾਲੀ ਹੈ। 

ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਭਾਵੇਂ ਹੀ ਆਪਣੇ ਭਤੀਜੇ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਦਾ ਸੁਪਨਾ ਦੇਖਦੀ ਹੋਵੇ ਪਰ ਪੱਛਮੀ ਬੰਗਾਲ ਦਾ ਅਗਲਾ ਮੁੱਖ ਮੰਤਰੀ ਭਾਜਪਾ ਦਾ ਹੋਵੇਗਾ। ਸਿਰਫ਼ ਭਾਜਪਾ ਹੀ ਭ੍ਰਿਸ਼ਟ ਤ੍ਰਿਣਮੂਲ ਕਾਂਗਰਸ ਨਾਲ ਲੜ ਸਕਦੀ ਹੈ ਅਤੇ ਉਸ ਨੂੰ ਹਰਾ ਸਕਦੀ ਹੈ। ੇਪੱਛਮੀ ਬੰਗਾਲ ’ਚ ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ ’ਚ 18 ’ਤੇ ਸੀਟਾਂ ਹਾਸਲ ਕੀਤੀਆਂ ਸਨ। ਸ਼ਾਹ ਦੀਆਂ ਟਿੱਪਣੀਆਂ ’ਤੇ ਤ੍ਰਿਣਮੂਲ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਪਾਰਟੀ ਨੇ ਇਸ ਨੂੰ ‘ਗੈਰ-ਜਮਹੂਰੀ ਅਤੇ ਗੈਰ-ਸੰਵਿਧਾਨਕ’ ਕਰਾਰ ਦਿੱਤਾ ਹੈ।


author

Rakesh

Content Editor

Related News