ਹੈਵਾਨੀਅਤ : ਨੌਕਰਾਣੀ ਦਾ ਕੰਮ ਕਰ ਰਹੀ 13 ਸਾਲਾ ਕੁੜੀ ਨੂੰ ਤੇਜ਼ਾਬ ਨਾਲ ਸਾੜਿਆ, ਨਗਨ ਕਰ ਬਣਾਈ ਵੀਡੀਓ

12/10/2023 8:29:18 AM

ਗੁਰੂਗ੍ਰਾਮ (ਭਾਸ਼ਾ)- ਹਰਿਆਣਾ ਦੇ ਗੁਰੂਗ੍ਰਾਮ ਦੇ ਸੈਕਟਰ-57 ਇਲਾਕੇ ’ਚ ਇਕ ਪਰਿਵਾਰ ਦੇ ਮੈਂਬਰਾਂ ਵੱਲੋਂ 13 ਸਾਲਾ ਘਰੇਲੂ ਨੌਕਰਾਣੀ ਦੀ ਕੁੱਟ-ਮਾਰ ਕਰਨ , ਕੁੱਤੇ ਕੋਲੋਂ ਵਢਵਾਉਣ ਅਤੇ ਉਸ ਨੂੰ ਕੱਪੜੇ ਉਤਾਰਨ ਲਈ ਮਜ਼ਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤਾ ਦੀ ਮਾਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਉਸ ਨੇ 27 ਜੂਨ ਨੂੰ ਨੇੜਲੇ ਇਲਾਕੇ ’ਚ ਵਾਹਨਾਂ ਦੀ ਸਫ਼ਾਈ ਕਰਨ ਵਾਲੇ ਇਕ ਵਿਅਕਤੀ ਦੀ ਮਦਦ ਨਾਲ ਆਪਣੀ ਬੇਟੀ ਨੂੰ ਸ਼ਸ਼ੀ ਸ਼ਰਮਾ ਦੇ ਘਰ ’ਚ ਕੰਮ ਦਿਵਾਇਆ ਸੀ। ਬੇਟੀ ਦੇ ਉਨ੍ਹਾਂ ਨਾਲ ਰਹਿਣ ਅਤੇ 9,000 ਰੁਪਏ ਮਹੀਨਾ ਤਨਖਾਹ ਦੀ ਗੱਲ ਹੋਈ ਸੀ ਪਰ ਇਹ ਰਕਮ ਸਿਰਫ਼ 2 ਮਹੀਨੇ ਹੀ ਦਿੱਤੀ ਗਈ। ਮੈਂ ਕਈ ਵਾਰ ਆਪਣੀ ਬੇਟੀ ਨੂੰ ਮਿਲਣ ਗਈ ਪਰ ਨਾ ਤਾਂ ਉਸ ਨੂੰ ਮਿਲਣ ਦਿੱਤਾ ਗਿਆ ਅਤੇ ਨਾ ਹੀ ਫੋਨ ’ਤੇ ਗੱਲ ਕਰਨ ਦਿੱਤੀ ਗਈ।

ਇਹ ਵੀ ਪੜ੍ਹੋ : ਅਮਰੀਕਾ ਜਾਣ ਦੀ ਜ਼ਿੱਦ 'ਚ ਹੱਥੀਂ ਉਜਾੜ ਲਿਆ ਘਰ, ਪਤਨੀ ਤੇ 2 ਮਾਸੂਮ ਬੱਚਿਆਂ ਨੂੰ ਦਿੱਤੀ ਬੇਰਹਿਮ ਮੌਤ

ਸ਼ਿਕਾਇਤ ਦੇ ਅਨੁਸਾਰ ਜਿਸ ਘਰ ’ਚ ਕੁੜੀ ਕੰਮ ਕਰਦੀ ਸੀ, ਉਸ ਪਰਿਵਾਰ ਦੀ ਔਰਤ ਅਕਸਰ ਕੁੜੀ ਨੂੰ ਲੋਹੇ ਦੀ ਰਾਡ ਅਤੇ ਹਥੌੜੇ ਨਾਲ ਕੁੱਟਦੀ ਸੀ, ਜਦਕਿ ਔਰਤ ਦੇ 2 ਮੁੰਡਿਆਂ ਨੇ ਕੁੜੀ ਨੂੰ ਨਗਨ ਕੀਤਾ, ਉਸ ਦੀ ਵੀਡੀਓ ਬਣਾਈ ਅਤੇ ਗਲਤ ਢੰਗ ਨਾਲ ਛੂਹਿਆ ਅਤੇ ਕੁੱਤੇ ਕੋਲੋਂ ਵਢਵਾਇਆ। ਦੋਸ਼ੀ ਪਰਿਵਾਰ ਨੇ ਘਰੇਲੂ ਨੌਕਰਾਣੀ ਨੂੰ ਬੰਧਕ ਬਣਾ ਲਿਆ ਸੀ, ਪੀੜਤਾ ਨੂੰ ਸ਼ਨੀਵਾਰ ਨੂੰ ਉਸ ਦੀ ਮਾਂ ਨੇ ਛੁਡਵਾਇਆ। ਪੁਲਸ ਨੇ ਦੱਸਿਆ ਕਿ ਪੀੜਤਾ ਦੀ ਮਾਂ ਨੇ ਆਪਣੀ ਸ਼ਿਕਾਇਤ ’ਚ ਕਿਹਾ ਕਿ ਉਸ ਦੀ ਬੇਟੀ ਨੂੰ 48 ਘੰਟਿਆਂ ’ਚ ਸਿਰਫ ਇਕ ਵਾਰ ਖਾਣਾ ਦਿੱਤਾ ਜਾਂਦਾ ਸੀ ਅਤੇ ਉਸ ਦੇ ਮੂੰਹ ’ਤੇ ਟੇਪ ਲਗਾ ਦਿੱਤੀ ਜਾਂਦੀ ਸੀ ਤਾਂ ਜੋ ਉਹ ਕੋਈ ਰੌਲਾ ਨਾ ਪਾ ਸਕੇ। ਸੈਕਟਰ 51 ਮਹਿਲਾ ਥਾਣੇ ’ਚ ਦਰਜ ਕਰਵਾਈ ਗਈ ਐੱਫ.ਆਈ.ਆਰ. ਵਿਚ ਦੱਸਿਆ ਗਿਆ ਹੈ ਕਿ ਕੁੜੀ ਦੇ ਹੱਥਾਂ ’ਤੇ ਤੇਜ਼ਾਬ ਪਾ ਦਿੱਤਾ ਅਤੇ ਕਿਸੇ ਨੂੰ ਘਟਨਾ ਬਾਰੇ ਦੱਸਣ ’ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਸ ਨੇ ਦੱਸਿਆ ਕਿ ਦੋਸ਼ੀ ਪਰਿਵਾਰ ਦੇ ਤਿੰਨ ਮੈਂਬਰਾਂ ’ਤੇ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ ਐਕਟ (ਪੋਕਸੋ) ਦੀ ਧਾਰਾ 10 ਅਤੇ ਜੁਵੇਨਾਈਲ ਜਸਟਿਸ ਐਕਟ ਦੀ ਧਾਰਾ 75 ਤਹਿਤ ਮਾਮਲਾ ਦਰਜ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News