ਅੱਧ ਨਗਨ ਹਾਲਤ ਵਿਚ ਰਾਜਮਿਸਤਰੀ ਦੀ ਬੰਦ ਕਮਰੇ ’ਚ ਖੂਨ ਨਾਲ ਲੱਥਪੱਥ ਲਾਸ਼ ਮਿਲੀ

Monday, Sep 28, 2026 - 05:19 PM (IST)

ਅੱਧ ਨਗਨ ਹਾਲਤ ਵਿਚ ਰਾਜਮਿਸਤਰੀ ਦੀ ਬੰਦ ਕਮਰੇ ’ਚ ਖੂਨ ਨਾਲ ਲੱਥਪੱਥ ਲਾਸ਼ ਮਿਲੀ

ਮਾਛੀਵਾੜਾ ਸਾਹਿਬ (ਟੱਕਰ) : ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੇੜ੍ਹੇ ਇਕ ਬੰਦ ਕਮਰੇ ਵਿਚ ਰਾਸਮਿਸਤਰੀ ਚਰਨਜੀਤ ਸਿੰਘ ਉਰਫ਼ ਬਿੱਲਾ (50) ਦੀ ਖੂਨ ਨਾਲ ਲੱਥਪੱਥ ਅੱਧ ਨਗਨ ਹਾਲਤ ਵਿਚ ਲਾਸ਼ ਮਿਲੀ ਜਿਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਮਾਛੀਵਾੜਾ ਸ਼ਹਿਰ ਵਿਚ ਰਹਿੰਦੇ ਆਪਣੇ ਪਰਿਵਾਰ ਤੋਂ ਅਲੱਗ ਹੋ ਕੇ ਕਮਰਾ ਕਿਰਾਏ ’ਤੇ ਲੈ ਕੇ ਰਹਿ ਰਿਹਾ ਸੀ। ਕਮਰੇ ਦਾ ਦਰਵਾਜ਼ਾ ਅੰਦਰੋਂ ਲੱਗਾ ਹੋਇਆ ਸੀ ਤਾਂ ਆਸਪਾਸ ਦੇ ਲੋਕਾਂ ਨੇ ਦੇਖਿਆ ਕਿ ਕਮਰੇ ’ਚੋਂ ਖੂਨ ਨਿਕਲ ਕੇ ਬਾਹਰ ਆ ਰਿਹਾ ਹੈ ਤਾਂ ਉਨ੍ਹਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਕਰਮਜੀਤ ਸਿੰਘ ਮੌਕੇ ’ਤੇ ਪਹੁੰਚ ਗਏ ਅਤੇ ਜਦੋਂ ਉਨ੍ਹਾਂ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਅੰਦਰ ਚਰਨਜੀਤ ਸਿੰਘ ਖੂਨ ਨਾਲ ਲੱਥਪੱਥ ਅੱਧ ਨਗਨ ਹਾਲਤ ਵਿਚ ਪਿਆ ਸੀ। ਚਰਨਜੀਤ ਸਿੰਘ ਦੇ ਸਿਰ ਪਿੱਛੇ ਸੱਟ ਲੱਗੀ ਹੋਈ ਸੀ ਜਿੱਥੋਂ ਖੂਨ ਵਹਿ ਕੇ ਕਮਰੇ ਤੋਂ ਬਾਹਰ ਤੱਕ ਆ ਗਿਆ ਸੀ ਅਤੇ ਉਸਦੇ ਮੂੰਹ ’ਤੇ ਵੀ ਸੱਟ ਦੇ ਨਿਸ਼ਾਨ ਲੱਗ ਰਹੇ ਸਨ। 

ਮ੍ਰਿਤਕ ਚਰਨਜੀਤ ਸਿੰਘ ਦੇ ਪਰਿਵਾਰ ਨੂੰ ਪੁਲਸ ਨੇ ਸੂਚਿਤ ਕੀਤਾ ਤਾਂ ਉਸਦੀ ਪਤਨੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਸ਼ਰਾਬ ਪੀਣ ਦਾ ਆਦੀ ਸੀ ਅਤੇ ਘਰ ਵਿਚ ਲੜਾਈ-ਝਗੜਾ ਕਰਦਾ ਰਹਿੰਦਾ ਸੀ। ਪਿਛਲੇ ਕਰੀਬ 4 ਸਾਲ ਤੋਂ ਉਹ ਪਰਿਵਾਰ ਨਾਲੋਂ ਅਲੱਗ ਰਹਿ ਰਿਹਾ ਸੀ ਅਤੇ ਉਸਦਾ ਪਰਿਵਾਰਕ ਮੈਂਬਰਾਂ ਨਾਲ ਕੋਈ ਸਬੰਧ ਨਹੀਂ ਸੀ। ਅੱਜ ਸਵੇਰੇ ਉਨ੍ਹਾਂ ਨੂੰ ਪੁਲਸ ਰਾਹੀਂ ਸੂਚਨਾ ਮਿਲੀ ਕਿ ਚਰਨਜੀਤ ਸਿੰਘ ਕਮਰੇ ਅੰਦਰ ਮ੍ਰਿਤਕ ਹਾਲਤ ਵਿਚ ਪਿਆ ਹੈ। ਪੁਲਸ ਵਲੋਂ ਫਿਲਹਾਲ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਥਾਣਾ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਕਿ ਜੋ ਮ੍ਰਿਤਕ ਦੇ ਸੱਟਾਂ ਹਨ ਉਹ ਡਿੱਗਣ ਕਾਰਨ ਲੱਗੀਆਂ ਹਨ ਜਾਂ ਕਿਸੇ ਨੇ ਉਸ ਨੂੰ ਮਾਰ ਕੇ ਕਤਲ ਕੀਤਾ ਹੈ, ਇਸ ਸਬੰਧੀ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਆਸਪਾਸ ਲੱਗੇ ਸੀਸੀਟੀਵੀ ਕੈਮਰੇ ਤੇ ਜਿਹੜੇ ਵਿਅਕਤੀਆਂ ਨਾਲ ਮ੍ਰਿਤਕ ਚਰਨਜੀਤ ਸਿੰਘ ਦਾ ਮੇਲ-ਮਿਲਾਪ ਸੀ ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਛੀਵਾੜਾ ਪੁਲਸ ਜਲਦ ਇਸ ਮਾਮਲੇ ਨੂੰ ਸੁਲਝਾ ਲਵੇਗੀ।


author

Gurminder Singh

Content Editor

Related News