ਮਹਾਰਾਸ਼ਟਰ : ਰਤਨਾਗਿਰੀ ’ਚ ਸੰਘ ਦੀ ਸ਼ੋਭਾ ਯਾਤਰਾ ਦੌਰਾਨ ਤਣਾਅ
Saturday, Oct 12, 2024 - 06:07 PM (IST)
ਮੁੰਬਈ, (ਭਾਸ਼ਾ)- ਮਹਾਰਾਸ਼ਟਰ ਦੇ ਰਤਨਾਗਿਰੀ ਸ਼ਹਿਰ ’ਚ ਰਾਸ਼ਟਰੀ ਸਵੈਮ-ਸੇਵਕ ਸੰਘ ਦੀ ਸ਼ੋਭਾ ਯਾਤਰਾ ਦੌਰਾਨ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਵੱਲੋਂ ਕਥਿਤ ਤੌਰ ’ਤੇ ਨਾਅਰੇਬਾਜ਼ੀ ਕਰਨ ਪਿੱਛੋਂ ਤਣਾਅ ਪੈਦਾ ਹੋ ਗਿਆ। ਪੁਲਸ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ।
ਰਤਨਾਗਿਰੀ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੋਂਕਣ ਨਗਰ ਇਲਾਕੇ ’ਚ ਸ਼ੁੱਕਰਵਾਰ ਰਾਤ ਵਾਪਰੀ ਇਸ ਘਟਨਾ ਤੋਂ ਬਾਅਦ ਪੁਲਸ ਨੇ 2 ਮਾਮਲੇ ਦਰਜ ਕੀਤੇ ਹਨ। ਦੋਵੇਂ ਮਾਮਲੇ ਸ਼ਿਕਾਇਤਾਂ ਦੇ ਆਧਾਰ ’ਤੇ ਦਰਜ ਕੀਤੇ ਗਏ ਹਨ। 5 ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ । ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਅਾ ਹੈ।
ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਜਦੋਂ ਆਰ. ਐੱਸ. ਐੱਸ. ਨੇ ਦੁਸਹਿਰੇ ਦੇ ਤਿਉਹਾਰ ਦੀ ਪੂਰਬਲੀ ਸ਼ਾਮ ਇਲਾਕੇ ’ਚ ਸ਼ੋਭਾ ਯਾਤਰਾ ਕੱਢੀ ਤਾਂ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਥਿਤ ਤੌਰ ’ਤੇ ਠੇਸ ਪਹੁੰਚਾਉਣ ਵਾਲੇ ਨਾਅਰੇ ਲਾਏ। ਘਟਨਾ ਤੋਂ ਬਾਅਦ ਕੋਈ ਹਿੰਸਾ ਨਹੀਂ ਹੋਈ ਪਰ ਦੇਰ ਰਾਤ ਕਈ ਲੋਕ ਥਾਣੇ ’ਚ ਇਕੱਠੇ ਹੋ ਗਏ ਅਤੇ ਘਟਨਾ ’ਚ ਸ਼ਾਮਲ ਲੋਕਾਂ ਵਿਰੁੱਧ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੇ ਸਨ।