ਮਹਾਰਾਸ਼ਟਰ ''ਚ ਪਾਣੀ ਲਈ ਹਾਹਾਕਾਰ, 4 ਘੰਟਿਆਂ ਬਾਅਦ ਵੀ ਮਿਲਦੈ ''ਗੰਦਾ ਪਾਣੀ''
Monday, Jun 10, 2019 - 01:28 PM (IST)

ਮਹਾਰਾਸ਼ਟਰ— ਮਹਾਰਾਸ਼ਟਰ 'ਚ ਪੀਣ ਵਾਲੇ ਪਾਣੀ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਮਹਾਰਾਸ਼ਟਰ ਦੇ ਮੇਲਘਾਟ 'ਚ ਬਿਹਾਲੀ ਅਤੇ ਭੰਡਾਰੀ ਪਿੰਡ ਦੇ ਵਾਸੀ ਖੂਹ 'ਚੋਂ ਗੰਦਾ ਪਾਣੀ ਭਰਨ ਨੂੰ ਮਜਬੂਰ ਹਨ। ਲੋਕ ਦੂਸ਼ਿਤ ਪਾਣੀ ਪੀ ਕੇ ਜਿਊਂਦੇ ਰਹਿ ਰਹੇ ਹਨ। ਇਨ੍ਹਾਂ ਪਿੰਡ ਦੇ ਲੋਕਾਂ ਨੇ ਆਪਣਾ ਦਰਦ ਬਿਆਨ ਕਰਦੇ ਹੋਏ ਕਿਹਾ ਕਿ ਅਸੀਂ ਰੋਟੀ ਤੋਂ ਬਿਨਾਂ ਤਾਂ ਰਹਿ ਸਕਦੇ ਹਾਂ ਪਰ ਪਾਣੀ ਤੋਂ ਬਿਨਾਂ ਅਸੀਂ ਕਿਵੇਂ ਜਿਊਂਦੇ ਰਹਾਂਗੇ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਪੀਣ ਵਾਲਾ ਪਾਣੀ ਭਰਨ ਲਈ ਰੋਜ਼ਾਨਾ 3-4 ਘੰਟੇ ਬਿਤਾਉਂਦੇ ਹਾਂ। ਸਰਕਾਰ ਕੁਝ ਵੀ ਨਹੀਂ ਕਰ ਰਹੀ। ਪਿੰਡ ਦੀਆਂ ਔਰਤਾਂ ਨੂੰ ਪੀਣ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਘਰਾਂ 'ਚ ਕੰਮਕਾਜ ਤੋਂ ਇਲਾਵਾ ਉਹ ਕਈ ਮੀਲ ਪੈਦਲ ਚੱਲ ਕੇ ਖੂਹ ਤੋਂ ਪਾਣੀ ਭਰਨ ਲਈ ਆਉਂਦੀਆਂ ਹਨ।
ਔਰਤਾਂ ਦਾ ਕਹਿਣਾ ਹੈ ਕਿ ਕਾਫੀ ਜਦੋ-ਜਹਿੱਦ ਮਗਰੋਂ ਵੀ ਉਨ੍ਹਾਂ ਨੂੰ ਪੀਣ ਵਾਲਾ ਗੰਦਾ ਪਾਣੀ ਹੀ ਮਿਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੱਡੀ ਸਮੱਸਿਆ ਤਾਂ ਇਹ ਹੈ ਕਿ ਇੰਨੀ ਗਰਮੀ ਵਿਚ ਇਸ ਪਾਣੀ ਨੂੰ ਉਬਾਲ ਕੇ ਫਿਰ ਵਰਤੋਂ 'ਚ ਲਿਆਂਦਾ ਜਾਵੇਗਾ। ਪ੍ਰਸ਼ਾਸਨ ਅਤੇ ਸਰਕਾਰ ਵਲੋਂ ਉਨ੍ਹਾਂ ਦੀ ਇਸ ਪਰੇਸ਼ਾਨੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਘਰਾਂ ਦੇ ਕੰਮਕਾਰਾਂ ਤੋਂ ਇਲਾਵਾ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਪਾਣੀ ਭਰਨ 'ਚ ਹੀ ਲੰਘ ਜਾਂਦਾ ਹੈ।
ਇੰਨੀ ਮਿਹਨਤ ਮਗਰੋਂ ਵੀ ਸਾਨੂੰ ਖੂਹ 'ਚੋਂ ਗੰਦਾ ਪਾਣੀ ਨਸੀਬ ਹੋ ਰਿਹਾ ਹੈ। ਕਦੇ-ਕਦੇ ਪੂਰਾ ਦਿਨ ਉਡੀਕ ਕਰਨੀ ਪੈਂਦੀ ਹੈ। ਕਈ ਲੋਕ ਤਾਂ ਪਾਣੀ ਲਈ ਇੱਥੇ ਹੀ ਰਾਤ ਬਿਤਾਉਂਦੇ ਹਨ।