ਆਫ਼ ਦਿ ਰਿਕਾਰਡ : ਮਹਾਰਾਸ਼ਟਰ ਨੂੰ ਲੈ ਕੇ ਭਾਜਪਾ ਦੀ ਚਿੰਤਾ
Wednesday, Sep 21, 2022 - 12:36 PM (IST)

ਨਵੀਂ ਦਿੱਲੀ– ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਬਣਨ ਤੋਂ ਬਾਅਦ ਵੀ ਭਾਜਪਾ ਹਾਈ ਕਮਾਂਡ ਮਹਾਰਾਸ਼ਟਰ ਵਿੱਚ ਸੱਤਾ ਬਰਕਰਾਰ ਰੱਖਣ ਨੂੰ ਲੈ ਕੇ ਚਿੰਤਤ ਹੈ। ਭਾਜਪਾ ਦਾ ਮੁੱਖ ਮੰਤਵ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੀ ਰੀੜ੍ਹ ਦੀ ਹੱਡੀ ਨੂੰ ਤੋੜਨਾ ਹੈ। ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਮੁੰਬਈ ਦਾ ਦੌਰਾ ਕੀਤਾ ਸੀ ਤਾਂ ਉਹ ਭਾਜਪਾ ਦੀ ਮਨਸ਼ਾ ਸਪੱਸ਼ਟ ਕਰਨ ਤੋਂ ਪਿੱਛੇ ਨਹੀਂ ਹਟੇ।
ਉਨ੍ਹਾਂ ਸਾਫ਼ ਕਿਹਾ ਸੀ ਕਿ ਊਧਵ ਨੰਬਰ ਵਨ ਦੁਸ਼ਮਣ ਹੈ। ਹੈਰਾਨੀ ਦੀ ਗੱਲ ਹੈ ਕਿ ਊਧਵ ਨੇ ਚੁੱਪ ਰਹਿਣਾ ਠੀਕ ਸਮਝਿਆ। ਭਾਜਪਾ ਜਾਣਦੀ ਹੈ ਕਿ ਆਉਣ ਵਾਲੀਆਂ ਬੀ.ਐੱਮ.ਸੀ. ਦੀਆਂ ਚੋਣਾਂ ਨਵੀਂ ਬਣੀ ਸਰਕਾਰ ਲਈ ਪਹਿਲੀ ਵੱਡੀ ਪ੍ਰੀਖਿਆ ਹੋਣਗੀਆਂ। ਮੁੰਬਈ ਵਿੱਚ ਭਾਜਪਾ ਵੱਲੋਂ ਕਰਵਾਏ ਗਏ ਘੱਟੋ-ਘੱਟ ਦੋ ਅੰਦਰੂਨੀ ਸਰਵੇਖਣ ਉਤਸ਼ਾਹਜਨਕ ਨਹੀਂ ਹਨ। ਇਸੇ ਲਈ ਭਾਜਪਾ ਬੀ. ਐੱਮ. ਸੀ. ਦੀ ਰੁਕਾਵਟ ਨੂੰ ਦੂਰ ਕਰਨ ਲਈ ਵੱਖ-ਵੱਖ ਲੜੀਵਾਰ ਤਬਦੀਲੀਆਂ ਅਤੇ ਸੰਜੋਗਾਂ ’ਤੇ ਕੰਮ ਕਰ ਰਹੀ ਹੈ।
ਇਸ ਸਮੇਂ ਇੱਕ ਸੁਝਾਅ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਮਹਾਰਾਸ਼ਟਰ ਨਵ ਨਿਰਮਾਨ ਸੇਨਾ (ਮਨਸੇ) ਦੇ ਨੇਤਾ ਰਾਜ ਠਾਕਰੇ ਨੂੰ ਗਠਜੋੜ ਦਾ ਹਿੱਸਾ ਬਣਾਇਆ ਜਾਵੇ। ਇਸ ਲ ਈ ਫਾਰਮੂਲਾ ਇਹ ਹੈ ਕਿ ਮਨਸੇ ਅਤੇ ਏਕਨਾਥ ਸ਼ਿੰਦੇ ਧੜੇ ਨੂੰ ਇੱਕ ਯੂਨਿਟ ਵਿੱਚ ਮਿਲਾ ਦਿੱਤਾ ਜਾਵੇ ਅਤੇ ਰਾਜ ਠਾਕਰੇ ਨੂੰ ਅਹਿਮ ਭੂਮਿਕਾ ਦਿੱਤੀ ਜਾਵੇ। ਸ਼ਿੰਦੇ ਅਤੇ ਰਾਜ ਠਾਕਰੇ ਗਣੇਸ਼ ਪੂਜਾ ਲਈ ਇੱਕ ਦੂਜੇ ਦੇ ਨਿਵਾਸ ਸਥਾਨਾਂ ’ਤੇ ਗਏ ਜੋ ਵਧ ਰਹੀ ਸਾਂਝ ਨੂੰ ਦਰਸਾਉਂਦਾ ਹੈ।
ਸ਼ਿੰਦੇ ਸਰਕਾਰ ਦੀ ਅਗਵਾਈ ਕਰਦੇ ਰਹਿਣਗੇ ਤੇ ਰਾਜ ਠਾਕਰੇ ਨੂੰ ਨਵੇਂ ਜੱਥੇਬੰਧਕ ਢਾਂਚੇ ਦਾ ਮੁਖੀ ਬਣਾਇਆ ਜਾ ਸਕਦਾ ਹੈ। ਰਾਜ ਠਾਕਰੇ ਭੀੜ ਖਿੱਚਣ ਵਾਲੇ ਨੇਤਾ ਅਤੇ ਇੱਕ ਵਧੀਆ ਬੁਲਾਰੇ ਹਨ । ਉਹ ਸ਼ਿਵ ਸੈਨਾ ਕੇਡਰ ਨੂੰ ਪ੍ਰੇਰਿਤ ਕਰ ਸਕਦੇ ਹਨ। ਰਾਜ ਠਾਕਰੇ ਦੇ ਸਪੁੱਤਰ ਨੂੰ ਐੱਮ.ਐੱਲ.ਸੀ ਅਤੇ ਮੰਤਰੀ ਵਜੋਂ ਲਿਅਾ ਜਾ ਸਕਦਾ ਹੈ ਜਦਕਿ ਸ਼ਿੰਦੇ ਦੇ ਸਪੁੱਤਰ ਨੂੰ ਬਾਅਦ ਵਿੱਚ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਤਜਵੀਜ਼ ਦੇ ਸਫਲ ਨਾ ਹੋਣ ਦੀ ਸੂਰਤ ਵਿੱਚ ਭਾਜਪਾ-ਸ਼ਿੰਦੇ-ਮਨਸੇ ਵਿਚਾਲੇ ਬੀ.ਐੱਮ.ਸੀ. ਚੋਣਾਂ ਇਕੱਠੇ ਲੜਨ ਦਾ ਸਮਝੌਤਾ ਹੋ ਸਕਦਾ ਹੈ। ਭਾਜਪਾ ਬੀ. ਐੱਮ. ਸੀ. ਚੋਣਾਂ ਦੇ ਨਿਕਲਣ ਵਾਲੇ ਕਿਸੇ ਵੀ ਮਾੜੇ ਸਿਆਸੀ ਨਤੀਜੇ ਤੋਂ ਜਾਣੂ ਹੈ। ਪਹਿਲੇ ਪ੍ਰਸਤਾਵ ਵਿੱਚ ਕਈ ਰੁਕਾਵਟਾਂ ਹਨ ਅਤੇ ਇਸ ਵਿੱਚ ਸੁਧਾਰ ਦੀ ਲੋੜ ਹੈ। ਪਤਾ ਲੱਗਾ ਹੈ ਕਿ ਏਕਨਾਥ ਸ਼ਿੰਦੇ ਵੱਖ-ਵੱਖ ਬਦਲਾਂ ’ਤੇ ਚਰਚਾ ਕਰਨ ਲਈ ਰਾਸ਼ਟਰੀ ਰਾਜਧਾਨੀ ਦਾ ਦੌਰਾ ਕਰ ਸਕਦੇ ਹਨ।