ਆਪਣੇ ਮਾਪਿਆਂ ਤੋਂ ਵਿਛੜੀ 3 ਸਾਲਾ ਬੱਚੀ ਨੂੰ ਪੁਲਸ ਨੇ 2 ਘੰਟਿਆਂ ਅੰਦਰ ਪਰਿਵਾਰ ਨੂੰ ਸੌਂਪਿਆ

Tuesday, Sep 01, 2020 - 02:01 PM (IST)

ਆਪਣੇ ਮਾਪਿਆਂ ਤੋਂ ਵਿਛੜੀ 3 ਸਾਲਾ ਬੱਚੀ ਨੂੰ ਪੁਲਸ ਨੇ 2 ਘੰਟਿਆਂ ਅੰਦਰ ਪਰਿਵਾਰ ਨੂੰ ਸੌਂਪਿਆ

ਠਾਣੇ- ਮਹਾਰਾਸ਼ਟਰ 'ਚ ਆਪਣੇ ਮਾਤਾ-ਪਿਤਾ ਤੋਂ ਵਿਛੜ ਗਈ 3 ਸਾਲ ਦੀ ਇਕ ਬੱਚੀ ਨੂੰ ਪੁਲਸ ਨੇ 2 ਘੰਟਿਆਂ ਅੰਦਰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ। ਸੀਨੀਅਰ ਪੁਲਸ ਇੰਸਪੈਕਟਰ ਮਮਤਾ ਡਿਸੂਜਾ ਨੇ ਦੱਸਿਆ ਕਿ ਬੱਚੀ ਨੂੰ ਐਤਵਾਰ ਨੂੰ 81 ਸਾਲਾ ਬਜ਼ੁਰਗ ਸ਼ਾਂਤੀ ਨਗਰ ਪੁਲਸ ਥਾਣੇ ਲੈ ਕੇ ਆਇਆ ਸੀ। ਉਨ੍ਹਾਂ ਨੂੰ ਠਾਣੇ ਦੇ ਭਿਵੰਡੀ ਕਸਬੇ 'ਚ ਗਾਇਤਰੀ ਨਗਰ ਮੁਹੱਲੇ 'ਚ ਸੜਕ 'ਤੇ ਬੱਚੀ ਇਕੱਲੀ ਬੈਠੀ ਹੋਈ ਮਿਲੀ ਸੀ। ਉਨ੍ਹਾਂ ਨੇ ਦੱਸਿਆ ਕਿ ਹਾਲਾਂਕਿ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਮਾਤਾ-ਪਿਤਾ ਤੋਂ ਬੱਚੀ ਕਿਵੇਂ ਵਿਛੜੀ।

ਉਨ੍ਹਾਂ ਨੇ ਦੱਸਿਆ ਕਿ ਜ਼ਿਆਦਾਤਰ ਪੁਲਸ ਮੁਲਾਜ਼ਮ ਉਸੇ ਸਮੇਂ ਮੋਹਰੱਮ ਨੂੰ ਲੈ ਕੇ ਸੁਰੱਖਿਆ ਡਿਊਟੀ 'ਚ ਰੁਝੇ ਸਨ ਅਤੇ ਬੱਚੀ ਆਪਣਾ ਨਾਂ ਵੀ ਦੱਸਣ 'ਚ ਅਸਮਰੱਥ ਸੀ। ਇਸ ਤੋਂ ਬਾਅਦ ਡਿਸੂਜਾ ਨੇ ਇਕ ਪੁਲਸ ਮੁਲਾਜ਼ਮ ਬੀਬੀ ਨੂੰ ਗਾਇਤਰੀ ਨਗਰ ਮੁਹੱਲੇ 'ਚ ਬੱਚੀ ਨਾਲ ਦੋਪਹੀਆ ਵਾਹਨ 'ਤੇ ਜਾਣ ਲਈ ਕਿਹਾ ਤਾਂ ਕਿ ਉਸ ਦੇ ਮਾਤਾ-ਪਿਤਾ ਦਾ ਪਤਾ ਲਗਾਇਆ ਜਾ ਸਕੇ। ਉੱਥੇ ਹੀ ਬੱਚੇ ਦੇ ਵਿਛੜਨ ਤੋਂ ਬਾਅਦ ਮਾਤਾ-ਪਿਤਾ ਵੀ ਉਸ ਦੀ ਭਾਲ 'ਚ ਜੁਟੇ ਸਨ। ਜਦੋਂ ਉਨ੍ਹਾਂ ਨੂੰ ਪੁਲਸ ਨਾਲ ਬੱਚੀ ਦੇ ਮੁਹੱਲੇ 'ਚ ਆਉਣ ਦੀ ਜਾਣਕਾਰੀ ਹੋਈ ਤਾਂ ਉਹ ਪੁਲਸ ਮੁਲਾਜ਼ਮ ਕੋਲ ਪਹੁੰਚੇ। ਉਨ੍ਹਾਂ ਨੇ ਪੁਲਸ ਮੁਲਾਜ਼ਮ ਦੇ ਸਾਹਮਣੇ ਬੱਚੀ ਨੂੰ ਉਨ੍ਹਾਂ ਨੂੰ ਸੌਂਪਣ ਨੂੰ ਲੈ ਕੇ ਦਾਅਵਾ ਕੀਤਾ। ਜਾਂਚ ਤੋਂ ਬਾਅਦ ਪੁਲਸ ਮੁਲਾਜ਼ਮ ਨੇ ਬੱਚੀ ਉਨ੍ਹਾਂ ਨੂੰ ਸੌਂਪ ਦਿੱਤੀ।


author

DIsha

Content Editor

Related News