ਸੜਕ ਹਾਦਸੇ ''ਚ ਆਪਣਾ ਜਵਾਨ ਪੁੱਤ ਗੁਆਉਣ ''ਤੇ ਔਰਤ ਨੂੰ ਮਿਲੇਗਾ 12.96 ਲੱਖ ਰੁਪਏ ਦਾ ਮੁਆਵਜ਼ਾ

Monday, Jan 16, 2023 - 01:32 PM (IST)

ਸੜਕ ਹਾਦਸੇ ''ਚ ਆਪਣਾ ਜਵਾਨ ਪੁੱਤ ਗੁਆਉਣ ''ਤੇ ਔਰਤ ਨੂੰ ਮਿਲੇਗਾ 12.96 ਲੱਖ ਰੁਪਏ ਦਾ ਮੁਆਵਜ਼ਾ

ਪਾਲਘਰ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿਚ ਮੋਟਰ ਦੁਰਘਟਨਾ ਦਾਅਵਾ ਟ੍ਰਿਬਿਊਨਲ (MACT) ਨੇ ਔਰਤ ਨੂੰ 12.96 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਦਰਅਸਲ ਸਾਲ 2019 ਵਿਚ ਇਕ ਸੜਕ ਹਾਦਸੇ ਵਿਚ ਔਰਤ ਦੇ 19 ਸਾਲਾ ਪੁੱਤ ਦੀ ਮੌਤ ਹੋ ਗਈ ਸੀ। MACT ਦੇ ਮੈਂਬਰ ਡਾ. ਸੁਧੀਰ ਐੱਮ. ਦੇਸ਼ਪਾਂਡੇ ਨੇ 12 ਜਨਵਰੀ ਨੂੰ ਪਾਸ ਕੀਤੇ ਹੁਕਮ ਵਿਚ ਹਾਦਸੇ 'ਚ ਸ਼ਾਮਲ ਟਰੱਕ ਦੇ ਮਾਲਕ ਅਤੇ ਉਸ ਦੇ ਬੀਮਾਕਰਤਾ ਨੂੰ ਦਾਅਵਾ ਦਾਖ਼ਲ ਕੀਤੇ ਜਾਣ ਦੀ ਤਾਰੀਖ਼ ਤੋਂ ਪਟੀਸ਼ਨਕਰਤਾ ਨੂੰ ਹਰ ਸਾਲ 7 ਫ਼ੀਸਦੀ ਵਿਆਜ ਦਰ ਨਾਲ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਹੁਕਮ ਦੀ ਕਾਪੀ ਸ਼ਨੀਵਾਰ ਨੂੰ ਉਪਲੱਬਧ ਕਰਵਾਈ ਗਈ ਸੀ।

45 ਸਾਲਾ ਔਰਤ ਦੇ ਵਕੀਲ ਰਮੇਸ਼ ਚਵਾਂਕੇ ਨੇ MACT ਨੂੰ ਦੱਸਿਆ ਕਿ ਉਸ ਦੇ ਮੁਵੱਕਿਲ ਦਾ ਪੁੱਤਰ ਇਕ ਗੈਰੇਜ ਵਿਚ ਕੰਮ ਕਰਦਾ ਸੀ ਅਤੇ 8,000 ਰੁਪਏ ਪ੍ਰਤੀ ਮਹੀਨਾ ਕਮਾਉਂਦਾ ਸੀ। ਪਟੀਸ਼ਨਰ ਦਾ ਪੁੱਤਰ 17 ਮਾਰਚ 2019 ਨੂੰ ਕਾਲਜ ਤੋਂ ਆਪਣੇ ਦੋਸਤਾਂ ਨਾਲ ਸਕੂਟਰ 'ਤੇ ਜਾ ਰਿਹਾ ਸੀ ਕਿ ਚੰਦਨਸਰ-ਵਿਰਾਰ ਰੋਡ 'ਤੇ ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਉਸ ਦੇ ਦੋ-ਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ। ਪੀੜ੍ਹਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਸਕੂਟਰ 'ਤੇ ਸਵਾਰ ਹੋਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਬੀਮਾ ਕੰਪਨੀ ਨੇ ਦਾਅਵੇ ਦਾ ਵਿਰੋਧ ਕੀਤਾ ਜਦਕਿ ਟਰੱਕ ਦਾ ਮਾਲਕ ਟ੍ਰਿਬਿਊਨਲ ਦੇ ਸਾਹਮਣੇ ਪੇਸ਼ ਨਹੀਂ ਹੋਇਆ।

MACT ਨੇ ਮ੍ਰਿਤਕ ਦੀ ਮਾਂ ਨੂੰ ਕੁੱਲ 12.96 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਟ੍ਰਿਬਿਊਨਲ ਨੇ ਹਾਦਸੇ ਵਿਚ ਜ਼ਖਮੀ ਹੋਏ ਦੋ ਹੋਰ ਵਿਅਕਤੀਆਂ ਨੂੰ ਦਾਅਵਾ ਦਾਖ਼ਲ ਕਰਨ ਦੀ ਤਾਰੀਖ਼ ਤੋਂ ਹਰ ਸਾਲ 7 ਫ਼ੀਸਦੀ ਦੀ ਦਰ ਨਾਲ 85,168 ਰੁਪਏ ਅਤੇ 93,686 ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦਾ ਹੁਕਮ ਦਿੱਤਾ ਹੈ।


author

Tanu

Content Editor

Related News