ਮਹਾਰਾਸ਼ਟਰ ਦੇ ਕੁਝ ਹਿੱਸਿਆਂ ’ਚ ਹਿੰਸਾ ਮਗਰੋਂ ਨਾਂਦੇੜ ’ਚ ਹਾਲਾਤ ਤਣਾਅਪੂਰਨ, 35 ਲੋਕ ਗਿ੍ਰਫ਼ਤਾਰ
Sunday, Nov 14, 2021 - 03:56 PM (IST)
ਔਰੰਗਾਬਾਦ (ਭਾਸ਼ਾ)— ਤ੍ਰਿਪੁਰਾ ’ਚ ਹਾਲ ਹੀ ’ਚ ਹੋਏ ਫਿਰਕੂ ਹਿੰਸਾ ਖ਼ਿਲਾਫ਼ ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਵਿਚ ਕੁਝ ਦਿਨ ਪਹਿਲਾਂ ਭੰਨ-ਤੋੜ ਅਤੇ ਪਥਰਾਅ ਦੀ ਘਟਨਾ ਮਗਰੋਂ ਪੁਲਸ ਨੇ ਹੁਣ ਤੱਕ 35 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫ਼ਿਲਹਾਲ ਨਾਂਦੇੜ ਵਿਚ ਹਾਲਾਤ ਸ਼ਾਂਤੀਪੂਰਨ ਬਣੇ ਹੋਏ ਹਨ। ਉੱਥੇ ਸ਼ੁੱਕਰਵਾਰ ਨੂੰ ਪੁਲਸ ਵਾਹਨ ’ਤੇ ਪਥਰਾਅ ਦੀ ਘਟਨਾ ਵਿਚ ਦੋ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਸਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਹਿੰਸਾ ਵਜ਼ੀਰਾਬਾਦ ਇਲਾਕੇ ਅਤੇ ਦੇਗਲੁਰ ਨਾਕਾ ਵਿਚ ਹੋਈ। ਪੁਲਸ ਅਧਿਕਾਰੀ ਨੇ 1 ਲੱਖ ਰੁਪਏ ਦੀ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦਾ ਅਨੁਮਾਨ ਲਾਇਆ ਹੈ।
ਪੁਲਸ ਅਫ਼ਸਰ ਪ੍ਰਮੋਦ ਕੁਮਾਰ ਸ਼ੇਵਾਲੇ ਨੇ ਦੱਸਿਆ ਕਿ ਘਟਨਾ ਨੂੰ ਲੈ ਕੇ ਨਾਂਦੇੜ ਵਿਚ 4 ਮਾਮਲੇ ਦਰਜ ਕੀਤੇ ਗਏ ਹਨ। ਨਾਂਦੇੜ ਪੁਲਸ ਨੇ ਹੁਣ ਤੱਕ ਇਸ ਘਟਨਾ ਵਿਚ ਸ਼ਾਮਲ 35 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਹਾਲਾਤ ਹੁਣ ਕੰਟਰੋਲ ਵਿਚ ਅਤੇ ਸ਼ਾਂਤੀਪੂਰਨ ਹਨ। ਓਧਰ ਤ੍ਰਿਪੁਰਾ ਵਿਚ ਫਿਰਕੂ ਹਿੰਸਾ ਦੇ ਵਿਰੋਧ ਵਿਚ ਕੁਝ ਮੁਸਲਿਮ ਸੰਗਠਨਾਂ ਵਲੋਂ ਕੱਢੀਆਂ ਗਈਆਂ ਰੈਲੀਆਂ ਦੌਰਾਨ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਅਮਰਾਵਤੀ, ਨਾਂਦੇੜ, ਮਾਲੇਗਾਂਵ, ਵਾਸ਼ਿਮ ਅਤੇ ਯਵਤਮਾਲ ਵਿਚ ਵੱਖ-ਵੱਖ ਥਾਵਾਂ ’ਤੇ ਪਥਰਾਅ ਹੋਇਆ ਸੀ। ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਵਲੋਂ ਕੱਢੀਆਂ ਗਈਆਂ ਰੈਲੀਆਂ ਦੇ ਵਿਰੋਧ ਵਿਚ ਭਾਜਪਾ ਵਲੋਂ ਆਯੋਜਿਤ ਬੰਦ ਦੌਰਾਨ ਭੀੜ ਵਲੋਂ ਦੁਕਾਨਾਂ ’ਤੇ ਪਥਰਾਅ ਕਰਨ ਤੋਂ ਬਾਅਦ ਸ਼ਨੀਵਾਰ ਨੂੰ ਅਮਰਾਵਤੀ ਸ਼ਹਿਰ ਵਿਚ ਕਰਫਿਊ ਲਾ ਦਿੱਤਾ ਗਿਆ ਸੀ।