ਨਿਰਮਾਣ ਅਧੀਨ ਧੱਸੀ ਸੁਰੰਗ ’ਚ ਦੱਬੇ 7 ਮਜ਼ਦੂਰ ਬਚਾਏ ਗਏ, ਦੋ ਹੋਰਨਾਂ ਨੂੰ ਬਚਾਉਣ ਲਈ ਮੁਹਿੰਮ ਜਾਰੀ

Sunday, Feb 13, 2022 - 01:22 PM (IST)

ਨਿਰਮਾਣ ਅਧੀਨ ਧੱਸੀ ਸੁਰੰਗ ’ਚ ਦੱਬੇ 7 ਮਜ਼ਦੂਰ ਬਚਾਏ ਗਏ, ਦੋ ਹੋਰਨਾਂ ਨੂੰ ਬਚਾਉਣ ਲਈ ਮੁਹਿੰਮ ਜਾਰੀ

ਕਟਨੀ (ਭਾਸ਼ਾ)— ਮੱਧ ਪ੍ਰਦੇਸ਼ ਦੇ ਕਟਨੀ ਜ਼ਿਲ੍ਹੇ ’ਚ ਸਲੀਮਨਾਬਾਦ ਦੇ ਨੇੜੇ ਇਕ ਨਿਰਮਾਣ ਅਧੀਨ ਸੁਰੰਗ ਦੇ ਅਚਾਨਕ ਧੱਸਣ ਕਾਰਨ ਉੱਥੇ ਕੰਮ ਕਰ ਰਹੇ 9 ਮਜ਼ਦੂਰ ਮਲਬੇ ਹੇਠਾਂ ਦੱਬੇ ਗਏ, ਜਿਨ੍ਹਾਂ ’ਚ 7 ਮਜ਼ਦੂਰਾਂ ਨੂੰ ਐਤਵਾਰ ਸਵੇਰ ਤੱਕ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਹੈ। ਦੋ ਮਜ਼ਦੂਰਾਂ ਨੂੰ ਬਚਾਉਣ ਲਈ ਕੋਸ਼ਿਸ਼ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਬਰਗੀ ਨਹਿਰੀ ਪ੍ਰਾਜੈਕਟ ਦੇ ਅਧੀਨ ਜ਼ਮੀਨਦੋਜ਼ ਨਹਿਰ ਦੇ ਨਿਰਮਾਣ ਦੌਰਾਨ ਸ਼ਨੀਵਾਰ ਦੇਰ ਰਾਤ ਨੂੰ ਵਾਪਰੀ। ਉਨ੍ਹਾਂ ਨੇ ਕਿਹਾ ਕਿ ਬਚਾਏ ਗਏ ਮਜ਼ਦੂਰਾਂ ’ਚੋਂ 6 ਨੂੰ ‘ਗਰੀਨ ਕਾਰੀਡੋਰ’ ਬਣਾ ਕੇ ਘਟਨਾ ਵਾਲੀ ਥਾਂ ਤੋਂ ਲੱਗਭਗ 30 ਕਿਲੋਮੀਟਰ ਦੂਰ ਸਥਿਤ ਕਟਨੀ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਮੱਧ ਪ੍ਰਦੇਸ਼ ਗ੍ਰਹਿ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਰਾਜੇਸ਼ ਰਾਜੋਰਾ ਨੇ ਦੱਸਿਆ ਕਿ 7 ਮਜ਼ੂਦਰਾਂ ਨੂੰ ਹੁਣ ਤਕ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਹ ਸਾਰੇ ਖ਼ਤਰੇ ਤੋਂ ਬਾਹਰ ਹਨ ਅਤੇ ਸਿਹਤ ਲਾਭ ਲੈ ਰਹੇ ਹਨ।

PunjabKesari

ਸਕੱਤਰ ਨੇ ਅੱਗੇ ਦੱਸਿਆ ਕਿ ਸੁਰੰਗ ਵਿਚ 2 ਮਜ਼ਦੂਰ ਗੋਰੇਲਾਲ ਕੋਲ ਅਤੇ ਰਵੀ (ਸੁਪਰਵਾਈਜ਼ਰ) ਅਜੇ ਵੀ ਫਸੇ ਹੋਏ ਹਨ ਅਤੇ ਦੋਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਆਫ਼ਤ ਮੋਚਨ ਬਲ (ਐੱਨ. ਡੀ. ਆਰ. ਐੱਫ.) ਅਤੇ ਸੂਬਾਈ ਆਫ਼ਤ ਮੋਚਨ ਬਲ (ਐੱਸ. ਡੀ. ਆਰ. ਐੱਫ.) ਸੁਰੰਗ ’ਚ ਫਸੇ ਹੋਏ ਇਨ੍ਹਾਂ 2 ਮਜ਼ਦੂਰਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਬਚਾਅ ਕੰਮ ਦੀ 24 ਘੰਟੇ ਨਿਗਰਾਨੀ ਕਰ ਰਹੇ ਹਨ।

ਜਿਊਂਦੇ ਹਨ ਮਜ਼ਦੂਰ—
ਸਲੀਮਨਾਬਾਦ ਦੇ ਸਬ-ਡਵੀਜ਼ਨਲ ਮੈਜਿਸਟ੍ਰੇਟ ਐੱਸ. ਐੱਮ. ਗੌਤਮ ਅਤੇ ਸਬ-ਡਵੀਜ਼ਨਲ ਅਧਿਕਾਰੀ ਪੁਲਸ ਮੋਨਿਕਾ ਤਿਵਾੜੀ ਨੇ ਦੱਸਿਆ ਕਿ ਫਸੇ ਹੋਏ ਮਜ਼ਦੂਰ ਵੀ ਜਿਊਂਦੇ ਹਨ ਅਤੇ ਉਨ੍ਹਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਵਧੀਕ ਐੱਸ. ਪੀ. ਮਨੋਜ ਕੇਡੀਆ ਨੇ ਘਟਨਾ ਵਾਲੀ ਥਾਂ ਤੋਂ ਦੱਸਿਆ ਕਿ ਰਾਤ ਤੋਂ ਹੁਣ ਤਕ ਬਚਾਏ ਗਏ 7 ਮਜ਼ਦੂਰਾਂ ’ਚੋਂ 6 ਨੂੰ ਜ਼ਿਲ੍ਹਾ ਹਸਪਤਾਲ ਕਟਨੀ ’ਚ ਦਾਖ਼ਲ ਕੀਤਾ ਗਿਆ ਹੈ। ਓਧਰ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਕਟਨੀ ਜ਼ਿਲ੍ਹਾ ਅਧਿਕਾਰੀ ਅਤੇ ਪੁਲਸ ਨਾਲ ਘਟਨਾ ਬਾਰੇ ਗੱਲ ਕੀਤੀ। ਚੌਹਾਨ ਨੇ ਅਧਿਕਾਰੀਆਂ ਨੂੰ ਜ਼ਖਮੀ ਮਜ਼ਦੂਰਾਂ ਦੇ ਇਲਾਜ ਦੀ ਉੱਚਿਤ ਵਿਵਸਥਾ ਕਰਨ ਦਾ ਨਿਰਦੇਸ਼ ਦਿੱਤੇ ਹਨ।


author

Tanu

Content Editor

Related News