ਚੋਣਾਂ ''ਚ ਜਿੱਤ ਮਗਰੋਂ ਮੈਕਰੋਂ ਨੋ ਲੋਕਾਂ ਦਾ ਕੀਤਾ ਧੰਨਵਾਦ, PM ਮੋਦੀ ਸਮੇਤ ਦੁਨੀਆ ਭਰ ਦੇ ਨੇਤਾਵਾਂ ਨੇ ਦਿੱਤੀ ਵਧਾਈ
Monday, Apr 25, 2022 - 06:19 PM (IST)
ਪੈਰਿਸ (ਭਾਸ਼ਾ): ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਐਤਵਾਰ ਨੂੰ ਰਾਸ਼ਟਰਪਤੀ ਦੀ ਚੋਣ ਮੁੜ ਜਿੱਤ ਲਈ ਹੈ। ਉਹਨਾਂ ਨੂੰ 57.24 ਫੀਸਦੀ ਵੋਟ ਮਿਲੇ ਹਨ ਜਦਕਿ ਵਿਰੋਧੀ ਨੇਤਾ ਮਰੀਨ ਲੇ ਪੇਨ ਨੂੰ 42.76 ਫੀਸਦੀ ਵੋਟ ਮਿਲੇ। ਦੂਜੀ ਵਾਰ ਫਰਾਂਸ ਦੇ ਮੁੜ ਰਾਸ਼ਟਰਪਤੀ ਚੁਣੇ ਜਾਣ 'ਤੇ ਦੇਸ਼ ਦੇ ਲੋਕਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ 'ਧੰਨਵਾਦ' ਕਿਹਾ ਅਤੇ ਉਨ੍ਹਾਂ ਨੂੰ ਪੰਜ ਸਾਲਾਂ ਲਈ ਸੱਤਾ ਸੌਂਪਣ ਵਾਲੇ ਲੋਕਾਂ ਦੀ ਪ੍ਰਸ਼ੰਸਾ ਕੀਤੀ।ਮੈਕਰੋਂ ਨੇ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਨਾ ਸਿਰਫ਼ ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਸਗੋਂ ਸੱਜੇ-ਪੱਖੀ ਵਿਰੋਧੀ ਮੇਰਿਨ ਲੇ ਪੇਨ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਵੋਟ ਦਿੱਤਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੁਨੀਆ ਭਰ ਦੇ ਨੇਤਾਵਾਂ ਨੂੰ ਉਹਨਾਂ ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਹੀ ਇਹ ਗੱਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇਮੈਨੁਅਲ ਮੈਕਰੋਂ ਨੂੰ ਫਰਾਂਸ ਦੇ ਰਾਸ਼ਟਰਪਤੀ ਦੇ ਤੌਰ 'ਤੇ ਮੁੜ ਚੁਣੇ ਜਾਣ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਭਾਰਤ ਅਤੇ ਫਰਾਂਸ ਵਿਚਾਲੇ ਰਣਨੀਤਕ ਸਾਂਝੇਦਾਰੀ ਨੂੰ ਹੋਰ ਡੂੰਘਾ ਕਰਨ ਲਈ ਉਨ੍ਹਾਂ ਨਾਲ ਕੰਮ ਕਰਨ ਲਈ ਉਤਸੁਕ ਹਨ। ਮੈਕਰੋਂ ਨੂੰ ਐਤਵਾਰ ਨੂੰ ਫਰਾਂਸ 'ਚ ਰਾਸ਼ਟਰਪਤੀ ਚੋਣ ਦਾ ਜੇਤੂ ਐਲਾਨ ਦਿੱਤਾ ਗਿਆ। ਮੈਕਰੋਂ (44) ਨੇ ਚੋਣ ਵਿਚ ਸੱਜੇ ਪੱਖੀ ਨੇਤਾ ਮਰੀਨ ਲੇ ਪੇਨ ਨੂੰ ਹਰਾਇਆ। ਮੋਦੀ ਨੇ ਟਵੀਟ ਕੀਤਾ,''ਮੇਰੇ ਦੋਸਤ ਇਮੈਨੁਅਲ ਮੈਕਰੋਂ ਨੂੰ ਫਰਾਂਸ ਦੇ ਰਾਸ਼ਟਰਪਤੀ ਵਜੋਂ ਦੁਬਾਰਾ ਚੁਣੇ ਜਾਣ 'ਤੇ ਵਧਾਈ। ਮੈਂ ਭਾਰਤ ਅਤੇ ਫਰਾਂਸ ਦਰਮਿਆਨ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਲਈ ਉਹਨਾਂ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ।''
ਅਮਰੀਕਾ ਨੇ ਦਿੱਤੀ ਵਧਾਈ
ਅਮਰੀਕਾ ਨੇ ਮੌਜੂਦਾ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੂੰ ਉਨ੍ਹਾਂ ਦੇ ਮੁੜ ਚੁਣੇ ਜਾਣ 'ਤੇ ਵਧਾਈ ਦਿੱਤੀ ਹੈ ਅਤੇ ਯੂਕ੍ਰੇਨ ਨੂੰ ਸਮਰਥਨ ਪ੍ਰਦਾਨ ਕਰਨ ਸਮੇਤ ਦੋਵਾਂ ਦੇਸ਼ਾਂ ਵਿਚਕਾਰ ਹੋਰ ਸਹਿਯੋਗ ਦੀ ਸੰਭਾਵਨਾ ਪ੍ਰਗਟਾਈ ਹੈ। ਵਿਦੇਸ਼ ਵਿਭਾਗ ਦੇ ਇਕ ਪ੍ਰਤੀਨਿਧੀ ਨੇ ਸੋਮਵਾਰ ਨੂੰ ਸਪੁਤਨਿਕ ਨੂੰ ਇਹ ਜਾਣਕਾਰੀ ਦਿੱਤੀ। ਪ੍ਰਤੀਨਿਧੀ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਮੈਕਰੋਂ ਨੂੰ ਉਨ੍ਹਾਂ ਦੇ ਮੁੜ ਚੁਣੇ ਜਾਣ 'ਤੇ ਵਧਾਈ ਦਿੰਦੇ ਹਾਂ। ਅਸੀਂ ਉਨ੍ਹਾਂ ਸਾਂਝੀਆਂ ਤਰਜੀਹਾਂ ਅਤੇ ਕਦਰਾਂ-ਕੀਮਤਾਂ 'ਤੇ ਨਜ਼ਦੀਕੀ ਸਹਿਯੋਗ ਨੂੰ ਜਾਰੀ ਰੱਖਣ ਦੀ ਉਮੀਦ ਰੱਖਦੇ ਹਾਂ ਜੋ ਸਾਡੇ ਲੰਬੇ ਅਤੇ ਸਥਾਈ ਗਠਜੋੜ ਨੂੰ ਇਕੱਠੇ ਰੱਖਦੇ ਹਨ, ਜਿਸ ਵਿੱਚ ਰੂਸੀ ਹਮਲੇ ਦੇ ਸਾਮ੍ਹਣੇ ਯੂਕ੍ਰੇਨ ਦੇ ਲੋਕਾਂ ਦਾ ਸਮਰਥਨ ਕਰਨ ਲਈ ਸਾਂਝੇ ਯਤਨ ਸ਼ਾਮਲ ਹਨ।' ਰਾਸ਼ਟਰਪਤੀ ਚੋਣ ਦਾ ਦੂਜਾ ਦੌਰ ਹੋਇਆ। ਫਰਾਂਸ ਦੇ ਗ੍ਰਹਿ ਮੰਤਰਾਲੇ ਮੁਤਾਬਕ ਮੈਕਰੋਂ ਨੂੰ 57.24 ਫੀਸਦੀ ਵੋਟਾਂ ਮਿਲੀਆਂ, ਜਦੋਂ ਕਿ ਸੱਜੇ ਪੱਖੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਅਤੇ ਨੈਸ਼ਨਲ ਰੈਲੀ ਪਾਰਟੀ ਦੀ ਆਗੂ ਮਰੀਨ ਲੇ ਪੇਨ ਨੂੰ 42.76 ਫੀਸਦੀ ਵੋਟਾਂ ਮਿਲੀਆਂ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਟਵੀਟ ਕਰ ਕੇ ਮੈਕਰੋਂ ਨੂੰ ਜਿੱਤ 'ਤੇ ਵਧਾਈ ਦਿੱਤੀ। ਆਪਣੇ ਟਵੀਟ ਵਿਚ ਮੌਰੀਸਨ ਨੇ ਕਿਹਾ ਕਿ ਇਮੈਨੁਅਲ ਮੈਕਰੋਂ ਨੂੰ ਰਾਸ਼ਟਰਪਤੀ ਦੇ ਤੌਰ 'ਤੇ ਦੁਬਾਰਾ ਚੁਣੇ ਜਾਣ 'ਤੇ ਵਧਾਈ। ਅਨਿਸ਼ਚਿਤ ਸਮਿਆਂ ਵਿੱਚ ਕਾਰਵਾਈ ਵਿੱਚ ਉਦਾਰ ਜਮਹੂਰੀਅਤ ਦਾ ਇੱਕ ਹੋਰ ਮਹਾਨ ਪ੍ਰਗਟਾਵਾ। ਅਸੀਂ ਤੁਹਾਡੀ ਅਤੇ ਫਰਾਂਸ ਦੀ ਹਰ ਸਫਲਤਾ ਦੀ ਕਾਮਨਾ ਕਰਦੇ ਹਾਂ, ਖਾਸ ਤੌਰ 'ਤੇ ਯੂਰਪ ਵਿੱਚ ਤੁਹਾਡੀ ਅਗਵਾਈ ਅਤੇ ਇੰਡੋ-ਪੈਸੀਫਿਕ ਵਿੱਚ ਆਸਟ੍ਰੇਲੀਆ ਦੇ ਇੱਕ ਮਹੱਤਵਪੂਰਨ ਭਾਈਵਾਲ ਵਜੋਂ।
ਯੂਰਪੀਅਨ ਕੌਂਸਲ ਦੇ ਪ੍ਰਧਾਨ ਨੇ ਦਿੱਤੀ ਵਧਾਈ
ਯੂਰਪੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਨੇ ਇਕ ਵਧਾਈ ਸੰਦੇਸ਼ ਵਿਚ ਕਿਹਾ ਕਿ ਅਸੀਂ ਪੰਜ ਹੋਰ ਸਾਲਾਂ ਲਈ ਫਰਾਂਸ 'ਤੇ ਭਰੋਸਾ ਕਰ ਸਕਦੇ ਹਾਂ।
ਜਰਮਨ ਚਾਂਸਲਰ ਨੇ ਦਿੱਤੀ ਵਧਾਈ
ਜਰਮਨ ਚਾਂਸਲਰ ਓਲਾਫ ਸਕੋਲਜ਼ ਨੇ ਟਵਿੱਟਰ 'ਤੇ ਮੈਕਰੋਂ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅਸੀਂ ਆਪਣਾ ਚੰਗਾ ਸਹਿਯੋਗ ਜਾਰੀ ਰੱਖਾਂਗੇ।
ਬੋਰਿਸ ਜਾਨਸਨ ਨੇ ਦਿੱਤੀ ਵਧਾਈ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਫਰਾਂਸ ਦੇ ਰਾਸ਼ਟਰਪਤੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਫਰਾਂਸ ਸਾਡੇ ਸਭ ਤੋਂ ਨਜ਼ਦੀਕੀ ਅਤੇ ਸਭ ਤੋਂ ਮਹੱਤਵਪੂਰਨ ਸਹਿਯੋਗੀਆਂ ਵਿੱਚੋਂ ਇੱਕ ਹੈ। ਉਹਨਾਂ ਨੇ ਅੱਗੇ ਕਿਹਾ ਕਿ ਫਰਾਂਸ ਦੇ ਰਾਸ਼ਟਰਪਤੀ ਦੇ ਤੌਰ 'ਤੇ ਤੁਹਾਨੂੰ ਦੁਬਾਰਾ ਚੁਣੇ ਜਾਣ 'ਤੇ ਵਧਾਈ। ਫਰਾਂਸ ਸਾਡੇ ਸਭ ਤੋਂ ਨਜ਼ਦੀਕੀ ਅਤੇ ਸਭ ਤੋਂ ਮਹੱਤਵਪੂਰਨ ਸਹਿਯੋਗੀਆਂ ਵਿੱਚੋਂ ਇੱਕ ਹੈ। ਮੈਂ ਉਨ੍ਹਾਂ ਮੁੱਦਿਆਂ 'ਤੇ ਮਿਲ ਕੇ ਕੰਮ ਕਰਨਾ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ ਜੋ ਸਾਡੇ ਦੇਸ਼ਾਂ ਅਤੇ ਦੁਨੀਆ ਦੋਵਾਂ ਲਈ ਬਹੁਤ ਮਹੱਤਵਪੂਰਨ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਹੀ ਇਹ ਗੱਲ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਅਸੀਂ ਕੈਨੇਡਾ ਅਤੇ ਫਰਾਂਸ ਦੇ ਲੋਕਾਂ ਲਈ ਸਭ ਤੋਂ ਮਹੱਤਵਪੂਰਨ ਮੁੱਦਿਆਂ 'ਤੇ ਆਪਣਾ ਕੰਮ ਜਾਰੀ ਰੱਖਣ ਦੀ ਉਮੀਦ ਰੱਖਦੇ ਹਾਂ, ਜਿਸ ਵਿੱਚ ਲੋਕਤੰਤਰ ਦੀ ਰੱਖਿਆ, ਜਲਵਾਯੂ ਤਬਦੀਲੀ ਨਾਲ ਲੜਨ, ਚੰਗੀਆਂ ਨੌਕਰੀਆਂ ਪੈਦਾ ਕਰਨ ਅਤੇ ਮੱਧ ਵਰਗ ਲਈ ਆਰਥਿਕ ਵਿਕਾਸ ਸ਼ਾਮਲ ਹਨ।
ਸਪੇਨ ਦੇ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ
ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਨਾਗਰਿਕਾਂ ਨੇ ਫਰਾਂਸ ਨੂੰ ਚੁਣਿਆ ਹੈ, ਜੋ ਇੱਕ ਆਜ਼ਾਦ, ਮਜ਼ਬੂਤ ਅਤੇ ਨਿਰਪੱਖ ਯੂਰਪੀਅਨ ਯੂਨੀਅਨ ਲਈ ਵਚਨਬੱਧ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪੁਤਿਨ ਅਤੇ ਸ਼ਾਹਬਾਜ਼ ਸ਼ਰੀਫ ਵਿਚਕਾਰ ਚੁੱਪਚਾਪ ਚਿੱਠੀਆਂ ਦਾ ਆਦਾਨ-ਪ੍ਰਦਾਨ, ਦੋਵਾਂ ਨੇ ਪ੍ਰਗਟਾਈ ਇਹ ਇੱਛਾ
ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਨੇ ਕਹੀ ਇਹ ਗੱਲ
ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਕਿਹਾ ਕਿ ਅਸੀਂ ਇੱਕ ਸਿਹਤਮੰਦ, ਸੁਰੱਖਿਅਤ ਅਤੇ ਨਿਰਪੱਖ ਸੰਸਾਰ ਲਈ ਫਰਾਂਸ ਅਤੇ ਡਬਲਯੂਐਚਓ ਵਿਚਕਾਰ ਮਹੱਤਵਪੂਰਨ ਸਾਂਝੇਦਾਰੀ ਨੂੰ ਜਾਰੀ ਰੱਖਣ ਦੀ ਉਮੀਦ ਕਰਦੇ ਹਾਂ।
ਜ਼ੇਲੇਂਸਕੀ ਨੇ ਮੈਕਰੋਂ ਦੀ ਜਿੱਤ ਦਾ ਕੀਤਾ ਸਵਾਗਤ
ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਫਰਾਂਸ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ 'ਤੇ ਮੈਕਰੋਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਮੈਕਰੋਂ ਦੇ ਦੂਜੇ ਰਾਸ਼ਟਰਪਤੀ ਕਾਰਜਕਾਲ ਦਾ ਸਵਾਗਤ ਕੀਤਾ।
ਉੱਧਰ ਮੈਕਰੋਂ ਨੇ ਜਨਤਾ ਨੂੰ ਕਿਹਾ ਕਿ ਮੈਂ ਹੁਣ ਕਿਸੇ ਇੱਕ ਡੇਰੇ ਦਾ ਉਮੀਦਵਾਰ ਨਹੀਂ ਹਾਂ, ਸਗੋਂ ਤੁਹਾਡੇ ਸਾਰਿਆਂ ਦਾ ਪ੍ਰਧਾਨ ਬਣ ਗਿਆ ਹਾਂ। ਚੋਣ ਏਜੰਸੀਆਂ ਮੁਤਾਬਕ ਮੈਕਰੋਂ ਨੇ ਐਤਵਾਰ ਨੂੰ ਹੋਈਆਂ ਚੋਣਾਂ ਵਿਚ ਆਸਾਨ ਜਿੱਤ ਦਰਜ ਕੀਤੀ ਹੈ।ਚੋਣ ਜਿੱਤਣ ਤੋਂ ਬਾਅਦ ਉਹ ਆਪਣੀ ਪਤਨੀ ਬ੍ਰਿਗੇਟ ਨੂੰ ਨਾਲ ਲੈ ਕੇ ਆਈਫਲ ਟਾਵਰ ਦੇ ਹੇਠਾਂ ਇਕ ਜਗ੍ਹਾ 'ਤੇ ਪਹੁੰਚੇ, ਜਿੱਥੇ ਉਨ੍ਹਾਂ ਦੇ ਸਮਰਥਕ ਮੌਜੂਦ ਸਨ। ਇਸ ਦੌਰਾਨ ਯੂਰਪੀਅਨ ਯੂਨੀਅਨ ਦਾ ਗੀਤ ਚਲਾਇਆ ਗਿਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।