ਪ੍ਰੇਮੀ ਨੇ ਪ੍ਰੇਮਿਕਾ ਸਮੇਤ ਤਿੰਨ ਲੋਕਾਂ ਨੂੰ ਮਾਰੀ ਗੋਲੀ, ਫ਼ਿਰ ਖ਼ੁਦ ਵੀ ਕਰ ਲਈ ਖ਼ੁਦਕੁਸ਼ੀ

Sunday, Jul 11, 2021 - 10:16 AM (IST)

ਪ੍ਰੇਮੀ ਨੇ ਪ੍ਰੇਮਿਕਾ ਸਮੇਤ ਤਿੰਨ ਲੋਕਾਂ ਨੂੰ ਮਾਰੀ ਗੋਲੀ, ਫ਼ਿਰ ਖ਼ੁਦ ਵੀ ਕਰ ਲਈ ਖ਼ੁਦਕੁਸ਼ੀ

ਬੈਤੂਲ- ਇਕ ਪਾਸੜ ਪ੍ਰੇਮ ਪ੍ਰਸੰਗ 'ਚ ਧੋਖਾ ਮਿਲਣ 'ਤੇ 22 ਸਾਲਾ ਨੌਜਵਾਨ ਨੇ ਇਕ ਕੁੜੀ ਸਮੇਤ ਤਿੰਨ ਲੋਕਾਂ ਦਾ ਸ਼ਨੀਵਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਬਾਅਦ 'ਚ ਖ਼ੁਦ ਨੂੰ ਵੀ ਗੋਲੀ ਮਾਰ ਲਈ। ਆਮਲਾ ਥਾਣੇ ਦੀ ਇੰਚਾਰਜ ਇੰਸਪੈਕਟਰ ਸੁਨੀਲ ਲਤਾ ਨੇ ਦੱਸਿਆ ਕਿ ਘਟਨਾ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 30 ਕਿਲੋਮੀਟਰ ਦੂਰ ਅਮਲਾ ਕਸਬੇ 'ਚ ਦੁਪਹਿਰ ਕਰੀਬ 2 ਵਜੇ ਹੋਈ। ਜਿੱਥੇ ਦੋਸ਼ੀ ਭਾਨੂੰ ਠਾਕੁਰ 2 ਪਿਸਤੌਲਾਂ ਲੈ ਕੇ 25 ਸਾਲਾ ਕੁੜੀ ਦੇ ਘਰ ਦਾਖ਼ਲ ਹੋਇਆ ਅਤੇ ਉੱਥੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਅਧਿਕਾਰੀ ਨੇ ਦੱਸਿਆ ਕਿ ਠਾਕੁਰ ਨੇ ਘਰ 'ਚ ਮੌਜੂਦ ਕੁੜੀ, ਉਸ ਦੇ 22 ਸਾਲਾ ਚਚੇਰੇ ਭਰਾ ਅਤੇ 18 ਸਾਲਾ ਗੁਆਂਢੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ 'ਚ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। 

ਪੁਲਸ ਅਨੁਸਾਰ, ਕੁੜੀ ਦੇ ਪਰਿਵਾਰ ਵਾਲਿਆਂ ਨੇ ਠਾਕੁਰ ਵਿਰੁੱਧ ਕੁੜੀ ਦਾ ਪਿੱਛਾ ਕਰਨ ਅਤੇ ਛੇੜਛਾੜ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਪੁਲਸ ਨੇ ਠਾਕੁਰ ਨੂੰ ਥਾਣੇ ਬੁਲਾਇਆ ਅਤੇ ਕੁੜੀ ਕੋਲ ਜਾਣ ਤੋਂ ਮਨ੍ਹਾ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਥਾਣੇ ਤੋਂ ਨਿਕਲਣ ਤੋਂ ਬਾਅਦ ਦੋਸ਼ੀ ਕੁੜੀ ਦੇ ਘਰ ਗਿਆ ਅਤੇ ਦਰਵਾਜ਼ਾ ਬੰਦ ਕਰ ਕੇ ਗੋਲੀਆਂ ਚਲਾ ਦਿੱਤੀਆਂ। ਦੋਸ਼ੀ ਨੇ ਇਕ ਵੀਡੀਓ ਵੀ ਲਿਆ ਅਤੇ ਉਸ ਨੂੰ ਫੇਸਬੁੱਕ 'ਤੇ ਅਪਲੋਡ ਕਰ ਕੇ ਉਸ 'ਚ ਪੁਲਸ ਨੂੰ ਟੈਗ ਕੀਤਾ। ਵੀਡੀਓ 'ਚਠਾਕੁਰ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹ ਇਸ ਜ਼ੁਰਮ ਲਈ ਖ਼ੁਦ ਨੂੰ ਜ਼ਿੰਮੇਵਾਰ ਮੰਨਦਾ ਹੈ ਅਤੇ ਆਪਣੇ ਪਰਿਵਾਰ ਤੋਂ ਮੁਆਫ਼ੀ ਮੰਗਦਾ ਹੈ। ਲਤਾ ਨੇ ਦੱਸਿਆ ਕਿ ਠਾਕੁਰ ਨੇ ਰਾਕੇਸ਼ ਹਾਰੋੜੇ (27) ਦਾ ਵੀ ਨਾਮ ਲਿਆ, ਜਿਸ ਨੇ ਉਸ ਨੂੰ ਪਿਸਤੌਲ ਉਪਲੱਬਧ ਕਰਵਾਈ ਸੀ। ਪੁਲਸ ਨੇ ਹਾਰੋੜੇ ਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News