ਦੁਨੀਆ ਛੱਡ ਚੁੱਕੀ ਮਾਂ ਨੂੰ 'ਮੋਢਾ' ਦੇਣ ਦੀ ਥਾਂ ਲੋੜਵੰਦਾਂ ਦਾ ਢਿੱਡ ਭਰਨ 'ਚ ਲੱਗਾ ਪੁੱਤਰ

04/06/2020 11:39:33 AM

ਨਵੀਂ ਦਿੱਲੀ — ਸ਼ਕੀਲ-ਉਰ-ਰਹਿਮਾਨ ਨੇ ਆਪਣੀ ਮਾਂ ਨੂੰ ਆਖਰੀ ਵਾਰ ਦਸੰਬਰ 'ਚ ਉਦੋਂ ਦੇਖਿਆ ਸੀ ਜਦੋਂ ਉਹ ਬਿਹਾਰ ਦੇ ਸਮਸਤੀਪੁਰ ਤੋਂ ਇਥੇ ਇਲਾਜ ਲਈ ਆਈ ਸੀ ਪਰ ਇਹ ਉਨ੍ਹਾਂ ਦੀ ਆਖਰੀ ਮੁਲਾਕਾਤ ਸਾਬਤ ਹੋਈ। ਉਨ੍ਹਾਂ ਦੀ ਮਾਂ ਦਾ ਹਾਲ ਹੀ 'ਚ ਦਿਹਾਂਤ ਹੋ ਗਿਆ ਅਤੇ ਉਹ ਮਾਂ ਨੂੰ ਆਖਰੀ ਵਾਰ ਵੀ ਦੇਖ ਨਹੀਂ ਸਕੇ। 40 ਸਾਲ ਦੇ ਕਾਰੋਬਾਰੀ ਨੇ ਐਤਵਾਰ ਨੂੰ ਦੱਸਿਆ ਕਿ ਮੈਂ ਸੋਚਿਆ ਸੀ ਕਿ ਲਾਕਡਾਊਨ ਖਤਮ ਹੋਣ ਤੋਂ ਬਾਅਦ ਮਾਂ ਨਾਲ ਮੁਲਾਕਾਤ ਕਰਾਂਗਾ ਪਰ ਹਰ ਚੀਜ਼ ਉਸ ਤਰ੍ਹਾਂ ਨਹੀਂ ਹੁੰਦੀ ਜਿਵੇਂ ਅਸੀਂ ਸੋਚਦੇ ਹਾਂ। 

ਰਾਸ਼ਟਰੀ ਰਾਜਧਾਨੀ 'ਚ ਟ੍ਰੈਵਲ ਏਜੰਸੀ ਚਲਾਉਣ ਵਾਲੇ ਰਹਿਮਾਨ ਦੀ ਮਾਂ ਦਾ ਸ਼ੁੱਕਰਵਾਰ ਸਵੇਰੇ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਨੂੰ ਬਿਹਾਰ ਜਾ ਕੇ ਆਪਣੀ ਮਾਂ ਨੂੰ ਆਖਰੀ ਬਾਰ ਦੇਖਣ ਲਈ ਕਿਹਾ ਪਰ ਰਹਿਮਾਨ ਦਾ ਕਹਿਣਾ ਸੀ ਮੇਰੀ ਜ਼ਰੂਰਤ ਦਿੱਲੀ 'ਚ ਹੈ। ਮੈਨੂੰ ਇਹ ਯਕੀਨੀ ਕਰਨ ਦੀ ਲੋੜ ਹੈ ਕਿ ਕਿਸੇ ਦੀ ਵੀ ਮਾਂ ਭੁੱਖ ਨਾਲ ਨਾ ਮਰੇ। ਰਹਿਮਾਨ ਦੇ ਦੋਸਤ ਮੁਸਲਿਮ ਮੁਹੰਮਦ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਜਾਣ ਪ੍ਰਸ਼ਾਸਨ ਨੂੰ ਬੇਨਤੀ ਕਰ ਸਕਦੇ ਸੀ ਪਰ ਰਹਿਮਾਨ ਨੇ ਇਸ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਉਹ ਮੁਸੀਬਤ 'ਚ ਫਸੇ ਲੋੜਵੰਦ ਲੋਕਾਂ ਦੀ ਮਦਦ ਕਰ ਸਕੇ ਤਾਂ ਇਹ ਹੀ ਉਨ੍ਹਾਂ ਦੀ ਮਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। 

ਰਹਿਮਾਨ ਨੇ ਦੱਸਿਆ ਕਿ ਮਾਂ ਦੀ ਸਿਹਤ ਕੁਝ ਸਮੇਂ ਤੋਂ ਠੀਕ ਨਹੀਂ ਸੀ। ਹਾਂ ਮੈਂ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਸੀ, ਉਨ੍ਹਾਂ ਨੂੰ ਆਖਰੀ ਵਾਰ ਦੇਖਣਾ ਚਾਹੁੰਦਾ ਸੀ ਪਰ ਸਾਰੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਹਨ। ਉਨ੍ਹਾਂ ਦੀ ਮਾਂ ਨੌਸ਼ਿਬਾ ਖਾਤੂਨ ਨੂੰ ਸਪੁਰਦ-ਏ-ਖਾਕ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕਰ ਦਿੱਤਾ। ਰਹਿਮਾਨ ਹੁਣ ਵੀ ਪੂਰੀ ਦਿੱਲੀ ਵਿਚ ਲੋੜਵੰਦਾਂ, ਬੇਘਰਾਂ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਖਾਣੇ ਦੇ ਪੈਕੇਟ ਵੰਡ ਰਹੇ ਹਨ। ਮੁਹੰਮਦ ਰਹਿਮਾਨ ਨੇ ਇਹ ਵੀ ਦੱਸਿਆ ਕਿ ਪਰਿਵਾਰ ਦੇ ਇਕ ਮੈਂਬਰ ਨੇ ਸ਼ੁੱਕਰਵਾਰ ਸਵੇਰੇ 7 ਵਜੇ ਦੇ ਕਰੀਬ ਫੋਨ ਕਰ ਕੇ ਦੱਸਿਆ ਸੀ ਕਿ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਗਿਆ। ਇਸ ਦੇ ਕੁਝ ਘੰਟੇ ਬਾਅਦ ਹੀ ਉਹ ਬੇਘਰ ਲੋਕਾਂ ਨੂੰ ਖਾਣਾ ਪਹੁੰਚਾਉਣ ਨਿਕਲ ਗਏ। ਰਹਿਮਾਨ ਅਤੇ ਉਨ੍ਹਾਂ ਦੇ ਦੋਸਤ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿਚ ਕਰੀਬ 800 ਲੋਕਾਂ ਦੀ ਮਦਦ ਕਰ ਚੁੱਕੇ ਹਨ।


Tanu

Content Editor

Related News