ਦਿੱਲੀ ਦੀ ਸੜਕ ''ਤੇ ਚਾਹ ਵੇਚਦਾ ਇਕ ਸਾਹਿੱਤਕਾਰ- ਲਛਮਣ ਰਾਉ

01/23/2019 2:03:08 PM

ਨਵੀਂ ਦਿੱਲੀ (ਸੁਰਿੰਦਰ ਪਾਲ ਸੈਣੀ)-ਦਿੱਲੀ ਦੇ ਸਭ ਤੋਂ ਭੀੜ ਵਾਲੇ ਚੌਂਕ ਤੋਂ ਜੇ ਬਾਲ ਭਵਨ ਵਾਲੇ ਪਾਸੇ ਜਾਣਾ ਹੋਵੇ ਤਾਂ ਵਿਚਾਲੇ ਇਕ ਇਲਾਕਾ ਆਉਂਦਾ ਹੈ ਰਾਊਜ਼ ਐਵੇਨਿਊ। ਇਸ ਇਲਾਕੇ 'ਚ ਸੜਕ ਦੇ ਦੋਹੀਂ ਪਾਸੇ ਕਈ ਸਾਹਿਤਕ ਸੰਸਥਾਵਾਂ ਦੇ ਭਵਨ ਹਨ ਅਤੇ ਮੈਨੇਜ਼ਮੈਟ ਨਾਲ ਸੰਬੰਧਤ ਕਈ ਸੰਸਥਾਵਾਂ ਦੀਆਂ ਮਹੱਤਵਪੂਰਨ ਇਮਾਰਤਾਂ ਹੋਣ ਕਰਕੇ ਪੜ੍ਹੇ-ਲਿਖੇ ਸੰਜੀਦਾ ਕਿਸਮਾਂ ਦੇ ਲੋਕਾਂ ਦੀ ਸਾਰਾ ਦਿਨ ਇੱਥੇ ਭਰਮਾਰ ਰਹਿੰਦੀ ਹੈ। ਇੱਥੇ ਹੀ 'ਪੰਜਾਬੀ ਭਵਨ' ਜੋ ਦਿੱਲੀ ਦੀ ਮਸ਼ਹੂਰ ਪੰਜਾਬੀ ਸਾਹਿਤ ਸਭਾ ਦੀ ਇਮਾਰਤ ਹੈ ਅਤੇ ਹਿੰਦੀ ਭਵਨ ਦੀ ਇਮਾਰਤ ਦੇ ਬਾਹਰਵਾਲੀ ਸੜਕ ਦੇ ਕੰਢੇ ਇਕ ਅਧੇੜ ਉਮਰ ਦਾ ਬੰਦਾ ਨਿਤ ਚਾਹ ਵੇਚਦਾ ਮਿਲ ਜਾਵੇਗਾ, ਜਿਸ ਨੇ ਆਪਣੇ ਚਾਹ ਵਾਲੇ ਸੀਮਤ ਭਾਂਡਿਆਂ ਤੋਂ ਇਲਾਵਾ ਨਾਲ ਵਿਛਾਏ ਤਪੜ 'ਤੇ ਹਿੰਦੀ ਭਾਸ਼ਾ ਦੇ ਕਈ ਨਾਵਲ ਅਤੇ ਹੋਰ ਪ੍ਰਕਾਸਨਾਵਾਂ ਰੱਖੀਆਂ ਹੋਈਆਂ ਸਨ। ਕਿਤਾਬਾਂ ਦੀਆਂ ਜਿਲਦਾਂ 'ਤੇ ਨਜ਼ਰ ਮਾਰਦਿਆਂ ਕਿਸੇ ਨੂੰ ਵੀ ਹੈਰਾਨੀ ਹੋ ਜਾਂਦੀ ਹੈ, ਜਦੋਂ ਪਤਾ ਲੱਗਦਾ ਹੈ ਕਿ ਇਹ ਸਾਰੀਆਂ ਰਚਨਾਵਾਂ ਇਸ ਆਮ ਚਾਹ ਵੇਚਣ ਵਾਲੇ ਲਛਮਣ ਰਾਉ ਦੀਆਂ ਹਨ।

ਲਛਮਣ ਰਾਓ ਦਾ ਬਚਪਨ-
ਜਦੋਂ ਲਛਮਣ ਰਾਓ ਨਾਲ ਗੱਲ ਬਾਤ ਕੀਤੀ ਗਈ ਤਾਂ ਉਸ ਦੇ ਜੀਵਨ 'ਚ ਜੰਮੇ ਸਾਹਿਤਕਾਰ ਬਣਨ ਦੀ ਸਾਰੀ ਕਹਾਣੀ ਅੱਗੇ ਤੁਰਦੀ ਗਈ। 1952 'ਚ ਮਹਾਂਰਾਸ਼ਟਰ ਦੇ ਇੱਕ ਛੋਟੇ ਜਿਹੇ  ਪਿੰਡ ਤਾੜੇਗਾਂਵ ਦਸ਼ਾਸਰ 'ਚ ਜਨਮ ਅਤੇ ਉੱਥੇ ਹੀ ਮੁੱਢਲੀ ਪੜ੍ਹਾਈ ਕੀਤੀ। ਮਰਾਠੀ ਭਾਸ਼ਾ ਹੋਣ ਦੇ ਬਾਵਜੂਦ ਉਸ ਨੂੰ ਹਿੰਦੀ ਭਾਸ਼ਾ ਪ੍ਰਤੀ ਵਿਸ਼ੇਸ਼ ਲਗਾਵ ਸੀ, ਜਿਸ ਦੇ ਸਦਕਾ ਉਸ ਦੀ ਰੁਚੀ ਹਿੰਦੀ ਸਾਹਿਤ ਵੱਲ ਨੂੰ ਵਧੇਰੇ ਹੁੰਦੀ ਗਈ। ਪਿੰਡ ਦੇ ਇਕ ਨੌਜਵਾਨ ਰਾਮਦਾਸ ਦੀ ਨਹਿਰ 'ਚ ਡੁੱਬ ਕੇ ਹੋਈ ਮੌਤ ਨੇ ਲਛਮਣ ਰਾਉ ਦੇ ਮਨ 'ਤੇ ਡੂੰਘਾ ਅਸਰ ਦਿਖਾਇਆ 'ਤੇ ਉਸ ਨੇ ਰਾਮਦਾਸ 'ਤੇ ਇਕ ਨਾਵਲ ਲਿਖ ਦਿੱਤਾ। ਲਛਮਣ ਰਾਉ ਅਨੁਸਾਰ ਆਪਣੇ ਪਿੰਡ ਤੋਂ ਮਿਲੀਆਂ ਉਸ ਨੂੰ ਹਿੰਦੀ ਦੀਆਂ ਮਿਆਰੀ ਪੁਸਤਕਾਂ 'ਤੇ ਉਸ ਨੇ ਹਿੰਦੀ ਸਾਹਿਤ ਦਾ ਡੂੰਘਾ ਅਧਿਐਨ ਕਰਕੇ ਸ਼ਬਦਕੋਸ਼ 'ਤੇ ਮਹਾਰਥ ਹਾਸਲ ਕਰ ਲਈ।

PunjabKesari

ਰਾਉ ਦਾ ਦਿੱਲੀ ਆਉਣਾ-
1973 'ਚ ਮੁੰਬਈ ਤੋਂ ਪਤਰਾਚਾਰ ਰਾਹੀ ਦਸਵੀਂ ਦੀ ਪ੍ਰੀਖਿਆ ਪਾਸ ਕਰਕੇ ਉਹ ਮਹਾਰਾਸ਼ਟਰ ਦੇ ਅਮਰਾਵਤੀ 'ਚ ਇਕ ਸੂਤ ਮਿੱਲ 'ਚ ਮਜ਼ਦੂਰੀ ਕਰਨ ਲੱਗਾ ਪਰ 1975 'ਚ ਮਿੱਲ ਬੰਦ ਹੋਣ ਕਾਰਨ ਭੋਪਾਲ ਜਾ ਕੇ ਬੇਲਦਾਰੀ ਕਰਨ ਲੱਗਾ। ਗੁਜ਼ਾਰਾ ਮੁਸ਼ਕਿਲ ਹੋਣ ਕਰਕੇ 1975 'ਚ ਹੀ ਲਛਮਣ ਰਾਉ ਦਿੱਲੀ ਆ ਗਿਆ ਅਤੇ ਢਾਂਬਿਆਂ 'ਤੇ ਭਾਡੇ ਮਾਂਜਣ ਦਾ ਕੰਮ ਕਰਕੇ ਗੁਜ਼ਰਾ ਕਰਨ ਲੱਗਾ। ਕੁਝ ਪੈਸਾ ਜੋੜਨ ਤੋਂ ਬਾਅਦ ਉਸ ਨੇ ਦਿੱਲੀ ਦੇ ਭੀੜ ਭਰੇ ਇਲਾਕੇ 'ਚ ਆਈ. ਟੀ. ਓ. ਤੇ ਪਾਨ ਬੀੜੀ ਸਿਗਰੇਟ ਦੀ ਵਿਕਰੀ ਸ਼ੁਰੂ ਕੀਤੀ। ਲਛਮਣ ਰਾਉ ਅਨੁਸਾਰ ਭਾਵੇਂ ਉਸ ਦੇ ਅੰਦਰ ਦਾ ਲੇਖਕ ਮਨ ਉਸ ਨੂੰ ਇਹ ਚੀਜ਼ਾਂ ਵੇਚਣ ਲਈ ਹਾਮੀ ਨਹੀਂ ਭਰਦਾ ਸੀ ਪਰ ਉਸ ਦੀ ਸਾਹਿਤਿਕ ਬਣਨ ਦੀ ਤਮੰਨਾ ਉਸ 'ਤੇ ਹਾਵੀ ਸੀ। ਇਸ ਚਾਅ ਨੂੰ ਪੂਰਾ ਕਰਨ ਲਈ ਉਸ ਨੇ ਦਿੱਲੀ 'ਚ ਪ੍ਰਕਾਸ਼ਕਾਂ ਦੇ ਗੜ੍ਹ ਮੰਨੇ ਜਾਂਦੇ ਦਰਿਆ ਗੰਜ ਇਲਾਕੇ ਦੇ ਐਤਵਾਰ ਲਗਣ ਵਾਲੇ ਪੁਸਤਕ ਬਾਜ਼ਾਰ 'ਚ ਜਾ ਕੇ ਕਿਤਾਬਾਂ ਦੀ ਭਾਲ ਅਤੇ ਅਧਿਐਨ ਦਾ ਕੰਮ ਹੋਰ ਸ਼ਿੱਦਤ ਨਾਲ ਕਰਨਾ ਸ਼ੁਰੂ ਕਰ ਦਿੱਤਾ। ਇੱਥੋ ਉਸ ਨੂੰ ਸੈਕਸਪੀਅਰ, ਯੂਨਾਨੀ ਨਾਟਕਕਾਰ , ਸੋਫੋਕਲੀਜ਼ ਦੀਆਂ ਮਹਾਨ ਰਚਨਾਵਾਂ ਦਾ ਪਤਾ ਲੱਗਾ। ਇਸੇ ਤਰ੍ਹਾਂ ਉਹ ਮੁਨਸ਼ੀ ਪ੍ਰੇਮਚਦ, ਸਰਦ ਚੰਦ ਚਟੋਪਾਧਿਆਏ ਦੀਆਂ ਲਿਖਤਾਂ ਦਾ ਅਧਿਐਨ ਕਰਨ ਲੱਗਾ। ਪਸਿੱਧ ਨਾਵਲਕਾਰ ਗੁਲਸ਼ਨ ਨੰਦਾ ਨੂੰ ਰਾਉ ਆਪਣੇ ਪ੍ਰੇਮ ਸ੍ਰੋਤ ਮੰਨਦਾ ਹੈ।

ਸੁਰਖੀਆਂ 'ਚ ਆਉਣਾ ਅਤੇ ਰਾਸ਼ਟਰਪਤੀ ਪ੍ਰਤਿਭਾ ਨਾਲ ਮੁਲਾਕਾਤ-
1979 'ਚ ਪ੍ਰਕਾਸ਼ਤ ਹੋਏ 'ਨਈ ਦੁਨੀਆਂ ਕੀ ਕਹਾਨੀ' ਤੋਂ ਬਾਅਦ ਲਛਮਣ ਰਾਉ ਸੁਰਖੀਆਂ 'ਚ ਆਉਣ ਲੱਗੇ। ਰੇਡੀਓ, ਅਖਬਾਰਾਂ ਰਾਹੀਂ ਲਛਮਣ ਰਾਉ ਦੀ ਪਛਾਣ ਇਕ ਲੇਖਕ ਰੂਪ 'ਚ ਹੋਣ ਲੱਗੀ। ਤੱਤਕਾਲੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨਾਲ ਰਾਸ਼ਟਰਪਤੀ ਭਵਨ ਵਿਖੇ ਲਛਮਣ ਰਾਉ ਦੀ ਮੁਲਾਕਾਤ ਕਰ ਚੁੱਕਾ ਹੈ ਅਤੇ ਆਪਣੇ ਮਸ਼ਹੂਰ ਨਾਵਲ 'ਰੇਣੂ' ਵੀ ਭੇਂਟ ਕਰ ਚੁੱਕਾ ਹੈ। ਭਾਰਤ ਦੀ ਮਹਰੂਮ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੇ 1969 ਤੋਂ 1972 ਦੇ ਕਾਰਜਕਾਲ 'ਤੇ ਉਹ ਨਾਟਕ 'ਪ੍ਰਧਾਨ ਮੰਤਰੀ' ਵੀ ਲਿਖ ਚੁੱਕਾ ਹੈ, ਜਿਸ ਦਾ ਸੁਝਾਅ ਰਾਉ ਨੂੰ ਇਕ ਮੁਲਾਕਾਤ ਦੇ ਦੌਰਾਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਹੀ ਦਿੱਤਾ ਸੀ। 

PunjabKesari

ਰਾਉ ਦੀਆਂ ਰਚਨਾਵਾਂ ਦਾ ਪ੍ਰਕਾਸ਼ਨ-
64 ਸਾਲ ਦੀ ਉਮਰ 'ਚ ਬੀ. ਏ. ਕਰਨ ਵਾਲਾ ਰਾਉ ਇਕ ਗੱਲ ਬੜੀ ਮਾਯੂਸ ਹੋ ਕੇ ਕਹਿੰਦਾ ਹੈ ਕਿ ਭਾਰਤ 'ਚ ਇਕ ਆਮ ਲੇਖਕ ਨੂੰ ਆਪਣੀਆਂ ਰਚਨਾਵਾਂ ਪ੍ਰਕਾਸ਼ਕ ਕੋਲੋ ਛਪਾਉਣ ਲਈ ਬਹੁਤ ਜਦੋਂ ਜਹਿਦ ਕਰਨੀ ਪੈਂਦੀ ਹੈ, ਜਿਸ ਕਰਕੇ ਉਸ ਨੇ ਆਪਣੀਆਂ ਪੁਸਤਕਾਂ ਛਾਪਣਾ ਲਈ ਆਪਣਾ ਪ੍ਰਕਾਸ਼ਨ ਬਣਾ ਕੇ, ਪੁਸਤਕਾਂ ਛਾਪਣ ਦਾ ਫੈਸਲਾ ਕੀਤਾ ਹੈ। ਸ਼ਾਇਦ ਲਛਮਣ ਰਾਉ ਭਾਰਤ ਦਾ ਐਸਾ ਪਹਿਲਾਂ ਲੇਖਕ ਹੋਵੇਗਾ, ਜੋ ਆਪ ਹੀ ਸਾਹਿਤ ਦੀ ਰਚਨਾ ਕਰਦਾ ਹੈ, ਆਪ ਹੀ ਉਨ੍ਹਾਂ ਨੂੰ ਸੀਮਿਤ ਸਾਧਨਾਂ ਰਾਹੀਂ ਪ੍ਰਕਾਸ਼ਤ ਕਰਦਾ ਹੈ ਅਤੇ ਆਪ ਹੀ ਸਾਈਕਲ ਚੁੱਕ ਕੇ ਦਿੱਲੀ ਦੇ ਵੱਖ-ਵੱਖ ਕੋਨਿਆਂ 'ਚ ਵੇਚਣ ਜਾਂਦਾ ਹੈ।

ਰਾਉ ਦੀਆਂ ਰਚਨਾਵਾਂ-
ਪੰਜਾਬੀ ਭਵਨ ਦੇ ਬਾਹਰ ਰਾਉ ਕੋਲ ਚਾਹ ਪੀਣ ਦਿੱਲੀ ਦੇ ਲੇਖਕ, ਅਫਸਰ ਸਾਹਿਤ ਦੇ ਵਿਦਿਆਰਥੀ ਲਗਭਗ ਹਰ ਸਮੇਂ ਬੈਠੇ ਦੇਖੇ ਜਾ ਸਕਦੇ ਹਨ। ਚਾਹ ਦੀਆਂ ਚੁਸਕੀਆਂ ਦੇ ਨਾਲ ਨਾਲ ਉਹ ਤਪੜ 'ਤੇ ਪਏ ਨਾਵਲਾਂ ਪੰਨੇ ਪਲਟਦੇ ਹੋਏ ਇਕ ਆਮ ਚਾਹ ਵਾਲੇ 'ਚ ਇਕ ਮਹਾਨ ਸਾਹਿਤਕਾਰ ਉਪਜਦਾ ਜਰੂਰ ਦੇਖਦੇ ਹੋਣਗੇ। ਰਾਉ ਦੀਆਂ ਲਗਭਗ 25 ਰਚਨਾਵਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਦਿੱਲੀ ਦੇ ਨਾਮੀ ਗਿਰਾਮੀ (ਡੀ. ਪੀ. ਐੱਸ) ਦਿੱਲੀ ਪਬਲਿਕ ਸਕੂਲਾਂ ਆਦਿ 'ਚ ਰਾਉ ਨੂੰ ਭਾਸ਼ਣ ਲਈ ਬੁਲਾਇਆ ਜਾਂਦਾ ਹੈ। 1991 ਤੋਂ ਹੁਣ ਤੱਕ ਇਸ ਸੜਕ ਕਿਨਾਰੇ ਚਾਹ ਵੇਚਦੇ ਇਸ ਲੇਖਕ ਦੇ ਨਾਵਲਾਂ 'ਚ ਨਾਇਕ ਦੇ ਵੀ ਜੀਵਨ 'ਚ ਸੰਘਰਸ਼ ਕਰ ਰਿਹਾ ਹੈ। ਪਤਾ ਨਹੀਂ ਸਮਾਜ 'ਚ ਐਸੇ ਕਿੰਨੇ ਲਛਮਣ ਰਾਉ ਹੋਰ ਹੋਣਗੇ, ਜਿਨ੍ਹਾਂ ਦੀਆਂ ਰਚਨਾਵਾਂ ਦੀ ਕਦਰ ਵੀ ਮੁਨਸ਼ੀ ਪ੍ਰੇਮ ਚੰਦ ਵਾਂਗ ਉਨ੍ਹਾਂ ਦੇ ਜਾਣ ਤੋਂ ਬਾਅਦ ਹੀ ਹੋਵੇਗੀ।


Iqbalkaur

Content Editor

Related News